ਪਾਕਿਸਤਾਨ ’ਚ ਲੋਕਤੰਤਰ ਦਾ ਘਾਣ
ਪਾਕਿਸਤਾਨ ਦੇ ਲੋਕ ਕੁਝ ਮਹੀਨਿਆਂ ਤੋਂ ਦੇਸ਼ ’ਚ ਚੱਲ ਰਹੀਆਂ ਚੋਣ ਤਿਆਰੀਆਂ ਨੂੰ ਗਹੁ ਨਾਲ ਵਾਚ ਰਹੇ ਸਨ ਅਤੇ ਮੰਨ ਕੇ ਚੱਲ ਰਹੇ ਸਨ ਕਿ ਨਿਰਪੱਖ, ਆਜ਼ਾਦ ਤੇ ਲੋਕਤੰਤਰੀ ਚੋਣ ਪ੍ਰਕਿਰਿਆ ਲਈ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ। ਉਂਝ, ਛੇਤੀ ਹੀ ਸਪੱਸ਼ਟ ਹੋ ਗਿਆ ਕਿ ਜੋ ਉਹ ਦੇਖ ਰਹੇ ਸਨ, ਉਹ ਨਿਰਪੱਖ, ਲੋਕਤੰਤਰੀ ਚੋਣਾਂ ਦੀ ਤਿਆਰੀ ਨਹੀਂ ਸੀ ਸਗੋਂ ਲੜੀਵਾਰ ਡਰਾਮੇ ਲਈ ਮੰਚ ਤਿਆਰ ਕੀਤਾ ਜਾ ਰਿਹਾ ਸੀ ਜਿਸ ਮੁਤੱਲਕ ਹਦਾਇਤਾਂ ਉਨ੍ਹਾਂ ਦੇ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਦੇ ਰਹੇ ਸਨ। ਫ਼ੌਜ ਦਾ ਮੁਖੀ ਬਣਨ ਤੋਂ ਪਹਿਲਾਂ ਜਨਰਲ ਮੁਨੀਰ ਦੇ ਕਰੀਅਰ ਵਿਚ ਕਈ ਵੱਡੇ ਉਤਰਾਅ ਚੜ੍ਹਾਅ ਆਏ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੋ ਜਨਰਲ ਮੁਨੀਰ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ ਸਨ, ਨੇ ਮੁਨੀਰ ਨੂੰ ਆਈਐੱਸਆਈ ਦਾ ਮੁਖੀ ਲਾਉਣ ਬਾਰੇ ਤਤਕਾਲੀ ਸੈਨਾ ਮੁਖੀ ਜਨਰਲ ਬਾਜਵਾ ਦੀਆਂ ਸਿਫ਼ਾਰਿਸ਼ਾਂ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਬਲਕਿ ਉਨ੍ਹਾਂ ਇਸ ਅਹੁਦੇ ਉੱਤੇ ਆਪਣਾ ਪਸੰਦੀਦਾ ਫ਼ੌਜੀ ਅਫਸਰ ਚੁਣਿਆ। ਜਨਰਲ ਬਾਜਵਾ ਨੇ ਉਸ ਤੋਂ ਬਾਅਦ ਪਾਕਿਸਤਾਨੀ ਸੈਨਾ ਅੰਦਰਲਾ ਆਪਣਾ ਰਸੂਖ਼ ਵਰਤ ਕੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦੇ ਤੋਂ ਫ਼ਾਰਗ ਕਰਨਾ ਯਕੀਨੀ ਬਣਾਇਆ ਤਾਂ ਕਿ ਚੁਣੀ ਹੋਈ ਸਰਕਾਰ ਡੇਗੀ ਜਾ ਸਕੇ। ਪਾਕਿਸਤਾਨ ਵਿਚ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਕਿ ਜੋ ਇਹ ਮੰਨਦੇ ਹੋਣ ਕਿ ਇਮਰਾਨ ਖਾਨ ਨੂੰ ਅਹੁਦੇ ਤੋਂ ਲਾਂਭੇ ਕਰਨਾ ਅਮਰੀਕੀ ਸਾਜਿ਼ਸ਼ ਦਾ ਹਿੱਸਾ ਸੀ। ਜਨਰਲ ਬਾਜਵਾ ਅਮਰੀਕਾ ਦੇ ਮਿੱਤਰ ਵਜੋਂ ਜਾਣੇ ਜਾਂਦੇ ਹਨ ਜੋ ਯੂਕਰੇਨ ਵਿਚ ਜ਼ੈਲੇਂਸਕੀ ਸਰਕਾਰ ਨੂੰ ਅੰਦਾਜ਼ਨ 90 ਕਰੋੜ ਡਾਲਰ ਦੇ ਹਥਿਆਰ ਤੇ ਅਸਲਾ ਸਪਲਾਈ ਕਰਨ ਲਈ ਸਹਿਮਤ ਹੋ ਗਏ ਸਨ। ਮੰਨਿਆ ਜਾਂਦਾ ਹੈ ਕਿ ਆਪਣੇ ਪੂਰਬਲੇ ਜਰਨੈਲਾਂ ਤੋਂ ਉਲਟ ਜਨਰਲ ਬਾਜਵਾ ਭਾਰਤ ਦੇ ਹਵਾਲਿਆਂ ਦੇ ਪੱਖ ਤੋਂ ਪ੍ਰੌੜ, ਸ਼ਾਂਤ ਤੇ ਦਰੁਸਤ ਸਨ। ਜ਼ਾਹਿਰਾ ਤੌਰ ’ਤੇ ਜਨਰਲ ਬਾਜਵਾ ਨੂੰ ਇਹ ਅਹਿਸਾਸ ਸੀ ਕਿ ਭਾਰਤ ਨਾਲ ਤਣਾਅ ਵਧਾਉਣ ਦਾ ਕੋਈ ਲਾਭ ਨਹੀਂ ਹੋਵੇਗਾ। ਉਂਝ, ਇਹ ਗੱਲ ਉਨ੍ਹਾਂ ਦੇ ਉਤਰਾਧਿਕਾਰੀ ਜਨਰਲ ਆਸਿਮ ਮੁਨੀਰ ਬਾਰੇ ਨਹੀਂ ਆਖੀ ਜਾ ਸਕਦੀ।
ਇਸ ਕਰ ਕੇ ਹਾਲੀਆ ਚੋਣਾਂ ਦੀ ਬਦਇੰਤਜ਼ਾਮੀ ਅਤੇ ਗਿਣ ਮਿੱਥ ਕੇ ਕੀਤੀ ਧਾਂਦਲੀ ਕਰ ਕੇ ਪਾਕਿਸਤਾਨ ਘੜਮੱਸ ਵਿਚ ਫ਼ਸ ਗਿਆ ਹੈ। ਜਮਹੂਰੀ ਅਮਲ ਵਿਚ ਸਮੁੱਚੇ ਤੌਰ ’ਤੇ ਵਿਘਨ ਪਾਉਣ ਦਾ ਕਾਰਜ ਜਨਰਲ ਮੁਨੀਰ ਅਤੇ ਫ਼ੌਜ ਦੀ ਅਗਵਾਈ ਹੇਠ ਸਿਰੇ ਚੜ੍ਹਾਇਆ ਗਿਆ ਹੈ। ਲੋਕਰਾਜ ਦੀ ਕਦਰ ਘਟਾਉਣ ਦੇ ਇਸ ਅਮਲ ਨੂੰ ਠੱਲ੍ਹ ਪਾਉਣ ਲਈ ਇਕਜੁੱਟ ਹੋਣ ਦੀ ਥਾਂ ਨਿਆਂਪਾਲਿਕਾ ਅਤੇ ਸਿਵਲ ਸੇਵਾਵਾਂ ਨੇ ਪੈਰ ਮਲ਼ਣੇ ਸ਼ੁਰੂ ਕਰ ਦਿੱਤੇ। ਅਸਲ ਵਿਚ ਉਹ ਪਾਕਿਸਤਾਨ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਰੌਂਦਣ ਦੇ ਇਸ ਅਮਲ ਵਿਚ ਸ਼ਰੀਕ ਹੋ ਗਈਆਂ। ਚੁਣਾਵੀ ਪ੍ਰਕਿਰਿਆ ਵਿਚ ਧਾਂਦਲੀ ਦੀ ਇਹ ਖੇਡ ਭਾਵੇਂ ਜਨਰਲ ਮੁਨੀਰ ਦੀ ਅਗਵਾਈ ਹੇਠ ਰਚੀ ਗਈ ਸੀ ਪਰ ਇਸ ਵਿਚ ਰੀੜ੍ਹਹੀਣ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਦੀ ਵੀ ਸ਼ਮੂਲੀਅਤ ਰਹੀ ਹੈ। ਅਜਿਹੀ ਧਾਂਦਲੀ ਦਾ ਖ਼ਦਸ਼ਾ ਭਾਂਪਦਿਆਂ ਇਮਰਾਨ ਖ਼ਾਨ ਨੇ ਆਪਣੇ ਹਮਾਇਤੀਆਂ ਨੂੰ ਸਾਰੇ ਚੁਣਾਵੀ ਅੜਿੱਕੇ ਪਾਰ ਕਰ ਕੇ ਵੋਟਾਂ ਪਾਉਣ ਲਈ ਕਾਇਲ ਕੀਤਾ।
ਫ਼ੌਜ ਦੀਆਂ ਚਾਲਬਾਜ਼ੀਆਂ ਦਾ ਸੰਜੀਦਾ ਵਿਰੋਧ ਕਰਨ ਵਾਲੀ ਇਕਮਾਤਰ ਸਿਆਸੀ ਪਾਰਟੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਹੈ। ਦੂਜੀਆਂ ਮੁੱਖ ਪਾਰਟੀਆਂ ਲੀਹ ’ਤੇ ਆ ਗਈਆਂ ਅਤੇ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਅੱਛੀਆਂ ਖ਼ਾਸੀਆਂ ਸੀਟਾਂ ਜਿੱਤਣ ਵਿਚ ਕਾਮਯਾਬ ਰਹੀਆਂ। ਉਂਝ, ਇਸ ਦੇ ਬਾਵਜੂਦ ਫ਼ੌਜ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਤਹਿਰੀਕ-ਏ-ਇਨਸਾਫ਼ ਦੇ ਆਗੂ 93 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ। ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ ਅਤੇ ਭੁੱਟੋ-ਜ਼ਰਦਾਰੀ ਖ਼ਾਨਦਾਨ ਦੀ ਪਾਕਿਸਤਾਨ ਪੀਪਲਜ਼ ਪਾਰਟੀ ਕ੍ਰਮਵਾਰ 75 ਅਤੇ 54 ਸੀਟਾਂ ਜਿੱਤ ਸਕੀਆਂ। ਪੂਰੀ ਦੁਨੀਆ, ਖ਼ਾਸਕਰ ਪਾਕਿਸਤਾਨੀ ਅਵਾਮ ਦੀਆਂ ਨਜ਼ਰਾਂ ਵਿਚ ਫ਼ੌਜ ਦਾ ਚਿਹਰਾ ਬੇਨਕਾਬ ਹੋ ਗਿਆ ਜਿਸ ਨੇ ਇੰਨੀ ਬੇਦਰਦੀ ਨਾਲ ਪਾਕਿਸਤਾਨ ਦੇ ਸੰਵਿਧਾਨ ਅਤੇ ਜਮਹੂਰੀ ਅਮਲ ਦੀ ਬੇਹੁਰਮਤੀ ਕੀਤੀ। ਇਸ ਦੌਰਾਨ ਜਨਰਲ ਮੁਨੀਰ ਨੇ ਆਖਿਆ ਕਿ ਜੇ ਭਾਰਤ ਪਾਕਿਸਤਾਨ ਦੇ ਵਿਚਾਰ ਨੂੰ ਪ੍ਰਵਾਨ ਨਹੀਂ ਕਰ ਰਿਹਾ ਤਾਂ ਅਸੀਂ ਕਿਵੇਂ ਕਰ ਸਕਾਂਗੇ?
ਬਹਰਹਾਲ, ਇਸ ਸਭ ਕੁਝ ਦੇ ਬਾਵਜੂਦ ਇਮਰਾਨ ਖ਼ਾਨ ਨੂੰ ਜੇਲ੍ਹ ਵਿਚ ਰੱਖਣ ਲਈ ਫ਼ੌਜ ਨੂੰ ਸ਼ਰੀਫ਼ ਤੇ ਭੁੱਟੋ-ਜ਼ਰਦਾਰੀ ਖ਼ਾਨਦਾਨ ਅਤੇ ਕੁਝ ਛੋਟੀਆਂ ਸਿਆਸੀ ਪਾਰਟੀਆਂ ਦੇ ਰੂਪ ਵਿਚ ‘ਨਵੇਂ ਔਜ਼ਾਰ’ ਮਿਲ ਗਏ ਹਨ। ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਨੂੰ ਪਾਕਿਸਤਾਨ ਹਕੂਮਤ ਨੇ ਦਰਕਿਨਾਰ ਕਰ ਦਿੱਤਾ ਹੈ। ਇਸੇ ਦੌਰਾਨ ਰਾਵਲਪਿੰਡੀ ਦੇ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਨ੍ਹਾਂ ਨੂੰ ਚੋਣ ਨਤੀਜੇ ਬਦਲਣ ਲਈ ਮਜਬੂਰ ਕੀਤਾ; ਇਸ ਮਾਮਲੇ ਵਿੱਚ ਉਨ੍ਹਾਂ ਅਸਤੀਫ਼ਾ ਦੇ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰਨ ਦਾ ਐਲਾਨ ਵੀ ਕੀਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਅਤੇ ਬਿਆਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।
ਚੋਣ ਧਾਂਦਲੀ ਨੂੰ ਲੈ ਕੇ ਨਾ ਕੇਵਲ ਅਮਰੀਕਾ ਵਿਚ ਸੁਆਲ ਉਠਾਏ ਗਏ ਸਗੋਂ ਪਾਕਿਸਤਾਨੀ ਮੀਡੀਆ ਵਿਚ ਸਖ਼ਤ ਤਨਕੀਦ ਹੋਈ। ਪਾਕਿਸਤਾਨ ਮੁਸਲਿਮ ਲੀਗ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਸਮਝੌਤੇ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ ਅਤੇ ਆਸਿਫ਼ ਅਲੀ ਜ਼ਰਦਾਰੀ ਨੂੰ ਆਉਣ ਵਾਲੇ ਦਿਨਾਂ ਵਿਚ ਰਾਸ਼ਟਰਪਤੀ ਚੁਣੇ ਜਾਣ ਦੇ ਆਸਾਰ ਹਨ। ਬਿਲਾਵਲ ਭੁੱਟੋ ਜ਼ਰਦਾਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ ਪੂਰੀ ਨਹੀਂ ਹੋ ਸਕੀ ਜਿਸ ਦੇ ਅੰਦਾਜ਼ ’ਚੋਂ ਉਨ੍ਹਾਂ ਦੀ ਮਾਂ ਬੇਨਜ਼ੀਰ ਭੁੱਟੋ ਅਤੇ ਨਾਨਾ ਜ਼ੁਲਫਿ਼ਕਾਰ ਅਲੀ ਭੁੱਟੋ ਦੇ ਚਿੰਨ੍ਹ ਦਿਖਾਈ ਦਿੰਦੇ ਹਨ। ਭਾਰਤ ਨਾਲ ਸਬੰਧਾਂ ਬਾਰੇ ਉਨ੍ਹਾਂ ਦੇ ਵਿਚਾਰ ਆਈਐੱਸਆਈ ਦੇ ਮੁਖੀ ਨਾਲੋਂ ਬਹੁਤੇ ਵੱਖਰੇ ਨਹੀਂ। ਸਮਝਿਆ ਜਾਂਦਾ ਹੈ ਕਿ ਸ਼ਰੀਫ਼ ਅਤੇ ਭੁੱਟੋ ਖ਼ਾਨਦਾਨਾਂ ਨੂੰ ਇਕਮੁੱਠ ਕਰਾਉਣ ਪਿੱਛੇ ਵੀ ਫ਼ੌਜ ਦਾ ਹੱਥ ਹੈ। ਇਹ ਇਸ ਲਈ ਜ਼ਰੂਰੀ ਸੀ ਤਾਂ ਕਿ ਇਮਰਾਨ ਖ਼ਾਨ ਨੂੰ ਮੁੜ ਸੱਤਾ ’ਚ ਆਉਣ ਤੋਂ ਰੋਕਿਆ ਜਾ ਸਕੇ ਜਿਨ੍ਹਾਂ ਨੂੰ ਇਸ ਸਮੇਂ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਅਮਰੀਕਾ ਅਤੇ ਬਰਤਾਨੀਆ ਜਿਹੇ ਪੱਛਮੀ ਦੇਸ਼ਾਂ ਨੇ ਪਾਕਿਸਤਾਨ ਦੀਆਂ ਚੋਣਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਿ ਇਮਰਾਨ ਖ਼ਾਨ ਨੂੰ ਹੋਰ ਕਿੰਨੀ ਦੇਰ ਤੱਕ ਜੇਲ੍ਹ ਵਿਚ ਰੱਖਿਆ ਜਾਂਦਾ ਹੈ। ਉਂਝ, ਇਸ ਸਮੁੱਚੇ ਮਾਮਲੇ ਵਿਚ ਪਾਕਿਸਤਾਨ ਦੀ ਸਿਆਸੀ ਜਮਾਤ ਬੁਰੀ ਤਰ੍ਹਾਂ ਪਾਟੋ-ਧਾੜ ਦਾ ਸ਼ਿਕਾਰ ਹੈ। ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਢਾਂਚਾ ਸਾਹਸੱਤਹੀਣ ਹੋ ਗਿਆ ਹੈ। ਇਕ ਪਾਕਿਸਤਾਨੀ ਦੋਸਤ ਨੇ ਇਕ ਵਾਰ ਟਿੱਪਣੀ ਕੀਤੀ ਸੀ, “ਹਰ ਦੇਸ਼ ਵਿਚ ਫ਼ੌਜ ਹੁੰਦੀ ਹੈ ਪਰ ਪਾਕਿਸਤਾਨ ਵਿਚ ਫ਼ੌਜ ਕੋਲ ਦੇਸ਼ ਹੈ।”
ਆਪਣੀ ਆਰਥਿਕ ਬਦਇੰਤਜ਼ਾਮੀ ਤੋਂ ਇਲਾਵਾ ਪਾਕਿਸਤਾਨ ਨੇ ਆਪਣੇ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਵਿਗਾੜੇ ਹੋਏ ਹਨ। ਭਾਰਤ ਨਾਲ ਇਸ ਦੇ ਰਿਸ਼ਤਿਆਂ ਵਿਚ ਕੋਈ ਤਬਦੀਲੀ ਨਹੀਂ ਆਈ। ਅਫ਼ਗਾਨਿਸਤਾਨ ਅਤੇ ਇਰਾਨ ਨਾਲ ਸਬੰਧਾਂ ਨੂੰ ਵੀ ਨਾਰਮਲ ਨਹੀਂ ਆਖਿਆ ਜਾ ਸਕਦਾ। ਪਾਕਿਸਤਾਨ ਵੱਲੋਂ ਅਫ਼ਗਾਨ ਤਾਲਬਿਾਨ ਡੂਰੰਡ ਲਾਈਨ ਪਾਰ ਕਰਨ ਅਤੇ ਇਰਾਨ ਤੇ ਅਫ਼ਗਾਨਿਸਤਾਨ ਨਾਲ ਲਗਦੀਆਂ ਸਰਹੱਦਾਂ ਤੋਂ ਪਾਰ ਬਲੋਚ ਵੱਖਵਾਦੀਆਂ ਅਤੇ ਤਹਿਰੀਕ-ਏ-ਤਾਲਬਿਾਨ ਦੇ ਹਮਲਿਆਂ ਦੇ ਦੋਸ਼ ਲਾਏ ਜਾਂਦੇ ਹਨ। 16 ਜਨਵਰੀ ਨੂੰ ਇਰਾਨ ਨੇ ਪਾਕਿਸਤਾਨੀ ਇਲਾਕੇ ਅੰਦਰ ਹਵਾਈ ਹਮਲਾ ਕੀਤਾ ਸੀ; ਜਵਾਬ ਵਿਚ ਪਾਕਿਸਤਾਨ ਨੇ ਵੀ ਹਮਲਾ ਕੀਤਾ। ਇਉਂ ਪਾਕਿਸਤਾਨ ਲਈ ਹੁਣ ਭਾਰਤ ਤੋਂ ਇਲਾਵਾ ਇਰਾਨ ਅਤੇ ਅਫ਼ਗਾਨਿਸਤਾਨ ਨਾਲ ਵੀ ਸਰਹੱਦੀ ਤਣਾਅ ਦੇ ਦੋ ਹੋਰ ਮੁਹਾਜ਼ ਖੁੱਲ੍ਹ ਗਏ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।