ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਪਨਗਰ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਤ ’ਚ ਮੌਤ, 3 ਹੋਰ ਜ਼ਖ਼ਮੀ

08:39 AM Jul 25, 2024 IST
ਸਿਵਲ ਹਸਪਤਾਲ ਦੇ ਬਾਹਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਡੀਐੱਸਪੀ ਹਰਪਿੰਦਰ ਕੌਰ ਗਿੱਲ।

ਜਗਮੋਹਨ ਸਿੰਘ
ਰੂਪਨਗਰ, 24 ਜੁਲਾਈ
ਰੂਪਨਗਰ ਜੇਲ੍ਹ ਵਿੱਚ ਲੰਘੀ ਰਾਤ ਐੱਨਡੀਪੀਐੱਸ ਕੇਸ ਵਿੱਚ ਬੰਦ ਕਬੱਡੀ ਖਿਡਾਰੀ ਰਹੇ ਹਵਾਲਾਤੀ ਚਰਨਪ੍ਰੀਤ ਸਿੰਘ ਚੰਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਜੇਲ੍ਹ ਪ੍ਰਸ਼ਾਸਨ ਨੇ ਹਵਾਲਾਤੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਖ਼ਾਨੇ ’ਚ ਰਖਵਾ ਦਿੱਤੀ ਹੈ ਜਦਕਿ ਤਿੰਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤੋਂ ਇਲਾਜ ਕਰਵਾਉਣ ਮਗਰੋਂ ਵਾਪਸ ਜੇਲ੍ਹ ਲਿਜਾਇਆ ਗਿਆ। ਜੇਲ੍ਹ ਵਿੱਚ ਘਟਨਾ ਵਾਪਰਨ ਮਗਰੋਂ ਆਈਜੀ (ਜੇਲ੍ਹਾਂ) ਰੂਪ ਕੁਮਾਰ ਅਰੋੜਾ, ਡੀਆਈਜੀ ਰੂਪਨਗਰ ਨਿਲੰਬਰੀ ਜਗਦਲੇ, ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ, ਡੀਸੀ ਡਾ. ਪ੍ਰੀਤੀ ਯਾਦਵ, ਐੱਸਡੀਐੱਮ ਨਵਦੀਪ ਕੁਮਾਰ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ।
ਜ਼ਿਲ੍ਹਾ ਜੇਲ੍ਹ ਵਿੱਚ ਹੋਈ ਮੌਤ ਮਗਰੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਵੱਲੋਂ ਜੱਜ ਜਸਪ੍ਰੀਤ ਸਿੰਘ ਨੂੰ ਜੁਡੀਸ਼ੀਅਲ ਮੈਜਿਸਟਰੇਟ ਤਾਇਨਾਤ ਕਰਕੇ ਅਦਾਲਤੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਅਤੇ ਭਤੀਜੇ ਅਵਿਨਾਸ਼ ਸਿੰਘ ਨੇ ਦੋਸ਼ ਲਗਾਇਆ ਕਿ ਚਰਨਪ੍ਰੀਤ ਸਿੰਘ ਦੀ ਮੌਤ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਕਾਰਨ ਹੋਈ ਹੈ। ਅਵਿਨਾਸ਼ ਸਿੰਘ ਨੇ ਦੱਸਿਆ ਕਿ ਉਹ ਵੀ ਕਿਸੇ ਕੇਸ ਅਧੀਨ ਰੂਪਨਗਰ ਜੇਲ੍ਹ ‌ਵਿੱਚ ਬੰਦ ਸੀ ਤੇ ਬੀਤੀ ਸ਼ਾਮ ਜ਼ਮਾਨਤ ’ਤੇ ਰਿਹਾਅ ਹੋਣ ਬਾਅਦ ਜਦੋਂ ਉਹ ਜੇਲ੍ਹ ਤੋਂ ਬਾਹਰ ਨਿਕਲਣ ਲਈ ਜੇਲ੍ਹ ਦੀ ਡਿਉਢੀ ਵਿੱਚ ਪਹੁੰਚਿਆ ਤਾਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਸ਼ੀਸ਼ ਕੁਮਾਰ ਤੇ ਕੁਝ ਪੁਲੀਸ ਮੁਲਾਜ਼ਮ ਤਿੰਨ ਨੌਜਵਾਨਾਂ ਗੋਲਾ ਬੇਗਮਪੁਰਾ, ਭੂਰਾ ਭੋਗੀਪੁਰ ਤੇ ਕਮਲ ਸ਼ਾਮਪੁਰਾ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਉਨ੍ਹਾਂ ਤੋਂ ਜੇਲ੍ਹ ਵਿੱਚ ਬਰਾਮਦ ਹੋਏ ਕਿਸੇ ਮੋਬਾਈਲ ਫੋਨ ਸਬੰਧੀ ਪੁੱਛ ਰਹੇ ਸਨ, ਜਿਸ ਦੌਰਾਨ ਉਨ੍ਹਾਂ ਵਿੱਚੋਂ ਕਿਸੇ ਨੇ ਉਸ ਦੇ ਚਾਚੇ ਚਰਨਪ੍ਰੀਤ ਸਿੰਘ ਦਾ ਨਾਮ ਲੈ ਦਿੱਤਾ ਤੇ ਜੇਲ੍ਹ ਸਟਾਫ ਨੇ ਉਸ ਦੇ ਚਾਚੇ ਚਰਨਪ੍ਰੀਤ ਸਿੰਘ ਨੂੰ ਬੈਰਕ ਵਿੱਚੋਂ ਬਾਹਰ ਲਿਆ ਕੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਚਾਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜੇਲ੍ਹ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਇਸ ਮਗਰੋਂ ਪਰਿਵਾਰਕ ਮੈਂਬਰਾਂ ਤੇ ‌ਮ੍ਰਿਤਕ ਦੇ ਦੋਸਤਾਂ ਨੇ ਲਾਸ਼ ਦਾ ਰੂਪਨਗਰ ’ਚ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦਿਆਂ ਪੀਜੀਆਈ ਚੰਡੀਗੜ੍ਹ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ। ਡੀਐੱਸਪੀ ਹਰਪਿੰਦਰ ਕੌਰ ਗਿੱਲ ਨੇ ਕਿਹਾ ਕਿ ਇਹ ਸਿਰਫ ਅਦਾਲਤੀ ਆਦੇਸ਼ਾਂ ਮਗਰੋਂ ਹੀ ਸੰਭਵ ਹੋ ਸਕਦਾ ਹੈ। ਖ਼ਬਰ ਲਿਖੇ ਜਾਣ ਤੱਕ ਪਰਿਵਾਰ ਵੱਲੋਂ ਚੰਡੀਗੜ੍ਹ ਹਾਈ ਕੋਰਟ ਰਾਹੀਂ ਲਾਸ਼ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਸਬੰਧੀ ਡਿਪਟੀ ਜੇਲ੍ਹ ਸੁਪਰਡੰਟ ਅਸ਼ੀਸ਼ ਕੁਮਾਰ ਨਾਲ ਸੰਪਰਕ ਨਹੀਂ ਹੋ ਸਕਿਆ। ਆਈਜੀ (ਜੇਲ੍ਹਾਂ) ਆਰਕੇ ਅਰੋੜਾ ਨੇ ਕਿਹਾ ਕਿ ਹਵਾਲਾਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਪਰ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੇ ਆਧਾਰ ’ਤੇ ਘਟਨਾ ਦੀ ਅਦਾਲਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਦੌਰਾਨ ਜੇ ਕੋਈ ਕਸੂਰਵਾਰ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੈਦੀਆਂ ਦੀ ਭੁੱਖ ਹੜਤਾਲ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਖਾਣਾ ਪਰੋਸਿਆ ਗਿਆ ਸੀ, ਪਰ ਉਨ੍ਹਾਂ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ।

Advertisement

Advertisement
Advertisement