ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰੇਗਾ ਸਲਮਾਨ
ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ ਦੁਬਈ ਵਿੱਚ ਪ੍ਰੋਗਰਾਮ ਪੇਸ਼ ਕਰਨ ਲਈ ਤਿਆਰ ਹੈ। ਉਸ ਨੇ ਹਾਲ ਹੀ ਵਿੱਚ ਰਿਐਲਟੀ ਸ਼ੋਅ ‘ਬਿੱਗ ਬੌਸ 18’ ਦੀ ਮੇਜ਼ਬਾਨੀ ਕੀਤੀ ਸੀ। ਸਲਮਾਨ ਨੇ ‘ਦਾ-ਬੰਗ’ ਟੂਰ ਦਾ ਇੱਕ ਪੋਸਟਰ ਅੱਜ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਅਤੇ ਲਿਖਿਆ, ‘‘ਦੁਬਈ 7 ਦਸੰਬਰ 2024 ਨੂੰ ‘ਦਾ-ਬੰਗ ਦਿ ਟੂਰ-ਰੀਲੋਡਿਡ’ ਲਈ ਤਿਆਰ ਹੈ।’’ ਇਸ ਟੂਰ ’ਤੇ ਸਲਮਾਨ ਨਾਲ ਸੋਨਾਕਸ਼ੀ ਸਿਨਹਾ, ਦਿਸ਼ਾ ਪਟਾਨੀ, ਮਨੀਸ਼ ਪੌਲ, ਜੈਕਲਿਨ ਫਰਨਾਂਡੇਜ਼, ਸੁਨੀਲ ਗਰੋਵਰ, ਡਾਇਰੈਕਟਰ ਤੇ ਕੋਰਿਓਗ੍ਰਾਫਰ ਪ੍ਰਭੂ ਦੇਵਾ ਵੀ ਜਾਣਗੇ। ਹਾਲ ਹੀ ਵਿੱਚ ਸਲਮਾਨ ਖਾਨ ਦੇ ਮਿੱਤਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਮਗਰੋਂ ਸਲਮਾਨ ਜਨਤਕ ਤੌਰ ’ਤੇ ਬਹੁਤ ਹੀ ਘੱਟ ਨਜ਼ਰ ਆ ਰਿਹਾ ਹੈ। ਉਸ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਦੁਬਈ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਥਾਂ ਵੀ ਮੰਨਿਆ ਜਾਂਦਾ ਹੈ। ਰੈਪਰ ਗਾਇਕ ਯੋ ਯੋ ਹਨੀ ਸਿੰਘ
ਨੇ ਵੀ ਹਾਲ ਹੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਦੁਬਈ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਸੀ। -ਆਈਏਐੱਨਐੱਸ