For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿਚ ਤਬਾਹੀ

08:07 AM Nov 08, 2023 IST
ਗਾਜ਼ਾ ਵਿਚ ਤਬਾਹੀ
Advertisement

ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਭਿਆਨਕ ਹਮਲਿਆਂ ਨੇ ਇਜ਼ਰਾਈਲ ਦੀ ਸੁਰੱਖਿਆ ਅਤੇ ਫ਼ੌਜੀ ਪੱਖੋਂ ਅਜਿੱਤ ਹੋਣ ਦੀ ਭਾਵਨਾ ਨੂੰ ਤਾਰ ਤਾਰ ਕਰ ਕੇ ਰੱਖ ਦਿੱਤਾ। ਇਸ ਹਮਲੇ ਵਿਚ 1400 ਦੇ ਕਰੀਬ ਇਜ਼ਰਾਇਲੀ ਮਾਰੇ ਗਏ ਅਤੇ 240 ਲੋਕਾਂ ਨੂੰ ਅਗਵਾ ਕਰ ਲਿਆ ਸੀ। ਹਮਲੇ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਜਵਾਬ ਵਿਚ ਇਜ਼ਰਾਈਲ ਨੇ ਹਮਾਸ ਦਾ ਖ਼ਾਤਮਾ ਕਰ ਦੇਣ ਦਾ ਅਹਿਦ ਲਿਆ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਨੇ ਇਕ ਮਹੀਨੇ ਤੋਂ ਆਪਣੇ ਹਮਲਿਆਂ ਦੌਰਾਨ 2500 ਤੋਂ ਵੱਧ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਦੇ ਗਾਜ਼ਾ ’ਤੇ ਕੀਤੇ ਹਮਲੇ ਵਿਚ 10 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿਚ 4100 ਬੱਚੇ ਸ਼ਾਮਲ ਹਨ; ਕਰੀਬ 24 ਹਜ਼ਾਰ ਲੋਕ ਜ਼ਖ਼ਮੀ ਹੋਏ ਹਨ। ਗਾਜ਼ਾ ਪੱਟੀ ਦੀ ਕਰੀਬ 70 ਫ਼ੀਸਦੀ ਆਬਾਦੀ ਨੂੰ ਜਬਰੀ ਉਜਾੜ ਦਿੱਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਮੁਤਾਬਕ ਗਾਜ਼ਾ ਵਿਚ ਇਜ਼ਰਾਈਲੀ ਕਾਰਵਾਈ ਮਨੁੱਖਤਾ ਲਈ ਸੰਕਟ ਹੈ ਅਤੇ ਗਾਜ਼ਾ ਬੱਚਿਆਂ ਲਈ ਕਬਰਿਸਤਾਨ ਬਣ ਗਿਆ ਹੈ, ਇਸ ਮੌਕੇ ਕੌਮਾਂਤਰੀ ਭਾਈਚਾਰੇ ਅੱਗੇ ਸਮੂਹਿਕ ਮੁਸੀਬਤ ਰੋਕਣ ਦੀ ਬੁਨਿਆਦੀ ਜ਼ਿੰਮੇਵਾਰੀ ਨਿਭਾਉਣ ਦਾ ਵੱਡਾ ਸਵਾਲ ਹੈ; ਮਨੁੱਖਤਾ ਦੇ ਆਧਾਰ ਉੱਤੇ ਜੰਗਬੰਦੀ ਲਾਗੂ ਕੀਤੇ ਜਾਣ, ਲੋਕਾਂ ਦੀਆਂ ਪੀੜਾਂ ਨੂੰ ਘਟਾਉਣ ਅਤੇ ਵੱਡੇ ਪੱਧਰ ’ਤੇ ਸਹਾਇਤਾ ਪਹੁੰਚਾਏ ਜਾਣ ਵਿਚ ਕੀਤੀ ਜਾ ਰਹੀ ਦੇਰੀ ਆਉਣ ਵਾਲੀ ਤਬਾਹੀ ਨੂੰ ਹੋਰ ਵਧਾਏਗੀ। ਭਾਰਤ ਨੇ ਤਣਾਅ ਤੇ ਟਕਰਾਅ ਨੂੰ ਘਟਾਏ ਜਾਣ ਅਤੇ ਛੇਤੀ ਤੋਂ ਛੇਤੀ ਅਮਨ ਬਹਾਲੀ ਸਬੰਧੀ ਆਪਣਾ ਰੁਖ਼ ਦੁਹਰਾਇਆ ਹੈ।
ਇਜ਼ਰਾਇਲੀ ਫ਼ੌਜ ਵੱਲੋਂ ਹਮਾਸ ਦੇ ਦਹਿਸ਼ਤਗਰਦਾਂ ਖਿਲਾਫ਼ ਜ਼ਮੀਨੀ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਸੁਰੰਗਾਂ ਦਾ ਵਿਸ਼ਾਲ ਨੈੱਟਵਰਕ ਬਣਾਇਆ ਹੋਇਆ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਖਿਲਾਫ਼ ਜੰਗ ਦੇ ਖ਼ਾਤਮੇ ਤੋਂ ਬਾਅਦ ਇਜ਼ਰਾਈਲ ਗਾਜ਼ਾ ਵਿਚ ਅਣਮਿੱਥੇ ਸਮੇਂ ਤੱਕ ਸਮੁੱਚੇ ਤੌਰ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਏਗਾ। ਹਮਾਸ ਦੇ ਕੰਟਰੋਲ ਵਾਲੇ ਗਾਜ਼ਾ ਖ਼ਿੱਤੇ ਉੱਤੇ ਮੁਕੰਮਲ ਕਬਜ਼ਾ
ਕਰਨਾ ਇਕ ਗੱਲ ਹੈ ਪਰ ਇਸ ਨੂੰ ਚਲਾਉਣਾ ਤੇ ਜਾਰੀ ਰੱਖਣਾ ਬਿਲਕੁਲ ਵੱਖਰੀ ਗੱਲ ਹੈ; ਇਹ ਟੀਚੇ ਅਸਪਸ਼ਟ ਹਨ। ਅਮਰੀਕਾ ਤੇ ਯੂਰੋਪ ਦੇ ਹੋਰ ਦੇਸ਼ ਇਜ਼ਰਾਈਲ ਦੀ ਪੂਰੀ ਤਰ੍ਹਾਂ ਹਮਾਇਤ ਕਰ ਰਹੇ ਹਨ। ਇਸ ਸਬੰਧ ਵਿਚ ਦੱਖਣੀ ਅਫਰੀਕਾ, ਬੋਲੀਵੀਆ ਅਤੇ ਕਈ ਹੋਰ ਦੇਸ਼ਾਂ ਨੇ ਇਜ਼ਰਾਈਲ ਨਾਲ ਆਪਣੇ ਸਫ਼ਾਰਤੀ ਸਬੰਧ ਤੋੜਨ ਜਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਦੁਨੀਆ ਭਰ ਵਿਚ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਕੀਤੀ ਜਾ ਰਹੀ ਅਣਮਨੁੱਖੀ ਕਾਰਵਾਈ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ। ਮਨੁੱਖਤਾ ਇੱਕੀਵੀਂ ਸਦੀ ਦੇ ਸਭ ਤੋਂ ਵੱਡੇ ਮਨੁੱਖੀ ਸੰਕਟ ਦੇ ਰੂ-ਬ-ਰੂ ਹੈ।

Advertisement

Advertisement
Advertisement
Author Image

sukhwinder singh

View all posts

Advertisement