ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਸਤੰਬਰ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਗੁਰਦਿੱਤ ਸਿੰਘ ਦੀ ਅੱਜ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ’ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਗੁਰਦਿੱਤ ਸਿੰਘ ਨੂੰ ਦੋ ਹਫ਼ਤੇ ਪਹਿਲਾਂ ਜੇਲ੍ਹ ’ਚ ਲਿਆਂਦਾ ਗਿਆ ਸੀ ਤਾਂ ਉਹ ਪਹਿਲਾਂ ਹੀ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਇਸ ਦੌਰਾਨ ਉਹ ਜੇਲ੍ਹ ਹਸਪਤਾਲ ਵਿੱਚ ਦਾਖ਼ਲ ਰਿਹਾ। ਮ੍ਰਿਤਕ ਦੀ ਰਿਸ਼ਤੇਦਾਰ ਰੁਪਿੰਦਰ ਕੌਰ ਨੇ ਦੱਸਿਆ ਕਿ ਗੁਰਦਿੱਤ ਇੱਕ ਕੇਸ ਵਿੱਚ ਜੇਲ੍ਹ ’ਚ ਬੰਦ ਸੀ। ਸੜਕ ਹਾਦਸੇ ਤੋਂ ਬਾਅਦ ਡੇਢ ਸਾਲ ਤੱਕ ਉਹ ਮੰਜੇ ’ਤੇ ਪਿਆ ਰਿਹਾ, ਕਿਉਂਕਿ ਉਹ ਤੁਰਨ ਤੋਂ ਅਸਮਰੱਥ ਸੀ। ਇਸ ਕਾਰਨ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕਿਆ ਅਤੇ ਉਸ ਨੇ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ।
ਪਹਿਲਾਂ ਹੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਗੁਰਦਿੱਤ: ਸੁਪਰਡੈਂਟ
ਸੁਪਰਡੈਂਟ ਜੇਲ੍ਹ ਨੇ ਦੱਸਿਆ ਕਿ ਗੁਰਦਿੱਤ ਨੂੰ 13 ਸਤੰਬਰ ਨੂੰ ਜੇਲ੍ਹ ਲਿਆਂਦਾ ਗਿਆ ਸੀ। ਉਸ ਦੀਆਂ ਦੋਵੇਂ ਲੱਤਾਂ ਸੁੱਜੀਆਂ ਹੋਈਆਂ ਸਨ ਕਿਉਂਕਿ ਉਸ ਦੀ ਕੋਈ ਸਰਜਰੀ ਗਲਤ ਹੋ ਗਈ ਸੀ। ਉਹ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਉਹ ਜੇਲ੍ਹ ਹਸਪਤਾਲ ਵਿੱਚ ਦਾਖਲ ਰਿਹਾ ਅਤੇ ਇੱਕ ਦੋ ਵਾਰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ (ਜੀਐੱਨਡੀਐਚ) ਵੀ ਭੇਜਿਆ ਗਿਆ ਸੀ। ਅੱਜ ਸਵੇਰੇ ਉਸ ਦੀ ਸਿਹਤ ਵਿਗੜਨ ’ਤੇ ਤੁਰੰਤ ਜੀਐੱਨਡੀਐੱਚ ਹਸਪਤਾਲ ਰੈਫਰ ਕਰ ਦਿੱਤਾ ਤੇ ਉਥੇ ਉਸ ਦੀ ਮੌਤ ਹੋ ਗਈ।