ਕੇਸ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰੀ ਤੋਂ ਬਚਦਾ ਰਿਹਾ ਬ੍ਰਿਜੇਸ਼ ਮਿਸ਼ਰਾ
ਅਪਰਨਾ ਬੈਨਰਜੀ
ਜਲੰਧਰ, 29 ਜੂਨ
ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਲੰਧਰ ਦੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਦੇ ਮਾਮਲੇ ਵਿੱਚ ਜੇਕਰ ਸਮੇਂ ਸਿਰ ਕਾਰਵਾਈ ਹੋ ਜਾਂਦੀ ਤਾਂ ਇਹ ਮਾਮਲਾ ਐਨਾ ਵੱਡਾ ਨਾ ਬਣਦਾ। ਮਿਸ਼ਰਾ ਖ਼ਿਲਾਫ਼ ਪੰਜਾਬ ਵਿੱਚ ਸਾਲ 2021 ਤੋਂ ਸਾਲ 2023 ਦਰਮਿਆਨ ਛੇ ਕੇਸ ਦਰਜ ਹੋਏ ਪਰ ਉਸ ਦੀ ਕਿਸੇ ਵੀ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਹੋਈ। ਉਸ ਦੇ ਖ਼ਿਲਾਫ਼ ਸੂਬੇ ਭਰ ਵਿਚ 12 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਵਿਚੋਂ ਛੇ ਮਾਮਲਿਆਂ ਵਿੱਚ ਕੇਸ ਦਰਜ ਹੋਏ। ਹਾਲਾਂਕਿ ਪੰਜ ਮਾਮਲਿਆਂ ਵਿੱਚ ਸਮਝੌਤਾ ਹੋ ਗਿਆ ਸੀ ਅਤੇ ਬਾਕੀ ਕਾਰਵਾਈ ਅਧੀਨ ਹਨ।
ਬ੍ਰਿਜੇਸ਼ ਮਿਸ਼ਰਾ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਕੈਨੇਡਾ ਭੇਜ ਕੇ ਠੱਗੀ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਕੈਨੇਡਾ ਬਾਰਡਰ ਸਰਵਸਿਜ਼ ੲੇਜੰਸੀ (ਸੀਬੀਐੱਸਏ) ਨੇ ਲੰਘੀ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਵਿੱਚ 700 ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ਾਂ ‘ਤੇ ਭੇਜਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਹੋਰ ਸ਼ਿਕਾਇਤਾਂ ਵੀ ਮਿਲਣ ਲੱਗੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2021 ਤੋਂ ਸਾਲ 2023 ਦਰਮਿਆਨ ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ 12 ਸ਼ਿਕਾਇਤਾਂ ਆਈਆਂ ਸਨ। ਮੁਲਜ਼ਮ ਮਿਸ਼ਰਾ ਖ਼ਿਲਾਫ਼ ਸਭ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਅਤੇ ਮਾਲੇਰਕੋਟਲਾ ਵਿੱਚ ਕ੍ਰਮਵਾਰ ਸਾਲ 2021 ਅਤੇ 2022 ਵਿੱਚ ਸ਼ਿਕਾਇਤਾਂ ਆਈਆਂ ਸਨ। ਇਸ ਤੋਂ ਬਾਅਦ ਜਲੰਧਰ ਵਿੱਚ ਮਿਸ਼ਰਾ ਤੇ ਉਸ ਸਹਿਯੋਗੀਆਂ ਖ਼ਿਲਾਫ਼ 10 ਸ਼ਿਕਾਇਤਾਂ ਆਈਆਂ ਪਰ ਇਨ੍ਹਾਂ ਵਿਚੋਂ ਮਹਿਜ਼ ਚਾਰ ਮਾਮਲਿਆਂ ਵਿਚ ਕੇਸ ਦਰਜ ਕੀਤਾ ਗਿਆ। ਇਨ੍ਹਾਂ ਵਿੱਚੋਂ ਪੰਜ ਮਾਮਲਿਆਂ ਵਿੱਚ ਮਿਸ਼ਰਾ ਦੇ ਸਾਥੀ ਏਜੰਟ ਰਾਹੁਲ ਭਾਰਦਵਾਜ (ਜੋ ਹੁਣ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ) ਨੇ ਸਮਝੌਤਾ ਕਰ ਲਿਆ ਜਦਕਿ ਇਕ ਕੇਸ ਅੰਮ੍ਰਿਤਸਰ ਜ਼ਿਲ੍ਹੇ ਵਿਚ ਭੇਜ ਦਿੱਤਾ ਗਿਆ, ਕਿਉਂਕਿ ਉਹ ਘਟਨਾ ਉਥੇ ਵਾਪਰੀ ਸੀ। ਹੁਣ ਸਵਾਲ ਉਠਦਾ ਹੈ ਕਿ ਜਦੋਂ ਮਿਸ਼ਰਾ ਜਲੰਧਰ ਦਾ ਰਹਿਣ ਵਾਲਾ ਸੀ ਤਾਂ ਇਸ ਵਰ੍ਹੇ ਮਾਰਚ ਮਹੀਨੇ ਤੱਕ ਉਸ ਖ਼ਿਲਾਫ਼ ਕੋਈ ਰਸਮੀ ਕੇਸ ਕਿਉਂ ਦਰਜ ਨਹੀਂ ਕੀਤਾ ਗਿਆ। ਹਾਲਾਂਕਿ ਉਸ ਦੇ ਖ਼ਿਲਾਫ਼ ਫਰੀਦਕੋਟ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿਚ ਸ਼ਿਕਾਇਤਾਂ ਆ ਚੁੱਕੀਆਂ ਸਨ। ਮਿਸ਼ਰਾ ਨੇ ਆਪਣੇ ਕੰਮ ਵਾਲਾ ਪਤਾ, ‘146 ਸਾਹਮਣੇ ਗਰੀਨ ਪਾਰਕ, ਜਲੰਧਰ ਬੱਸ ਅੱਡਾ ਦਿੱਤਾ ਹੋਇਆ ਸੀ।
ਜਲੰਧਰ ਦੇ ਬੱਸ ਅੱਡੇ ਵਾਲਾ ਖ਼ੇਤਰ ਟਰੈਵਲ ਏਜੰਟਾਂ ਦਾ ਗੜ੍ਹ ਮੰਨਿਆ ਜਾਂਦਾ, ਜਿਨ੍ਹਾਂ ਵਿੱਚੋਂ ਕੁਝ ਗੈਰਕਾਨੂੰਨੀ ਹਨ। ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕੋਈ ਦਰਜ ਨਾ ਕਰਨ ਸਬੰਧੀ ਜਲੰਧਰ ਦੇ ਡੀਸੀਪੀ ਜਗਮੋਹਨ ਸਿੰਘ ਨੇ ਆਖਿਆ ਕਿ ਉਕਤ ਕੇਸ ਪੜਤਾਲ ਅਧੀਨ ਸਨ। ਜਦੋਂ ਮਿਸ਼ਰਾ ਖ਼ਿਲਾਫ਼ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਮਲੇ ਸਾਹਮਣੇ ਆਏ ਸਨ ਤਾਂ ਉਨ੍ਹਾਂ ਮਿਸ਼ਰਾ ਖ਼ਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਪੜਤਾਲ ਵਿੱਢ ਦਿੱਤੀ ਸੀ। ਮਾਰਚ ਮਹੀਨੇ ਪੜਤਾਲ ਮਗਰੋਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਿਮਸ਼ਰਾ ਨੂੰ ਜਲਦੀ ਪੰਜਾਬ ਲਿਆਉਣ ਦੀ ਕਾਰਵਾਈ ਸ਼ੁਰੂ ਕਰਾਂਗੇ: ਡੀਸੀਪੀ
ਡੀਸੀਪੀ ਜਗਮੋਹਨ ਸਿੰਘ ਨੇ ਆਖਿਆ ਕਿ ਉਸ ਖ਼ਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਮਗਰੋਂ ਉਸ ਨੂੰ ਪੰਜਾਬ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਮਿਸ਼ਰਾ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਅਤੇ ਜਲਦੀ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ। ਜਲੰਧਰ ਦੇ ਸੀਪੀ ਕੁਲਦੀਪ ਚਾਹਲ ਨੇ ਆਖਿਆ ਕਿ ਉਹ ਕੈਨੇਡਾ ਸਰਕਾਰ ਨਾਲ ਰਸਮੀ ਗੱਲਬਾਤ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਲਦੀ ਹੀ ਉਸ ਨੂੰ ਪੰਜਾਬ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਲੰਧਰ ਦੇ ਡਿਪਟੀ ਪੁਲੀਸ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਖਿਆ ਕਿ ਜਲੰਧਰ ਵਿਚ ਕਿਸੇ ਵੀ ਗੈਰਕਾਨੂੰਨੀ ਟਰੈਵਲ ਏਜੰਟ ਨੂੰ ਬਖਸ਼ਿਆ ਨਹੀਂ ਜਾਵੇਗਾ।