For the best experience, open
https://m.punjabitribuneonline.com
on your mobile browser.
Advertisement

ਸਖ਼ਤੀ ਦੇ ਬਾਵਜੂਦ ਨਹੀਂ ਰੁਕ ਰਿਹਾ ਅੱਗ ਲਾਉਣ ਦਾ ਸਿਲਸਿਲਾ

07:16 AM Nov 12, 2024 IST
ਸਖ਼ਤੀ ਦੇ ਬਾਵਜੂਦ ਨਹੀਂ ਰੁਕ ਰਿਹਾ ਅੱਗ ਲਾਉਣ ਦਾ ਸਿਲਸਿਲਾ
ਸੰਗਰੂਰ ਜ਼ਿਲ੍ਹੇ ’ਚ ਪਰਾਲੀ ਸਾੜਨ ਮਗਰੋਂ ਧੂੰਏਂ ਦੀ ਲਪੇਟ ’ਚ ਆਈ ਚੱਠਾ ਸੇਖਵਾਂ-ਸੁਨਾਮ ਰੋਡ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਨਵੰਬਰ
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸੰਗਰੂਰ ਜ਼ਿਲ੍ਹੇ ਅੰਦਰ ਨਾੜ ਨੂੰ ਅੱਗ ਲਾਉਣ ਦਾ ਸਿਲਾਸਿਲਾ ਜਾਰੀ ਹੈ। ਹਾਲਾਂਕਿ ਰੋਜ਼ਾਨਾ ਜ਼ਿਲ੍ਹੇ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਦੀਆਂ ਟੀਮਾਂ ਖੇਤਾਂ ਵਿਚ ਅੱਗ ਬੁਝਾਉਣ ਅਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿਚ ਜੁਟੀਆਂ ਹੋਈਆਂ ਹਨ। ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ, ਜੁਰਮਾਨੇ ਲਗਾਏ ਜਾ ਰਹੇ ਹਨ ਅਤੇ ਮਾਲ ਰਿਕਾਰਡ ਵਿਚ ਲਾਲ ਇੰਦਰਜ ਕੀਤੇ ਜਾ ਰਹੇ ਹਨ। ਸਖ਼ਤੀ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਸਾੜਨ ਵਾਲੇ 278 ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਹੋ ਚੁੱਕੀਆਂ ਹਨ ਜਦੋਂਕਿ ਇੰਨੇ ਕੁ ਹੀ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਲਾਲ ਇੰਦਰਾਜ ਕੀਤਾ ਜਾ ਚੁੱਕਾ ਹੈ। ਹੁਣ ਤੱਕ ਪਰਾਲੀ ਸਾੜਨ ਵਾਲਿਆਂ ਨੂੰ 8,77,500 ਰੁਪਏ ਜੁਰਮਾਨਾ ਕੀਤਾ ਗਿਆ ਜਿਸ ਵਿੱਚੋਂ 2,87,500 ਰੁਪਏ ਵਸੂਲੇ ਗਏ ਹਨ। ਹੁਣ ਤੱਕ ਜ਼ਿਲ੍ਹੇ ’ਚ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ’ਚ ਕਥਿਤ ਲਾਪ੍ਰਵਾਹੀ ਵਰਤਣ ਵਾਲੇ 60 ਅਧਿਕਾਰੀ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ। ਪਰਾਲੀ ਦੇ ਧੂੰਏਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਦਾ ਧੂੰਆਂ ਸੜਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਭਾਵਾਲ ਨੇੜੇ ਲੱਗੀ ਅੱਗ ਕਾਰਨ ਕਈ ਦੋ ਪਹੀਆ ਵਾਹਨਾਂ ਨੂੰ ਧੂੰਏਂ ਕਾਰਨ ਲਿੰਕ ਸੜਕ ’ਤੇ ਰੁਕਣਾ ਪਿਆ ਕਿਉਂਕਿ ਕੁੱਝ ਵਿਖਾਈ ਨਹੀਂ ਦੇ ਰਿਹਾ ਸੀ।
ਇਸ ਦੌਰਾਨ ਜ਼ਿਲ੍ਹੇ ਦੀਆਂ ਅਨਾਜ ਮੰੰਡੀਆਂ ਵਿਚ ਹੁਣ ਤੱਕ 11,37,427 ਮੀਟਰਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ 10,66,370 ਮੀਟਰਕ ਟਨ ਦੀ ਖ਼ਰੀਦ ਹੋ ਚੁੱਕੀ ਹੈ। ਖਰੀਦ ਫਸਲ ’ਚੋਂ 8,36,588 ਮੀਟਰਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਜਦੋਂਕਿ 2,30,142 ਦੀ ਲਿਫਟਿੰਗ ਹੋਣੀ ਬਾਕੀ ਹੈ।

Advertisement

ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਾਂ: ਡੀਸੀ

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਬ-ਡਿਵੀਜ਼ਨਾਂ ਵਿੱਚ ਜਿੱਥੇ ਸਬੰਧਤ ਉਪ ਮੰਡਲ ਮੈਜਿਸਟਰੇਟ ਅਤੇ ਡੀਐਸਪੀਜ਼ ਵੱਲੋਂ ਸਾਰੇ ਨੋਡਲ ਅਫਸਰਾਂ, ਕਲੱਸਟਰ ਅਫਸਰਾਂ ਅਤੇ ਚੌਕਸੀ ਟੀਮਾਂ ਦੀ ਅਗਵਾਈ ਕਰਦਿਆਂ ਪਿੰਡਾਂ ਵਿੱਚ ਕਿਸਾਨਾਂ ਨਾਲ ਤਾਲਮੇਲ ਕਰਦੇ ਹੋਏ ਪਰਾਲੀ ਪ੍ਰਬੰਧਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਨਾੜ ਜਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ’ਤੇ ਤੁਰੰਤ ਅੱਗ ਨੂੰ ਬੁਝਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਪ੍ਰਸ਼ਾਸਨ ਅਤੇ ਪੁਲੀਸ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਸੁਚੇਤ ਕਰ ਰਿਹਾ ਹੈ ਅਤੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਨੂੰ ਮਿੱਟੀ ਖੇਤਾਂ ਵਿੱਚ ਹੀ ਰਲਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।

Advertisement

ਸ਼ਾਦੀਹਰੀ ਤੇ ਗੁੱਜਰਾਂ ਸਣੇ ਕਈ ਪਿੰਡਾਂ ’ਚ ਨਾੜ ਨੂੰ ਲਾਈ ਅੱਗ ਬੁਝਾਈ

ਦਿੜ੍ਹਬਾ ਨੇੜਲੇ ਖੇਤਾਂ ਵਿੱਚ ਅੱਗ ਬੁਝਾਉਂਦੇ ਹੋਏ ਮੁਲਾਜ਼ਮ।

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੜ੍ਹਬਾ ਦੇ ਪਿੰਡਾਂ ਵਿੱਚ ਕਮਿਸ਼ਨ ਫਾਰ ਏਅਰ ਕੁਆਲਿਟੀ ਮੋਨੀਟਰਿੰਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਡੀ ਗਿਣਤੀ ਚੌਕਸੀ ਟੀਮਾਂ ਪਿੰਡਾਂ ਵਿੱਚ ਮੁਸਤੈਦ ਨਜ਼ਰ ਆ ਰਹੀਆਂ ਹਨ। ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਤੜਕ ਸਾਰ ਤੋਂ ਹੀ ਟੀਮਾਂ ਵੱਖ-ਵੱਖ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੀਆਂ ਹਨ ਅਤੇ ਸ਼ਾਦੀਹਰੀ, ਗੁੱਜਰਾਂ ਸਮੇਤ ਹੋਰ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਫਸਲਾਂ ਦੀ ਨਾੜ ਨੂੰ ਲਗਾਈ ਗਈ ਅੱਗ ਦੀਆਂ ਘਟਨਾਵਾਂ ਸਾਹਮਣੇ ਆਉਣ ’ਤੇ ਫੌਰੀ ਅੱਗ ਬੁਝਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ। ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪਰਾਲੀ ਨੂੰ ਸਾੜਨਾ ਖਤਰਨਾਕ ਰੁਝਾਨ ਹੈ ਜਿਸ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਆਲਗੜ੍ਹ ਜੇਜੀਆਂ, ਜਨਾਲ, ਢੰਡੋਲੀ ਕਲਾਂ, ਕੜਿਆਲ, ਰਾਮਪੁਰ ਗੁੱਜਰਾਂ, ਕਾਕੁਵਾਲਾ ਸਮੇਤ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਬਾਰੇ ਦੱਸਿਆ ਗਿਆ।

Advertisement
Author Image

sukhwinder singh

View all posts

Advertisement