ਤਿੰਨ ਸਾਲ ਬੀਤਣ ਦੇ ਬਾਵਜੂਦ ਸ਼ਹੀਦਾਂ ਦੇ ਪਰਿਵਾਰ ਠੋਕਰਾਂ ਖਾਣ ਲਈ ਮਜਬੂਰ
ਸਤਨਾਮ ਸਿੰਘ
ਮਸਤੂਆਣਾ ਸਾਹਿਬ, 3 ਸਤੰਬਰ
ਸਾਲ 2021 ਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਵੱਲੋਂ ਆਤਮ ਪਰਗਾਸ ਵੈੱਲਫੇਅਰ ਸੁਸਾਇਟੀ ਲੁਧਿਆਣਾ ਅਤੇ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਸੰਤ ਤੇਜਾ ਸਿੰਘ ਹਾਲ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਕਿਸਾਨ ਆਗੂ ਜਗਰੂਪ ਸਿੰਘ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 850 ਦੇ ਕਰੀਬ ਕਿਸਾਨ ਅਤੇ ਮਜ਼ਦੂਰ ਸ਼ਹੀਦਾਂ ਦੇ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਅਤੇ 5 ਲੱਖ ਰੁਪਏ ਦੇਣ ਦਾ ਐਲਾਨ ਹੋਣ ਦੇ ਬਾਵਜੂਦ, ਤਿੰਨ ਸਾਲ ਬੀਤ ਜਾਣ ’ਤੇ ਵੀ 120 ਦੇ ਕਰੀਬ ਪਰਿਵਾਰ ਇਹਨਾਂ ਸਹੂਲਤਾਂ ਤੋਂ ਸੱਖਣੇ ਹਨ। ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਕਿਸੇ ਦੀ ਸਾਰ ਨਹੀਂ ਲੈ ਰਹੇ। ਇਸ ਮੀਟਿੰਗ ਵਿੱਚ ਪੂਰੇ ਪੰਜਾਬ ਵਿੱਚੋਂ 450 ਦੇ ਕਰੀਬ ਪਰਿਵਾਰਕ ਮੈਂਬਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਦੁਬਾਰਾ ਮੰਗ ਪੱਤਰ ਸਰਕਾਰ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤੀ ਗਈ ਇੱਕ ਲੱਖ ਰੁਪਏ ਦੀ ਮੁਆਵਾਜ਼ਾ ਰਾਸ਼ੀ ਰਹਿੰਦੇ ਪਰਿਵਾਰਾਂ ਨੂੰ ਦੇਣ ਦੀ ਮੰਗ ਰੱਖ ਗਈ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਆਤਮ ਪਰਗਾਸ ਅਤੇ ਅਕਾਲ ਕਾਲਜ ਕੌਂਸਲ ਵਲੋਂ ਇਹਨਾਂ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਸ਼ਹੀਦ ਕਿਸਾਨਾਂ ਦੀ ਯਾਦਗਾਰ ਮਸਤੂਆਣਾ ਸਾਹਿਬ ਵਿੱਚ ਸਥਾਪਿਤ ਕੀਤੀ ਜਾਵੇਗੀ ਅਤੇ ਨਾਲ ਹੀ ਹਰ ਸਾਲ 19 ਨਵੰਬਰ ਨੂੰ ਫਤਹਿ ਦਿਵਸ ਮੌਕੇ ਸਮਾਗਮ ਮਸਤੂਆਣਾ ਸਾਹਿਬ ਵਿਖੇ ਹਰ ਸਾਲ ਕਰਵਾਇਆ ਜਾਵੇਗਾ।