‘ਵਿਕਸਿਤ ਭਾਰਤ’ ਦੀ ਵੀ ਹੋਵੇ ਵਿਦੇਸ਼ ਨੀਤੀ
ਨਵੀਂ ਦਿੱਲੀ, 15 ਦਸੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬਦਲਦੇ ਭੂਗੋਲਿਕ ਦ੍ਰਿਸ਼ ਦੌਰਾਨ ਵਿਦੇਸ਼ ਨੀਤੀ ’ਚ ਤਬਦੀਲੀ ਦੀ ਲੋੜ ਨੂੰ ਉਭਾਰਦਿਆਂ ਅੱਜ ਆਖਿਆ ਕਿ ‘‘ਵਿਕਸਿਤ ਭਾਰਤ ਲਈ ਵੀ ਇੱਕ ਵਿਦੇਸ਼ ਨੀਤੀ’’ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਇੱਥੇ ‘ਇੰਡੀਆ’ਜ਼ ਵਰਲਡ’ ਮੈਗਜ਼ੀਨ ਦੀ ਘੁੰਡ ਚੁਕਾਈ ਮੌਕੇ ਸੰਬੋਧਨ ਕਰਦਿਆਂ ਆਖੀ। ਜੈਸ਼ੰਕਰ ਨੇ ਕਿਹਾ, ‘‘ਜਦੋਂ ਅਸੀਂ ਵਿਦੇਸ਼ ਨੀਤੀ ਬਦਲਣ ਦੀ ਗੱਲ ਕਰਦੇ ਹਾਂ ਅਤੇ ਜੇਕਰ ਨਹਿਰੂ ਤੋਂ ਬਾਅਦ ਦੀ ਗੱਲ ਹੁੰਦੀ ਹੈ ਤਾਂ ਇਸ ਨੂੰ ਸਿਆਸੀ ਹਮਲੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।’’ ਵਿਦੇਸ਼ ਨੀਤੀ ਮਾਹਿਰ ਸੀ. ਰਾਜਾ ਮੋਹਨ ਮੈਗਜ਼ੀਨ ਦੇ ਸੰਪਾਦਕੀ ਬੋਰਡ ਦੇ ਮੁਖੀ ਹਨ।
ਜੈਸ਼ੰਕਰ ਨੇ ਕਿਹਾ ਕਿ ‘ਨਹਿਰੂ ਵਿਕਾਸ ਮਾਡਲ’ ਨੇ ‘ਨਹਿਰੂ ਵਿਦੇਸ਼ ਨੀਤੀ’ ਨੂੰ ਜਨਮ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਮੇਰਾ ਮਤਲਬ ਸਪੱਸ਼ਟ ਸੀ। ਅਜਿਹਾ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਹੋ ਰਿਹਾ ਸੀ। 1940, 1950, 1960 ਅਤੇ 1970 ਦੇ ਦਹਾਕੇ ਦੌਰਾਨ ਕੌਮਾਂਤਰੀ ਦ੍ਰਿਸ਼ ਦੋ-ਧਰੁਵੀ ਸੀ। ਫਿਰ ਇੱਕ ਧਰੁਵੀ ਦ੍ਰਿਸ਼ ਸੀ। ਅਤੇ, ਇਹ ਦੋਵੇਂ ਦ੍ਰਿਸ਼ ਵੀ ਬਦਲ ਗਏ ਹਨ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਦੋ ਦਹਾਕਿਆਂ ਵਿੱਚ ‘’ਬਹੁਤ ਤੇਜ਼ੀ ਨਾਲ ਵਿਸ਼ਵੀਕਰਨ’ ਹੋਇਆ ਹੈ, ਦੇਸ਼ਾਂ ਦਰਮਿਆਨ ਮਜ਼ਬੂਤ ਅੰਤਰ-ਨਿਰਭਰਤਾ ਦੀ ਸਥਿਤੀ ਬਣੀ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘ਇਕ ਤਰ੍ਹਾਂ ਨਾਲ ਰਿਸ਼ਤੇ, ਇੱਕ-ਦੂਜੇ ਪ੍ਰਤੀ ਦੇਸ਼ਾਂ ਦਾ ਰਵੱਈਆ ਬਦਲ ਗਿਆ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਸਿਤ ਭਾਰਤ ਨੂੰ ਲੈ ਕੇ ਇੱਕ ਨਜ਼ਰੀਏ ਲਈ ਇੱਕ ਵਿਦੇਸ਼ ਨੀਤੀ ਦੀ ਜ਼ਰੂਰਤ ਹੈ। -ਪੀਟੀਆਈ