ਵਿਰੋਧ ਦੇ ਬਾਵਜੂਦ ਰਜਵਾਹੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ
ਬੀਰਬਲ ਰਿਸ਼ੀ
ਸ਼ੇਰਪੁਰ, 29 ਨਵੰਬਰ
ਘਨੌਰੀ ਕਲਾਂ ਤੋਂ ਘਨੌਰੀ ਖੁਰਦ ਦਰਮਿਆਨ ਪੱਕੇ ਹੋ ਰਹੇ ਹੰਢਿਆਇਆ ਮਾਈਨਰ ਰਜਵਾਹੇ ਦੇ ਵਿਵਾਦ ਦੇ ਚਲਦਿਆਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਨਹਿਰੀ ਵਿਭਾਗ ਨੇ ਅੱਜ ਤਿੰਨ ਦਿਨਾਂ ਬਾਅਦ ਕੰਮ ਮੁੜ ਸ਼ੁਰੂ ਕਰਵਾ ਦਿੱਤਾ।
ਮੌਕੇ ’ਤੇ ਪੁੱਜੇ ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਪੰਚ ਪਰਗਟ ਸਿੰਘ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਅਕਾਲੀ ਦਲ ਅਮ੍ਰਿਤਸਰ ਦੇ ਨਰਿੰਦਰ ਸਿੰਘ ਕਾਲਾਬੂਲਾ ਅਤੇ ਹੋਰ ਇਕੱਤਰ ਕਿਸਾਨਾਂ ਨੇ ਤਿੱਖਾ ਵਿਰੋਧ ਕਰਦਿਆਂ ਕੰਮ ਬੰਦ ਕਰਨ ਲਈ ਕਿਹਾ। ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ’ਤੇ ਪੈਦਾ ਹੋਏ ਹਾਲਾਤ ਮਗਰੋਂ ਐੱਸਡੀਐੱਮ ਧੂਰੀ ਵਿਕਾਸ ਹੀਰਾ ਮੌਕੇ ’ਤੇ ਪੁੱਜੇ। ਐੱਸਡੀਐੱਮ ਨੂੰ ਪਿੰਡ ਵਾਸੀਆਂ ਵੱਲੋਂ ਘਨੌਰੀ ਕਲਾਂ ਦੇ ਸ਼ੁਰੂਆਤੀ ਦੌਰ ਵਿੱਚ ਰਜਵਾਹੇ ਵਿੱਚ ਵਿੰਗ ਪਾ ਕੇ ਉਸ ਨੂੰ ਪੰਜਾਬ ਮੰਡੀਬੋਰਡ ਦੀ ਜਗ੍ਹਾ ਵੱਲ ਜਾਣ ਅਤੇ ਕਰਵਾਈ ਮਿਣਤੀ ਮਗਰੋਂ ਰਜਵਾਹੇ ਦੇ ਕਿਨਾਰੇ ਦੇ ਅੰਦਰਲੇ ਪਾਸੇ ਲੱਗੀ ਬੁਰਜੀ ਵਿਖਾਕੇ ਰਜਵਾਹਾ ਮੰਡੀਬੋਰਡ ਦੀ ਜਗ੍ਹਾ ਵਿੱਚ ਕੱਢੇ ਜਾਣ ਦੀ ਹਕੀਕਤ ਦੱਸੀ। ਘਨੌਰੀ ਖੁਰਦ ਦੇ ਪੰਚ ਪਰਗਟ ਸਿੰਘ ਨੇ ਜਨਤਕ ਤੌਰ ’ਤੇ ਅਧਿਕਾਰੀ ਨੂੰ ਕਿਹਾ ਕਿ ਜੇਕਰ ਜ਼ਬਰੀ ਕੰਮ ਸ਼ੁਰੂ ਹੋਇਆ ਤਾਂ ਖੁਦਕੁਸ਼ੀ ਕਰ ਲਵੇਗਾ। ਐੱਸਡੀਐੱਮ ਵਿਕਾਸ ਹੀਰਾ ਨੇ ਪਹਿਲਾਂ ਘਨੌਰੀ ਕਲਾਂ ਤੇ ਘਨੌਰੀ ਖੁਰਦ ਤੱਕ ਸਾਰੇ ਰਜਵਾਹੇ ਨੂੰ ਖੁਦ ਵਾਚਿਆ ਅਤੇ ਮੰਡੀ ਬੋਰਡ ਦੇ ਐੱਸਡੀਓ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਰਜਵਾਹਾ ਉਨ੍ਹਾਂ ਦੀ ਜਗ੍ਹਾ ’ਚ ਨਾ ਨਿਕਲੇ। ਉਨ੍ਹਾਂ ਨਹਿਰੀ ਵਿਭਾਗ ਨੂੰ ਕਿਹਾ ਕਿ ਉਹ ਹਾਲ ਦੀ ਘੜੀ ਕੰਮ ਉਲਟ ਦਿਸ਼ਾ ਘਨੌਰੀ ਖੁਰਦ ਦੀ ਗੈਰਵਿਵਾਦਤ ਜਗ੍ਹਾ ਤੋਂ ਘਨੌਰੀ ਕਲਾਂ ਵੱਲ ਕਰ ਲੈਣ। ਉਨ੍ਹਾਂ 5 ਦਸੰਬਰ ਨੂੰ ਅਦਾਲਤ ਵੱਲੋਂ ਲਏ ਜਾਣ ਫੈਸਲੇ ਲਈ ਦੋਵੇਂ ਧਿਰਾਂ ਨੂੰ ਪਾਬੰਦ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਹਾਲੇ ਸੜਕ ਵਾਲੇ ਪਾਸਿਓਂ ਤਕਰੀਬਨ ਦੋ ਢਾਈ ਫੁੱਟ ਜਗ੍ਹਾ ਛੱਡ ਕੇ ਆਪਣਾ ਕੰਮ ਜਾਰੀ ਰੱਖਣ। ਐੱਸਡੀਐੱਮ ਵਿਕਾਸ ਹੀਰਾ ਦੀ ਸਿਆਣਪ ਨਾਲ ਦੋਵੇਂ ਧਿਰਾਂ ਦੀ ਸਹਿਮਤੀ ਮਗਰੋਂ ਇੱਕ ਵਾਰ ਤਣਾਅ ਖ਼ਤਮ ਹੋ ਗਿਆ।