ਐਂਟਰੀ ਲੈਵਲ ਕਲਾਸਾਂ ਲਈ ਈਡਬਲਿਊਐੱਸ ਦਾਖ਼ਲਿਆਂ ਦਾ ਵੇਰਵਾ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਨਵੰਬਰ
ਯੂਟੀ ਦੇ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2024-25 ਸੈਸ਼ਨ ਦੀਆਂ ਐਂਟਰੀ ਲੈਵਲ ਜਮਾਤਾਂ ਲਈ ਈਡਬਲਿਊਐੱਸ ਵਰਗ ਲਈ ਦਾਖ਼ਲਿਆਂ ਦਾ ਵੇਰਵਾ ਜਾਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਆਮ ਵਰਗ ਦੇ ਵਿਦਿਆਰਥੀਆਂ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਕੀਤੀ ਗਈ ਸੀ। ਈਡਬਲਿਊਐੱਸ ਵਰਗ ਲਈ ਸਕੂਲਾਂ ਨੂੰ 14 ਦਸੰਬਰ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਬਾਅਦ ਸਕੂਲ 16 ਦਸੰਬਰ 2024 ਤੋਂ 13 ਜਨਵਰੀ 2025 ਤਕ ਉਸ ਵਿਦਿਆਰਥੀ ਦਾ ਨਾਂ ਪੋਰਟਲ ’ਤੇ ਅਪਲੋਡ ਕਰਨਗੇ। ਇਸ ਤੋਂ ਬਾਅਦ ਸਕੂਲ ਡਰਾਅ ਤੋਂ ਬਾਅਦ ਪਹਿਲੀ ਯੋਗ ਵਿਦਿਆਰਥੀਆਂ ਦੀ ਲਿਸਟ 28 ਜਨਵਰੀ ਨੂੰ ਅਪਲੋਡ ਕਰਨਗੇ। ਪਹਿਲੀ ਲਿਸਟ ਅਨੁਸਾਰ ਸਕੂਲ ’ਚ ਦਾਖ਼ਲਾ ਪੱਕਾ ਹੋਣ ਦੀ ਜਾਣਕਾਰੀ 10 ਫਰਵਰੀ ਨੂੰ ਦਿੱਤੀ ਜਾਵੇਗੀ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਮਾਪਿਆਂ ਨੂੰ ਕਿਹਾ ਕਿ ਡੇਢ ਲੱਖ ਤੋਂ ਘੱਟ ਦੀ ਆਮਦਨ ਵਾਲੇ ਇਸ ਵਰਗ ਲਈ ਆਪਣੇ ਬੱਚੇ ਦਾ ਦਾਖ਼ਲਾ ਲੈ ਸਕਦੇ ਹਨ ਪਰ ਉਨ੍ਹਾਂ ਨੂੰ ਤਨਖ਼ਾਹ ਸਬੰਧੀ ਸਰਟੀਫਿਕੇਟ ਡੀਸੀ ਦਫ਼ਤਰ ਤੋਂ ਤਸਦੀਕ ਕਰਵਾ ਕੇ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਅਗਲੇ ਸੈਸ਼ਨ ਵਿਚ ਦਾਖ਼ਲੇ ਨਵੀਂ ਸਿੱਖਿਆ ਨੀਤੀ ਅਨੁਸਾਰ ਕੀਤੇ ਜਾਣਗੇ। ਇਸ ਤੋਂ ਇਲਾਵਾ ਈਡਬਲਿਊਐੱਸ ਵਰਗ ਤੋਂ ਇਲਾਵਾ ਆਮ ਵਰਗ ਦੇ ਬੱਚਿਆਂ ਲਈ ਦਾਖਲੇ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਵੈੱਬਸਾਈਟ ’ਤੇ ਦਾਖਲਿਆਂ ਸਬੰਧੀ ਜਾਣਕਾਰੀ 6 ਦਸੰਬਰ ਤੋਂ ਪਹਿਲਾਂ ਨਸ਼ਰ ਕਰਨਗੇ। ਦਾਖਲਾ ਫਾਰਮ 7 ਤੋਂ 20 ਦਸੰਬਰ ਤਕ ਮਿਲਣਗੇ। ਯੋਗ ਵਿਦਿਆਰਥੀਆਂ ਦੀ ਦਾਖਲਾ ਲਿਸਟ 3 ਫਰਵਰੀ ਤੋਂ ਪਹਿਲਾਂ ਪ੍ਰਦਰਸ਼ਿਤ ਹੋਵੇਗੀ ਜਦਕਿ ਯੋਗ ਵਿਦਿਆਰਥੀਆਂ ਲਈ ਫੀਸਾਂ 13 ਫਰਵਰੀ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।