For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਵਿਚ ਤਬਾਹੀ ਅਤੇ ਅਮਰੀਕਾ

07:36 AM Mar 09, 2024 IST
ਗਾਜ਼ਾ ਵਿਚ ਤਬਾਹੀ ਅਤੇ ਅਮਰੀਕਾ
Advertisement

ਸੀ ਉਦੈ ਭਾਸਕਰ

ਸੱਤ ਅਕਤੂਬਰ ਦੇ ਅਤਿਵਾਦੀ ਹਮਲੇ ਮਗਰੋਂ ਇਜ਼ਰਾਈਲ ਵੱਲੋਂ ਬਦਲਾ ਲੈਣ ਲਈ ਹਮਾਸ ਖਿ਼ਲਾਫ਼ ਛੇੜੀ ਘਿਨਾਉਣੀ ਜੰਗ ਛੇਵੇਂ ਮਹੀਨੇ ਵਿਚ ਦਾਖ਼ਲ ਹੋ ਗਈ ਹੈ। ਇਜ਼ਰਾਇਲੀ ਰੱਖਿਆ ਬਲਾਂ (ਆਈਡੀਐੱਫ) ਵੱਲੋਂ ਗਾਜ਼ਾ ਦੇ ਅਭਾਗੇ ਨਾਗਰਿਕਾਂ ’ਤੇ ਬੋਲੇ ਗਏ ਇਸ ਬੇਰੋਕ ਹੱਲੇ ਜਿਸ ਦਾ ਮਕਸਦ ਜ਼ਾਹਿਰਾ ਤੌਰ ’ਤੇ ਹਮਾਸ ਦੇ ਕਾਡਰ ਨੂੰ ‘ਕੁਚਲਣਾ’ ਹੈ, ਨੂੰ ਨਿਹਾਇਤ ਗੈਰ-ਵਾਜਬਿ, ਅਣਮਨੁੱਖੀ ਤੇ ਨਸਲਕੁਸ਼ੀ ਵਰਗਾ ਕਹਿ ਕੇ ਨਿੰਦਿਆ ਗਿਆ ਹੈ। ਇਜ਼ਰਾਈਲ ਵੱਲੋਂ ਗਾਜ਼ਾ ’ਤੇ ਢਾਹੇ ਜਾ ਰਹੇ ਕਹਿਰ ਦਾ ਸਿਖ਼ਰਲਾ ਪੱਧਰ 29 ਫਰਵਰੀ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮਦਦ ਲੈਣ ਲਈ ਲੱਗੀ ਵੱਡੀ ਭੀੜ ਵਿਚ ਸ਼ਾਮਿਲ 100 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਤੇ 700 ਜ਼ਖ਼ਮੀ ਹੋ ਗਏ। ਇਜ਼ਰਾਇਲੀ ਮਿਆਰਾਂ ਦਾ ਵੀ ਇਹ ਨਿਮਨਤਮ ਪੱਧਰ ਮੰਨਿਆ ਜਾ ਸਕਦਾ ਹੈ। ਮੁਕਾਮੀ ਪ੍ਰਸ਼ਾਸਨ ਨੇ ਨਿਹੱਥੀ ਭੀੜ ਉਤੇ ਗੋਲੀ ਚਲਾਉਣ ਦਾ ਦੋਸ਼ ਆਈਡੀਐੱਫ ਸਿਰ ਮੜ੍ਹਿਆ ਹੈ; ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਦੀ ਸੈਨਾ ਨੇ ਭਗਦੜ ਵਰਗੀ ਸਥਿਤੀ ਬਣਨ ਤੋਂ ਰੋਕਣ ਲਈ ਗੋਲੀ ਚਲਾਈ ਜੋ ਉਨ੍ਹਾਂ (ਇਜ਼ਰਾਇਲੀ ਸੈਨਾ) ਲਈ ਖ਼ਤਰਾ ਬਣ ਸਕਦੀ ਸੀ।
ਸੱਤ ਅਕਤੂਬਰ ਦੇ ਹਮਲੇ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਬਾਰੇ ਜਿੱਥੇ ਮੁੱਖ ਵਾਰਤਾਕਾਰ ਹਰ ਹੀਲੇ ਆਪੋ-ਆਪਣੇ ਦਾਅਵਿਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਸੰਸਾਰ ਭਰ ਦੀਆਂ ਵੱਖ ਵੱਖ ਧਿਰਾਂ ਜਿਨ੍ਹਾਂ ਵਿਚੋਂ ਕੁਝ ਇਜ਼ਰਾਈਲ ਤੇ ਕੁਝ ਫ਼ਲਸਤੀਨ ਦੇ ਹੱਕ ਵਿਚ ਖੜ੍ਹੀਆਂ ਹਨ, ਵੀ ਭਾਵਨਾਤਮਕ ਤੇ ਦੋਗਲੇ ਢੰਗ ਨਾਲ ਵਾਰ ਵਾਰ ਇਕੋ ਰਾਗ ਅਲਾਪ ਰਹੀਆਂ ਹਨ। ਫ਼ਲਸਤੀਨੀ ਅਧਿਕਾਰੀਆਂ ਮੁਤਾਬਕ ਗਾਜ਼ਾ ਵਿਚ ਮੌਤਾਂ ਦੀ ਗਿਣਤੀ 30 ਹਜ਼ਾਰ ਤੋਂ ਪਾਰ ਹੋ ਗਈ ਹੈ; ਨੇੜ ਭਵਿੱਖ ਵਿਚ ਇਜ਼ਰਾਈਲ ਵੱਲੋਂ ਗੋਲੀਬੰਦੀ ਲਾਗੂ ਜਾਂ ਦੁਸ਼ਮਣੀ ਖ਼ਤਮ ਕਰਨ ਦੀ ਉਮੀਦ ਬਹੁਤ ਘੱਟ ਹੈ। ਅਮਰੀਕੀ ਰੱਖਿਆ ਮੰਤਰੀ ਜਨਰਲ ਲਾਇਡ ਆਸਟਿਨ ਨੇ ਪਿਛਲੇ ਹਫ਼ਤੇ ਅਮਰੀਕੀ ਸੰਸਦ ਵਿਚ ਦੱਸਿਆ ਕਿ ਸੱਤ ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਹੁਣ ਤੱਕ 25 ਹਜ਼ਾਰ ਫ਼ਲਸਤੀਨੀ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਕਰ ਚੁੱਕਾ ਹੈ। ਇਨ੍ਹਾਂ ਅੰਕਡਿ਼ਆਂ ’ਤੇ ਕੋਈ ਡੂੰਘਾ ਅਫ਼ਸੋਸ ਜ਼ਾਹਿਰ ਕਰਦਾ ਵੀ ਨਜ਼ਰ ਨਹੀਂ ਆ ਰਿਹਾ।
ਇਜ਼ਰਾਈਲ ਨੂੰ ਭਾਵੇਂ ਸਵੈ-ਰੱਖਿਆ ਦਾ ਪੂਰਾ ਹੱਕ ਹੈ ਪਰ ਜਿਸ ਢੰਗ ਨਾਲ ਇਸ ਹੱਕ ਦੀ ਵਰਤੋਂ ਕੀਤੀ ਗਈ ਹੈ, ਉਸ ’ਤੇ ਪੂਰੀ ਦੁਨੀਆ ਨੇ ਨਾਰਾਜ਼ਗੀ ਤੇ ਅਸਹਿਮਤੀ ਪ੍ਰਗਟਾਈ ਹੈ। ਇਜ਼ਰਾਈਲ ਦੀ ਸਰਕਾਰ ’ਤੇ ਇਸ ਦਾ ਕੋਈ ਬਹੁਤਾ ਅਸਰ ਨਹੀਂ ਪਿਆ ਕਿਉਂਕਿ ਤੈਲ ਅਵੀਵ ਨੂੰ ਪੂਰਾ ਭਰੋਸਾ ਹੈ ਕਿ ਗਾਜ਼ਾ ਵਿਚ ਜੰਗ ਜਾਰੀ ਰੱਖਣ ਲਈ ਅਮਰੀਕਾ ਉਸ ਦੀ ਸਿਆਸੀ ਅਤੇ ਫੌਜੀ ਪੱਧਰ ਉਤੇ ਮਦਦ ਕਰਦਾ ਰਹੇਗਾ। ਇਹ ਸਮਰਥਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਵੀ ਦਿਸਿਆ ਜਿੱਥੇ ਫਰਵਰੀ ਵਿੱਚ ਅਮਰੀਕਾ ਨੇ ਗੋਲੀਬੰਦੀ ਦੀ ਤਜਵੀਜ਼ ਨੂੰ ਲਗਾਤਾਰ ਤੀਜੀ ਵਾਰ ਵੀਟੋ ਕੀਤਾ। ਗਾਜ਼ਾ ਮੁੱਦੇ ’ਤੇ ਇਜ਼ਰਾਈਲ ਨੂੰ ਪਰਦੇ ਪਿੱਛਿਓਂ ਮਿਲ ਰਹੇ ਅਮਰੀਕੀ ਸਮਰਥਨ ਤੋਂ ਅਮਰੀਕਾ ਦਾ ਵੱਡਾ ਵਰਗ ਨਿਰਾਸ਼ ਹੈ; ਤੇ ਇਸ ਦਾ ਗੰਭੀਰ ਰੂਪ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਅਮਰੀਕੀ ਹਵਾਈ ਸੈਨਾ ਦੇ ਇਕ ਜਵਾਨ ਨੇ 25 ਫਰਵਰੀ ਨੂੰ ਆਤਮ-ਦਾਹ ਕਰ ਲਿਆ। ਸੀਨੀਅਰ ਏਅਰਮੈਨ ਆਰੋਨ ਬੁਸ਼ਨੈੱਲ (25) ਨੇ ਵਾਸ਼ਿੰਗਟਨ ਡੀਸੀ ਵਿੱਚ ਇਜ਼ਰਾਇਲੀ ਦੂਤਾਵਾਸ ਦੇ ਸਾਹਮਣੇ ਆਪਣੇ ’ਤੇ ਕੋਈ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਾ ਲਈ। ਮਰਨ ਵੇਲੇ ਉਸ ਦਾ ਬਿਆਨ ਸੀ, “ਮੈਂ ਇਸ ਨਸਲਕੁਸ਼ੀ ਦਾ (ਗਾਜ਼ਾ ’ਚ) ਹਿੱਸਾ ਨਹੀਂ ਬਣ ਸਕਦਾ। ਮੈਂ ਰੋਸ ਵਜੋਂ ਅਤਿ ਗੰਭੀਰ ਕਦਮ ਚੁੱਕਣ ਜਾ ਰਿਹਾ ਹਾਂ।” ਮੌਕੇ ਦੇ ਗਵਾਹਾਂ ਮੁਤਾਬਕ ਬੁਸ਼ਨੈੱਲ ਨੇ ਆਪਣੇ ਆਪ ਨੂੰ ਅੱਗ ਲਾਉਣ ਤੋਂ ਪਹਿਲਾਂ ‘ਫ਼ਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਏ। ਇਸ ਘਟਨਾ ਮਗਰੋਂ ਹੁਣ ਵੱਖ ਵੱਖ ਬਿਰਤਾਂਤ ਸਿਰਜਣ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਜ਼ਰਾਈਲ ਪੱਖੀ ਮੁੱਖ ਧਾਰਾ ਦਾ ਅਮਰੀਕੀ ਮੀਡੀਆ ਬੁਸ਼ਨੈੱਲ ਨੂੰ ਅਰਾਜਕਤਾਵਾਦੀ ਤੇ ਮਾਨਸਿਕ ਰੂਪ ’ਚ ਬਿਮਾਰ ਦੱਸ ਰਿਹਾ ਹੈ; ਉਦਾਰਵਾਦੀ ਤੇ ਗਾਜ਼ਾ ਵਿਚ ਜੰਗ ਦਾ ਵਿਰੋਧ ਕਰਨ ਵਾਲੇ ਉਸ ਨੂੰ ਰੌਸ਼ਨ ਜ਼ਮੀਰ ਵਾਲਾ ਕਹਿ ਕੇ ਵਡਿਆ ਰਹੇ ਹਨ। ਬੁਸ਼ਨੈੱਲ ਦੇ ਦੋਸਤਾਂ ਮੁਤਾਬਕ, ਉਹ ਦੂਜਿਆਂ ਦਾ ਫਿ਼ਕਰ ਕਰਨ ਵਾਲਾ ਇਨਸਾਨ ਸੀ, ਤੇ ਗਾਜ਼ਾ ’ਚ ਅਮਰੀਕਾ ਦੀਆਂ ਨੀਤੀਆਂ ਤੋਂ ਮਾਯੂਸ ਤੇ ਨਾਰਾਜ਼ ਹੋ ਕੇ ਉਸ ਨੇ ਰੋਸ ’ਚ ਇਹ ਕਦਮ ਚੁੱਕਿਆ ਹੈ।
ਕਰਨਲ ਐੱਨ ਰਾਈਟ (ਸੇਵਾਮੁਕਤ) ਨੇ ਹਮਦਰਦੀ ਵਾਲੇ ਲਹਿਜੇ ਵਿਚ ਕਿਹਾ, “ਅਮਰੀਕਾ ਦੀਆਂ ਨੀਤੀਆਂ ਵੱਲ ਧਿਆਨ ਦਿਵਾਉਣ ਲਈ ਇਹ ਹਿੰਮਤੀ ਕੰਮ ਸੀ, ਬਹਾਦਰੀ ਵਾਲਾ ਕਦਮ ਸੀ।” ਅਜਿਹਾ ਕਦਮ ਭਾਵੇਂ ਕੁਝ ਸਮੇਂ ਲਈ ਅਮਰੀਕੀ ਨੀਤੀਆਂ ਵੱਲ ਧਿਆਨ ਖਿੱਚੇਗਾ ਪਰ ਇਸ ਦੇ ਬਾਵਜੂਦ ਬੁਨਿਆਦੀ ਨੀਤੀਆਂ ’ਚ ਤਬਦੀਲੀ ਦੀ ਸੰਭਾਵਨਾ ਬਹੁਤ ਮੱਧਮ ਹੈ। ਵਿਵਾਦਪੂਰਨ ਨੀਤੀਆਂ ਦੇ ਮੁੱਦੇ ’ਤੇ ਅਮਰੀਕਾ ਵਿਚ ਆਤਮ-ਦਾਹ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਉਂਝ, ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦਾ ਕਦਮ ਮੁਜ਼ਾਹਰਾਕਾਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਾਈਵ ਹੋ ਕੇ ਚੁੱਕਿਆ। ਸੋਸ਼ਲ ਮੀਡੀਆ ’ਤੇ ਇਜ਼ਰਾਈਲ-ਫ਼ਲਸਤੀਨ/ਯਹੂਦੀਆਂ-ਹਮਾਸ ਵਿਸ਼ੇ ਉੱਤੇ ਅਤਿ ਦੇ ਧਰੁਵੀਕਰਨ ਦੇ ਮੱਦੇਨਜ਼ਰ ਬੁਸ਼ਨੈੱਲ ਦੇ ਕਦਮ ਤੋਂ ਬਾਅਦ ਹੁਣ ਇਕ ਧੜੇ ਨੇ ਇਸ ਦੀ ਬਦਨਾਮੀ ਲਈ, ਤੇ ਦੂਜੇ ਨੇ ਸੰਵੇਦਨਾ ਜ਼ਾਹਿਰ ਕਰਨ ਲਈ ਬਿਆਨਾਂ ਦੀ ਵਾਛੜ ਕਰ ਦਿੱਤੀ ਹੈ। ਇਨ੍ਹਾਂ ਦਗਦੇ ਹੋਏ ਬਿਰਤਾਂਤਾਂ ਵਿਚੋਂ ਸੱਚ ਹੌਲੀ ਹੌਲੀ ਸਾਹਮਣੇ ਆਏਗਾ। ਇਕ ਖੁਲਾਸੇ ਦੀ ਇੱਥੇ ਵਿਸ਼ੇਸ਼ ਤੌਰ ’ਤੇ ਮਿਸਾਲ ਦਿੱਤੀ ਜਾ ਸਕਦੀ ਹੈ। ‘ਦਿ ਨਿਊ ਯਾਰਕ ਟਾਈਮਜ਼’ (ਐੱਵਾਈਟੀ) ਨੇ ਦਸੰਬਰ ਵਿਚ ਹਮਾਸ ਦੇ ਹਮਲੇ (ਸੱਤ ਅਕਤੂਬਰ) ਬਾਰੇ ਰਿਪੋਰਟ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਪਰ ਐੱਨਵਾਈਟੀ ’ਤੇ ਇਸ ਰਿਪੋਰਟ ਨੂੰ ਕਥਿਤ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲੱਗੇ ਹਨ ਤੇ ਹੁਣ ਬਾਰੀਕੀ ਨਾਲ ਛਾਣ-ਬੀਣ ਹੋ ਰਹੀ ਹੈ। ਅਖ਼ਬਾਰ ਨੇ ਇਹ ਰਿਪੋਰਟ ਨਾਟਕੀ ਸੁਰਖ਼ੀ ‘ਸਕਰੀਮਜ਼ ਵਿਦਾਊਟ ਵਰਡਜ਼: ਹਾਓ ਹਮਾਸ ਵੈਪਨਾਈਜ਼ਡ ਸੈਕਸੁਅਲ ਵਾਇਲੈਂਸ ਆਨ ਅਕਤੂਬਰ 7’ ਨਾਲ ਪ੍ਰਕਾਸ਼ਿਤ ਕੀਤੀ ਸੀ।
ਹੁਣ ਖੁਲਾਸਾ ਹੋਇਆ ਹੈ ਕਿ ਰਿਪੋਰਟ ਲਿਖਣ ਵਾਲਿਆਂ ਵਿਚੋਂ ਇਕ ਜਣਾ ਇਜ਼ਰਾਈਲ ਦਾ ਅੰਡਰਕਵਰ ਏਜੰਟ ਸੀ ਤੇ ਇਸ ਵਿਚ ਦੱਸੀ ਜਿਹੜੀ ਕਹਾਣੀ ਨਾਲ ਸੰਸਾਰ ਭਰ ਵਿਚ ਲੋਕਾਂ ’ਚ ਰੋਹ ਜਾਗਿਆ, ਉਹ ਸੱਚ ਨਹੀਂ ਸੀ (ਇਸ ਦਾਅਵੇ ਦੀ ਪੁਸ਼ਟੀ ’ਤੇ ਵੀ ਵਿਵਾਦ ਹੈ)। ਹਮਾਸ ’ਤੇ ਹਿੰਸਕ ਜਿਨਸੀ ਦੁਰਾਚਾਰ ਦਾ ਦੋਸ਼ ਲਾਇਆ ਗਿਆ ਸੀ। ਐੱਨਵਾਈਟੀ ਦੀ ਖ਼ਬਰ ਵਿਚ ਜਿ਼ਕਰ ਸੀ ਕਿ ਇਕ ਪੀੜਤ ‘ਪਿੱਠ ਭਾਰ ਪਈ ਸੀ, ਕੱਪੜੇ ਪਾਟੇ ਹੋਏ ਸਨ, ਲੱਤਾਂ ਫੈਲੀਆਂ ਹੋਈਆਂ ਸਨ...’ ਪਰ ਹੁਣ ਪੀੜਤ ਦੇ ਪਰਿਵਾਰ ਦਾ ਇਸ ਤੋਂ ਮੁੱਕਰਨਾ ਐੱਨਵਾਈਟੀ ਲਈ ਸ਼ਰਮਿੰਦਗੀ ਦਾ ਸਬਬ ਬਣ ਗਿਆ ਹੈ। ਇਸ ਵਿਵਾਦ ’ਤੇ ਅਮਰੀਕਾ ’ਚ ਵੀ ਗੰਭੀਰਤਾ ਨਾਲ ਚਰਚਾ ਹੋ ਰਹੀ ਹੈ; ਅਖ਼ਬਾਰ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ। ਪੱਛਮੀ ਏਸ਼ੀਆ ’ਚ ਬਣੇ ਗੁੰਝਲਦਾਰ ਭੂ-ਸਿਆਸੀ ਕਸ਼ਮਕਸ਼ ਦਰਮਿਆਨ ਭਾਵੇਂ ਘਰੇਲੂ ਸਿਆਸਤ ਹੀ ਗਾਜ਼ਾ ਦੀ ਜੰਗ ਨੂੰ ਕੋਈ ਰੂਪ ਦੇਵੇਗੀ ਪਰ ਤਬਾਹੀ ਦੀ ਇਸ ਲਹੂ-ਲੁਹਾਣ ਸੁਰੰਗ ਦੇ ਅਖੀਰ ’ਚ, ਸਹਿਮਤੀ ਨਾਲ ‘ਦੋ ਮੁਲਕੀ’ ਬਦਲ ਦੇ ਰਣਨੀਤਕ ਦ੍ਰਿਸ਼ਟੀਕੋਣ ’ਤੇ ਹੀ ਕੰਮ ਕਰਨਾ ਪਏਗਾ।
ਗਾਜ਼ਾ ’ਚ ਇਜ਼ਰਾਈਲ ਦੀ ਵਰਤਮਾਨ ਕਾਰਵਾਈ ਸਪੱਸ਼ਟ ਤੌਰ ’ਤੇ ਇਸ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀਆਂ ਸਿਆਸੀ ਮਜਬੂਰੀਆਂ ਦਾ ਨਤੀਜਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਤਿੱਖੀ ਆਲੋਚਨਾ ਸਹਿ ਰਹੇ ਹਨ ਅਤੇ ਕੋਈ ਵੀ ਹਰਬਾ ਵਰਤ ਕੇ ਸੱਤਾ ਵਿਚ ਰਹਿਣਾ ਚਾਹੁੰਦੇ ਹਨ। ਜਿਵੇਂ ਸਾਬਕਾ ਪ੍ਰਧਾਨ ਮੰਤਰੀ ਇਹੁਦ ਬਰਾਕ ਨੇ ਕਿਹਾ ਹੈ: “ਨੇਤਨਯਾਹੂ ਦਾ ਜ਼ੋਰ ਆਪਣੀ ਸਿਆਸੀ ਹੋਂਦ ਬਚਾਉਣ ’ਤੇ ਲੱਗਾ ਹੈ, ਤੇ ਉਹ ਆਪਣੀ ਮਰਜ਼ੀ ਨਾਲ ਕਦੇ ਅਸਤੀਫ਼ਾ ਨਹੀਂ ਦੇਣਗੇ। ਸਮਾਂ ਆ ਗਿਆ ਹੈ ਕਿ ਇਜ਼ਰਾਈਲ ਦੇ ਲੋਕ ਉੱਠਣ ਤੇ ਨਿਜ਼ਾਮ ਬਦਲ ਦੇਣ।” ਪਰ ਇਹ ਕਦੋਂ ਹੋਵੇਗਾ, ਅਜੇ ਕੁਝ ਨਿਸ਼ਚਿਤ ਨਹੀਂ। ਕੀ ਗਾਜ਼ਾ ਵਿਚ ਮੌਤਾਂ ਦੀ ਗਿਣਤੀ ਨੂੰ 60000 ਤੋਂ ਪਾਰ ਜਾਣਾ ਪਏਗਾ? ਤੇ ਸੰਸਾਰ ਲਾਚਾਰੀ ਨਾਲ ਹੱਥ ਉਤੇ ਹੱਥ ਧਰ ਕੇ ਬੈਠਾ ਰਹੇਗਾ ਤੇ ਘਿਸੇ-ਪਿਟੇ ਵਿਚਾਰਾਂ ਨੂੰ ਦੁਹਰਾਉਂਦਾ ਰਹੇਗਾ ਅਤੇ ਇਸ ਦੌਰਾਨ ਗਾਜ਼ਾ ਵਿਚ ਬੱਚੇ ਭੁੱਖ ਤੇ ਬਿਮਾਰੀਆਂ ਨਾਲ ਮਰਦੇ ਰਹਿਣਗੇ। ਇਹ ਉਹ ਸਚਾਈ ਹੈ ਜਿਸ ਨੂੰ ਸੋਹਣੇ ਬਿਰਤਾਂਤ ਸਿਰਜ ਕੇ ਲੁਕੋਇਆ ਨਹੀਂ ਜਾ ਸਕਦਾ ਤੇ ਨਾ ਹੀ ਝੁਠਲਾਇਆ ਜਾ ਸਕਦਾ ਹੈ।
*ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦੇ ਡਾਇਰੈਕਟਰ ਹਨ।

Advertisement

Advertisement
Author Image

sukhwinder singh

View all posts

Advertisement
Advertisement
×