ਪੰਜਾਬ ਵਿੱਚ ਚੰਗੇ ਭਾਅ ਦੇ ਬਾਵਜੂਦ ਨਹੀਂ ਖਿੜੀ ਸਰ੍ਹੋਂ
ਜਸਵੰਤ ਜੱਸ
ਫਰੀਦਕੋਟ, 7 ਜਨਵਰੀ
ਸਰ੍ਹੋਂ ਦਾ ਚੰਗੇ ਭਾਅ ਹੋਣ ਦੇ ਬਾਵਜੂਦ ਪੰਜਾਬ ਵਿੱਚ ਇਸ ਦੀ ਕਾਸ਼ਤ ਕਾਫੀ ਘਟ ਗਈ ਹੈ। ਖੇਤੀ ਵਿਭਾਗ ਦੇ ਸੂਤਰਾਂ ਅਨੁਸਾਰ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਸਰ੍ਹੋਂ ਦੀ ਕਾਸ਼ਤ ਵਿੱਚ 30 ਫ਼ੀਸਦੀ ਦੀ ਗਿਰਾਵਟ ਆਈ ਹੈ। ਹੁਣ ਮਾਲਵਾ ਪੂਰੀ ਤਰ੍ਹਾਂ ਰਾਜਸਥਾਨ ਦੀ ਸਰ੍ਹੋਂ ’ਤੇ ਨਿਰਭਰ ਕਰੇਗਾ। ਪਿਛਲੇ ਸਾਲ ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਹੈਕਟੇਅਰ ਤੋਂ ਵੱਧ ਸਰ੍ਹੋਂ ਦੀ ਕਾਸ਼ਤ ਕੀਤੀ ਗਈ ਸੀ ਜਦਕਿ ਇਸ ਵਾਰ ਮਹਿਜ਼ 700 ਹੈਕਟੇਅਰ ਰਹਿ ਗਈ ਹੈ। ਕਿਸਾਨਾਂ ਨੇ ਇਸ ਵਾਰ ਕਣਕ ਦੇ ਖੇਤ ਵਿੱਚ ਸਰ੍ਹੋਂ ਦੇ ਓਰੇ ਨਹੀਂ ਕੱਢੇ ਕਿਉਂਕਿ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਗਈ। ਇਸ ਕਰਕੇ ਇਸ ਵਿੱਚ ਸਰ੍ਹੋਂ ਨਹੀਂ ਬੀਜੀ ਗਈ। ਖੇਤੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਸਰ੍ਹੋਂ ਦੇ ਓਰੇ ਨਹੀਂ ਕੱਢੇ ਜਾ ਸਕੇ। ਇਸ ਕਰਕੇ ਇਸ ਵਾਰ ਸਰ੍ਹੋਂ ਦੀ ਕਾਸ਼ਤ ਘਟਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਕਾਸ਼ਤ ਲਈ ਖੇਤ ਦਾ ਪੂਰੀ ਤਰ੍ਹਾਂ ਸਾਫ ਹੋਣਾ ਜ਼ਰੂਰੀ ਹੈ ਜਦਕਿ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਪਰਾਲੀ ਦੀ ਕਾਫੀ ਮਾਤਰਾ ਅਜੇ ਵੀ ਧਰਤੀ ਵਿੱਚ ਪਈ ਹੈ। ਸੂਚਨਾ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਸਰ੍ਹੋਂ ਦਾ ਭਾਅ 7200 ਦੇ ਕਰੀਬ ਹੈ ਅਤੇ ਪੰਜਾਬ ਸਰਕਾਰ ਸਰ੍ਹੋਂ ’ਤੇ ਐੱਮਐੱਸਪੀ ਵੀ ਦੇ ਰਹੀ ਹੈ। ਘੱਟ ਕਾਸ਼ਤ ਕਾਰਨ ਸਰ੍ਹੋਂ ਦਾ ਭਾਅ ਵਧਣ ਦੀ ਸੰਭਾਵਨਾ ਹੈ। ਪਿੰਡ ਹਰਦਿਆਲੇਆਣੇ ਦੇ ਅਗਾਂਹ ਵਧੂ ਕਿਸਾਨ ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਕੁਝ ਕਿਸਾਨਾਂ ਨੇ ਘਰੇਲੂ ਵਰਤੋਂ ਲਈ ਸਰ੍ਹੋਂ ਦੀ ਕਾਸ਼ਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਸਰ੍ਹੋਂ ਆਉਣ ਦੀ ਸੰਭਾਵਨਾ ਨਹੀ ਹੈ। ਫਿਰੋਜ਼ਪੁਰ ਵਿੱਚ 30 ਫ਼ੀਸਦੀ, ਫਾਜ਼ਿਲਕਾ ਵਿੱਚ 40 ਅਤੇ ਬਠਿੰਡਾ ਵਿੱਚ 25 ਫ਼ੀਸਦੀ ਕਾਸ਼ਤ ਘੱਟ ਹੋਈ ਹੈ। ਘੱਟ ਕਾਸ਼ਤ ਕਾਰਨ ਇਸ ਵਾਰ ਸਰ੍ਹੋਂ ਦੇ ਤੇਲ ਵਿੱਚ ਵੀ ਵੱਡੀ ਤੇਜ਼ੀ ਦੇਖਣ ਨੂੰ ਮਿਲੇਗੀ। ਫਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਵਿੱਚ ਸਭ ਤੋਂ ਘੱਟ ਸਰ੍ਹੋਂ ਦੀ ਕਾਸ਼ਤ ਹੋਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਬਣਦਾ ਭਾਅ ਨਹੀਂ ਦਿੱਤਾ। ਇਸ ਕਰਕੇ ਕਿਸਾਨ ਸਰ੍ਹੋਂ ਦੀ ਥਾਂ ਕਣਕ ਬੀਜਣ ਨੂੰ ਹੀ ਤਰਜੀਹ ਦੇ ਰਹੇ ਹਨ।