ਭਾਜਪਾ ਵੱਲੋਂ ਹਾਰ ਦੇ ਬਾਵਜੂਦ ਵਰਕਰਾਂ ਨੂੰ ਥਾਪੜਾ
ਐੱਨਪੀ ਧਵਨ
ਪਠਾਨਕੋਟ, 5 ਜੂਨ
ਭਾਜਪਾ ਨੇ ਕਈ ਸਾਲਾਂ ਬਾਅਦ ਪੰਜਾਬ ਵਿੱਚ ਆਪਣੇ ਦਮ ’ਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਹਨ, ਜਿਸ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵਧੀ ਹੈ, ਜੋ ਕਿ ਤਸੱਲੀ ਵਾਲੀ ਗੱਲ ਹੈ। ਇਹ ਦਾਅਵਾ ਅੱਜ ਇੱਥੇ ਪਠਾਨਕੋਟ ਦੇ ਭਾਜਪਾ ਵਿਧਾਇਕ ਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਲੋਕ ਸਭਾ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਜ਼ਿਲ੍ਹਾ ਪ੍ਰਧਾਨ ਭਾਜਪਾ ਵਿਜੈ ਸ਼ਰਮਾ, ਸਾਬਕਾ ਵਿਧਾਇਕ ਸੀਮਾ ਦੇਵੀ, ਅਨਿਲ ਰਾਮਪਾਲ ਅਤੇ ਹੋਰ ਆਗੂ ਹਾਜ਼ਰ ਸਨ।
ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੇ ਸਮੇਂ ਭਾਜਪਾ ਦੀ ਕਈ ਖੇਤਰਾਂ ਵਿੱਚ ਵਧੇਰੇ ਪਹੁੰਚ ਸੀ ਪਰ ਹੁਣ ਭਾਜਪਾ ਨੂੰ ਉਨ੍ਹਾਂ ਖੇਤਰਾਂ ਵਿੱਚ ਫੈਲਾਉਣ ਦੀ ਲੋੜ ਹੈ, ਜਿੱਥੇ ਭਾਜਪਾ ਆਪਣੇ ਸੰਦੇਸ਼ ਦਾ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰ ਸਕੀ। ਪਾਰਟੀ ਸੰਗਠਨ ਪੱਧਰ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਤੇ ਹੇਠਲੇ ਪੱਧਰ ਤੋਂ ਵਰਕਰਾਂ ਨਾਲ ਮੀਟਿੰਗਾਂ ਕਰਕੇ ਇਹ ਕੰਮ ਕੀਤਾ ਜਾਵੇਗਾ। ਗੁਰਦਾਸਪੁਰ ਹਲਕੇ ਦੇ 6 ਹਲਕਿਆਂ ਵਿੱਚ ਪਾਰਟੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਹੋਈ ਹਾਰ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਪੱਧਰ ’ਤੇ ਮੰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀਆਂ ਤਿੰਨ ਸੀਟਾਂ ਪਟਿਆਲਾ, ਫਿਰੋਜ਼ਪੁਰ ਤੇ ਲੁਧਿਆਣਾ ਬਹੁਤ ਘੱਟ ਵੋਟਾਂ ਦੇ ਅੰਤਰ ਨਾਲ ਹਾਰੇ ਹਾਂ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਇਹ ਹਾਈਕਮਾਂਡ ਦਾ ਲਿਆ ਗਿਆ ਫੈਸਲਾ ਸੀ।
ਵਿਧਾਇਕ ਅਸ਼ਵਨੀ ਸ਼ਰਮਾ ਨੇ ਦਿਨੇਸ਼ ਸਿੰਘ ਬੱਬੂ ਨੂੰ ਵੋਟਾਂ ਪਾਉਣ ਲਈ ਗੁਰਦਾਸਪੁਰ ਸੰਸਦੀ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਬੱਬੂ ਭਵਿੱਖ ਵਿੱਚ ਭਾਜਪਾ ਵਿੱਚ ਵੱਡੀਆਂ ਪ੍ਰਾਪਤੀਆਂ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਭਾਜਪਾ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ 2 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਪੰਜਾਬ ਅੰਦਰ ਇੱਕ ਵੀ ਸੀਟ ਜਿੱਤ ਨਹੀਂ ਸਕੀ, ਇਸ ਦੇ ਬਾਵਜੂਦ ਭਾਜਪਾ ਵੱਲੋਂ ਵੋਟ ਪ੍ਰਤੀਸ਼ਤਤਾ ਵਧਣ ਦਾ ਦਾਅਵਾ ਕਰਕੇ ਆਪਣੇ ਵਰਕਰਾਂ ਦੀ ਪਿੱਠ ਥਪਥਪਾਈ ਜਾ ਰਹੀ ਹੈ।