ਗ੍ਰਾਂਟ ਜਾਰੀ ਹੋਣ ਦੇ ਬਾਵਜੂਦ ਨਹੀਂ ਹੋਇਆ ਸੜਕ ਨਿਰਮਾਣ
ਮਿਹਰ ਸਿੰਘ
ਕੁਰਾਲੀ, 30 ਜੂਨ
ਬਲਾਕ ਮਾਜਰੀ ਦੇ ਪਿੰਡ ਫਤਹਿਪੁਰ ਦੀ ਸਡ਼ਕ ਦੇ ਨਿਰਮਾਣ ਲਈ ਗ੍ਰਾਂਟ ਜਾਰੀ ਹੋਣ ਦੇ ਬਾਵਜੂਦ ਸੜਕ ਦੇ ਨਿਰਮਾਣ ਵਿੱਚ ਦੇਰੀ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ। ਪਿੰਡ ਵਾਸੀਆਂ ਨੇ ਖਸਤਾ ਹਾਲ ਸੜਕ ਤੁਰੰਤ ਬਣਵਾਉਣ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਰਣਧੀਰ ਸਿੰਘ, ਰਿਸ਼ੀਪਾਲ ਰਾਣਾ, ਡਾ. ਜਗਦੀਸ਼ ਸਿੰਘ, ਛੱਜੂ ਰਾਣਾ ਆਦਿ ਨੇ ਦੱਸਿਆ ਕਿ ਪਿੰਡ ਦੇ ਰਿਹਾਇਸ਼ੀ ਖੇਤਰਾਂ ਨੂੰ ਕੁਰਾਲੀ-ਸਿਆਲਬਾ ਬੱਸ ਅੱਡੇ ਨਾਲ ਜੋੜਨ ਵਾਲੀ ਇਸ ਅਹਿਮ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਕਾਫ਼ੀ ਖਸਤਾ ਚੱਲੀ ਆ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਤੋਂ ਲੈ ਕੇ ਪਿੰਡ ਨੂੰ ਜਾਣ ਵਾਲੀ ਇਸ ਗਲੀ ਵਿੱਚ ਟੋਏ ਪਏ ਹੋਏ ਹਨ ਅਤੇ ਇਸ ਦੀ ਨਿਕਾਸੀ ਦਾ ਮਾਡ਼ਾ ਹਾਲ ਹੈ। ਬਾਰਿਸ਼ ਦੇ ਮੌਸਮ ਵਿੱਚ ਸੜਕ ਛੱਪੜ ਦਾ ਰੂਪ ਧਾਰ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀਆਂ ਦੀ ਸਮੱਸਿਆ ਹੋਰ ਵਧ ਜਾਂਦੀ ਹੈ। ਪਿੰਡ ਵਾਸੀਆਂ ਨੇ ਕਿਹਾ ਨੂੰ ਇਸ ਸੜਕ ਲਈ ਐੱਮਪੀ ਲੈਡ ਸਕੀਮ ਤਹਿਤ ਤਿੰਨ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੋਈ ਹੈ। ਪੰਚਾਇਤ ਨੇ ਮਤਾ ਵੀ ਪਾਇਆ ਹੋਇਆ ਹੈ ਪਰ ਫਿਰ ਵੀ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ।
ਸਰਪੰਚ ਤੇ ਬੀਡੀਪੀਓ ਵੱਲੋਂ ਸਡ਼ਕ ਜਲਦੀ ਬਣਾਉਣ ਦਾ ਦਾਅਵਾ
ਪਿੰਡ ਦੀ ਸਰਪੰਚ ਡਿੰਪਲ ਨੇ ਦੱਸਿਆ ਕਿ ਐੱਮਪੀ ਲੈਡ ਸਕੀਮ ਤਹਿਤ ਮਿਲੀ ਗ੍ਰਾਂਟ ਖਰਚਣ ਲਈ ਪੰਚਾਇਤ ਵੱਲੋਂ ਮਤਾ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਪੰਚਾਇਤ ਸਕੱਤਰ ਵੱਲੋਂ ਸਬੰਧਤ ਜੇਈ ਤੋਂ ਐਸਟੀਮੇਟ ਲਗਵਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਡ਼ਕ ਲਈ ਐੱਮਪੀ ਵੱਲੋਂ ਦਿੱਤੀ ਗ੍ਰਾਂਟ ਤੋਂ ਇਲਾਵਾ ਦੋ ਲੱਖ ਰੁਪਏ ਦੀ ਹੋਰ ਗ੍ਰਾਂਟ ਦਿੱਤੀ ਜਾ ਰਹੀ ਹੈ। ਬੀਡੀਪੀਓ ਪਰਦੀਪ ਸ਼ਾਰਦਾ ਨੇ ਦੱਸਿਆ ਕਿ ਪਹਿਲੇ ਜੇਈ ਵੱਲੋਂ ਸੜਕ ਦੇ ਨਿਰਮਾਣ ਸਬੰਧੀ ਕੇਵਲ ਕੱਚਾ ਖਰੜਾ ਤਿਆਰ ਕੀਤਾ ਗਿਆ ਸੀ ਪਰ ਹੁਣ ਨਵਾਂ ਜੇਈ ਆਉਣ ’ਤੇ ਸੜਕ ਦਾ ਅਸਲ ਐਸਟੀਮੇਟ ਲਗਵਾਇਆ ਜਾ ਰਿਹਾ ਹੈ ਅਤੇ ਐੱਸਡੀਓ ਦੀ ਪ੍ਰਵਾਨਗੀ ਆਉਣ ’ਤੇ ਹੀ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਕਾਰਵਾਈ ਮੁਕੰਮਲ ਹੋਣ ਦੇ ਨਾਲ ਹੀ ਸੜਕ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।