ਹੁਕਮਾਂ ਦੇ ਬਾਵਜੂਦ ਸਿੱਖਿਆ ਸਕੱਤਰ ਨੇ ਮੀਟਿੰਗ ਤੋਂ ਟਾਲਾ ਵੱਟਿਆ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 2 ਦਸੰਬਰ
ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਾ ਕਰਨ ਵਿਰੁੱਧ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦਾ ਸਰਕਾਰ ਪ੍ਰਤੀ ਰੋਹ ਭਖਦਾ ਜਾ ਰਿਹਾ ਹੈ। ਦਫ਼ਤਰੀ ਮੁਲਾਜ਼ਮਾਂ ਦਾ ਡੀਜੀਐੱਸਈ ਦਫ਼ਤਰ ਦੇ ਬਾਹਰ ਲੜੀਵਾਰ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਧਰ, ਅੱਜ ਸਿੱਖਿਆ ਸਕੱਤਰ ਨੇ ਐਨ ਮੌਕੇ ਮੀਟਿੰਗ ਤੋਂ ਟਾਲਾ ਵੱਟ ਲਿਆ। ਸਰਵ ਸਿੱਖਿਆ ਅਭਿਆਨ ਅਤੇ ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਰਜਿੰਦਰ ਸਿੰਘ ਸੰਧਾ, ਜਗਮੋਹਨ ਸਿੰਘ ਅਤੇ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਮੰਤਰੀਆਂ ਨੂੰ ਟਿੱਚ ਜਾਣਦੀ ਹੈ। ਅੱਜ 2 ਦਸੰਬਰ ਨੂੰ ਸਕੱਤਰ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ ਪ੍ਰੰਤੂ ਅੱਜ ਐਨ ਮੌਕੇ ਸਕੱਤਰ ਨੇ ਮੀਟਿੰਗ ਤੋਂ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਕੱਚੇ ਮੁਲਾਜ਼ਮਾਂ ਦਾ ਰੋਹ ਹੋਰ ਜ਼ਿਆਦਾ ਭਖ ਗਿਆ।
ਆਗੂਆਂ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ ਦਫ਼ਤਰੀ ਮੁਲਾਜ਼ਮ ਇਕੱਠੇ ਹੋ ਕੇ ਆਪ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 10 ਦਸੰਬਰ ਤੋਂ ਵਿਭਾਗ ਦਾ ਕੰਮ ਮੁਕੰਮਲ ਠੱਪ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਗੁਪਤ ਐਕਸ਼ਨ ਕੀਤੇ ਜਾਣਗੇ।