‘ਵਿਕਸਤ ਭਾਰਤ’ ਦੇ ਟੀਚੇ ਦੀ ਪ੍ਰਾਪਤੀ ਲਈ ‘ਵਿਕਸਤ ਮਹਾਰਾਸ਼ਟਰ’ ਜ਼ਰੂਰੀ: ਜੈਸ਼ੰਕਰ
ਮੁੰਬਈ, 27 ਅਕਤੂਬਰ
ਮਹਾਰਾਸ਼ਟਰ ਅਸੈਂਬਲੀ ਚੋਣਾਂ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਸੂਬੇ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਸ ਦੀ ਸੋਚ ਕੇਂਦਰ ਸਰਕਾਰ ਨਾਲ ਮੇਲ ਖਾਂਧੀ ਹੋਵੇ। ਮੁੰਬਈ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤਿਵਾਦ ਖਿਲਾਫ਼ ਲੜਾਈ ਦੀ ਅੱਗੇ ਹੋ ਕੇ ਅਗਵਾਈ ਕਰ ਰਿਹਾ ਹੈ ਤੇ ਇਸ ਬਾਰੇ ਸਿਫ਼ਰ ਸਹਿਣਸ਼ੀਲਤਾ ਰੱਖਦਾ ਹੈ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਸਨਅਤੀ ਤਕਨਾਲੋਜੀ ਤੇ ਬੁਨਿਆਦੀ ਢਾਂਚੇ ਵਿਚ ਮੋਹਰੀ ਸੂਬਾ ਹੈ। ਵਿਕਸਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਲਈ ਵਿਕਸਤ ਮਹਾਰਾਸ਼ਟਰ ਅਹਿਮ ਹੈ।’’ ਮੰਤਰੀ ਨੇ ਕਿਹਾ ਕਿ ਐੱਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਅਰਥਚਾਰੇ ਤੇ ਰੁਜ਼ਗਾਰ ਵੱਲ ਵੱਡਾ ਧਿਆਨ ਦਿੱਤਾ ਗਿਆ ਹੈ। ਜੈਸ਼ੰਕਰ ਨੇ ਕਿਹਾ ਕਿ 26/11 ਮੁੰਬਈ ਦਹਿਸ਼ਤੀ ਹਮਲੇ ਮਗਰੋਂ ਉਦੋਂ ਭਾਰਤ ਵਾਲੇ ਪਾਸਿਓਂ ਕੋਈ ਜਵਾਬ ਨਹੀਂ ਦਿੱਤਾ ਗਿਆ, ਪਰ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇ ਅੱਜ ਅਜਿਹੀ ਕੋਈ ਘਟਨਾ ਮੁੜ ਹੁੰਦੀ ਹੈ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। -ਪੀਟੀਆਈ