ਘੱਗਰ ਦੇ ਪਾਣੀ ਨਾਲ ਹਰਿਆਣਾ ਦੇ ਪਿੰਡਾਂ ਵਿੱਚ ਫ਼ਸਲਾਂ ਦੀ ਤਬਾਹੀ
ਗੁਰਦੀਪ ਸਿੰਘ ਭੱਟੀ
ਟੋਹਾਣਾ, 13 ਜੁਲਾਈ
ਘੱਗਰ ਦੇ ਕੁਹਨੀ ਮੋੜ ’ਤੇ ਪਿੰਡ ਫੁਲਦ ਦੇ ਨਜ਼ਦੀਕ ਪਏ ਪਾੜ ਨੂੰ ਭਰਨ ਦੀਆਂ ਕੋਸ਼ਿਸ਼ ਨਾਕਾਮ ਰਹਿਣ ’ਤੇ ਘੱਗਰ ਦਾ ਪਾਣੀ ਮਾਰੋਮਾਰ ਕਰਦਾ ਹੋਇਆ ਹਰਿਆਣਾ ਸੂਬੇ ਦੀ ਸੀਮਾ ਵਿੱਚ ਪੈਂਦੇ ਕਸਬਾ ਜਾਖਲ ਦੇ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਬਲਾਕ ਟੋਹਾਣਾ ਵਿੱਚ ਪੈਂਦੇ ਕਸਬਾ ਜਾਖਲ ਦੇ ਪਿੰਡ ਨਡੈਲ, ਕਾਸਮਪੁਰ, ਹਿੰਮਤਪੁਰਾ, ਮਾਮੂਪੁਰ, ਉਦੈਪੁਰ, ਪੁਰਨ ਮਾਜਰਾ ਵਿੱਚ ਦਾਖਲ ਹੋ ਜਾਣ ’ਤੇ ਹਜਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਹਨ। ਪਿੰਡ ਫੁਲਦ ਕੋਲ ਘੱਗਰ ਦੇ ਪਾੜ ਦੀ ਚੌੜਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਖਨੌਰੀ ਹੈੱਡ ’ਤੇ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ। ਚਾਂਦਪੂਰਾ ਸਾਈਫ਼ਨ ’ਤੇ ਬੀਤੀ ਰਾਤ ਘੱਗਰ ਵਿੱਚ ਪਾਣੀ ਦਾ ਵਹਾਅ 12500 ਕਿਉਸਿਕ ਤੋਂ ਵੱਧ ਕੇ 15 ਹਜ਼ਾਰ ਕਿਉਸਿਕ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਜਿਲ੍ਹਾ ਫਤਿਹਾਬਾਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘੱਗਰ ਵਿੱਚ ਚਾਂਦਪੁਰਾ ਸਾਈਫ਼ਨ ਤੋਂ 20 ਹਜਾਰ ਕਿਉਸ਼ਿਕ ਪਾਨੀ ਦੇ ਨਿਵਾਸੀ ਦਾ ਪ੍ਰਬੰਧ ਹੈ। ਚਾਂਦਪੂਰਾ ਵਿੱਚ ਕੈਂਪ ਹਾਉਸ ਖੋਲਕੇ ਅਧਿਕਾਰੀ ਦਨਿ ਰਾਤ ਨਿਗਰਾਨੀ ਕਰ ਰਹੇ ਹਨ। ਬੀਤੇ ਦਨਿ ਪਹਾੜਾਂ ਤੇ ਬਾਰਿਸ਼ ਨਾ ਹੋਣ ਤੇ ਇਥੇ ਰਾਹਤ ਦੀਆਂ ਖ਼ਬਰਾਂ ਪੁਜੀਆਂ ਸਨ ਪਰ ਅੱਜ ਫ਼ਿਰ ਹਾਲਾਤ ਵਿਗੜ ਜਾਣ ਤੇ ਜਦੋਂ ਪੰਜ ਪਿੰਡਾ ਦੀ ਖੇਤੀ ਘੱਗਰ ਦੇ ਪਾਣੀ ਨਾਲ ਬਰਬਾਦ ਹੋ ਗਈ। ਮੌਸਮ ਵਿਭਾਗ ਵੱਲੋਂ ਅੱਜ ਰਾਤ ਨੂੰ ਹਰਿਆਣਾ ਦੇ ਦਸ ਜ਼ਿਲ੍ਹਿਆ ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਫਤਿਹਾਬਾਦ ਵੀ ਸ਼ਾਮਲ ਹੈ।
ਵਿਧਾਇਕ ਨਾਪਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਰਤੀਆ (ਕੇ.ਕੇ ਬਾਂਸਲ): ਵਿਧਾਇਕ ਲਛਮਣ ਨਾਪਾ ਨੇ ਪ੍ਰਸ਼ਾਸਨਿਕ ਅਮਲੇ ਨਾਲ ਰਤੀਆ ਸ਼ਹਿਰ, ਘੱਗਰ ਦਰਿਆ, ਘਾਸਵਾ, ਲਾਂਬਾ, ਬੁਰਜ, ਚਿਮੋਂ ਹੈੱਡ ਅਤੇ ਨੰਗਲ ਢਾਣੀ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ, ਪੰਚਾਇਤ ਸਮਿਤੀ ਚੇਅਰਮੈਨ ਕੇਵਲ ਮਹਿਤਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ। ਵਿਧਾਇਕ ਲਛਮਣ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੇ ਪਾਣੀ ਨੂੰ ਕਿਸੇ ਵੀ ਤਰ੍ਹਾਂ ਆਬਾਦੀ ਵਾਲੇ ਇਲਾਕਿਆਂ ਵਿੱਚ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਕਾਰਨ ਪਾਣੀ ਦਾ ਵਹਾਅ ਹੋਰ ਵੀ ਵੱਧ ਸਕਦਾ ਹੈ, ਇਸ ਲਈ ਸਾਰੀ ਮਸ਼ੀਨਰੀ ਅਤੇ ਯੰਤਰ ਸਮੇਤ ਪੁਖਤਾ ਪ੍ਰਬੰਧ ਕੀਤੇ ਜਾਣ।