ਕੰਢੀ ਖੇਤਰ ਵਿੱਚ ਮਨਾਹੀ ਦੇ ਬਾਵਜੂਦ ਅੰਬ ਦੇ ਦਰੱਖਤ ਵੱਢੇ
ਜਗਜੀਤ ਸਿੰਘ
ਮੁਕੇਰੀਆਂ, 7 ਸਤੰਬਰ
ਕੰਢੀ ਖੇਤਰ ਦੇ ਮਨਾਹੀ ਵਾਲੇ ਖੇਤਰ ਅਤੇ ਫਲਦਾਰ ਦਰੱਖਤਾਂ ਦੀ ਵਾਢੀ ’ਤੇ ਰੋਕ ਹੋਣ ਦੇ ਬਾਵਜੂਦ ਪਿੰਡ ਟੋਹਲੂ ਹਾਰ ਨੇੜਲੇ ਖੇਤਰ ’ਚੋਂ ਅੰਬਾਂ ਦੇ ਦਰੱਖਤਾਂ ਦੀ ਵਾਢੀ ਹੋ ਰਹੀ ਹੈ। ਇਹ ਸੰਘਣੇ ਅੰਬਾਂ ਦੇ ਦਰੱਖਤਾਂ ਵਾਲਾ ਖੇਤਰ ਹੈ ਅਤੇ ਕਰੀਬ ਤਿੰਨ ਥਾਵਾਂ ’ਤੇ ਅੰਬਾਂ ਦੀ ਲੱਕੜ ਦੇ ਢੇਰ ਲੱਗੇ ਹੋਣ ਤੋਂ ਇਲਾਵਾ ਕਰੀਬ ਅੱਧੀ ਦਰਜਨ ਥਾਵਾਂ ’ਤੇ ਦਰੱਖਤਾਂ ਦੀ ਛਾਂਗ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੰਢੀ ਖੇਤਰ ਦੇ ਪਿੰਡ ਟੋਹਲੂ ਹਾਰ ਨੇੜਲੇ ਜੰਗਲਾਤ ਤੇ ਮਨਾਹੀ ਵਾਲੇ ਖੇਤਰ ਅੰਦਰ ਵਣ ਮਾਫੀਆ ਵੱਲੋਂ ਵੱਡੇ ਪੱਧਰ ’ਤੇ ਅੰਬਾਂ ਦੇ ਦਰੱਖਤਾਂ ਦੇ ਮੋਛੈ ਪਾਏ ਜਾ ਰਹੇ ਹਨ। ਉਕਤ ਸਥਾਨ ’ਤੇ ਕਾਫੀ ਜ਼ਿਆਦਾ ਗਿਣਤੀ ਵਿੱਚ ਅੰਬ ਦੇ ਦਰੱਖਤ ਹਨ ਜਿਸ ਦਾ ਲਾਹਾ ਲੈ ਕੇ ਵੱਡੇ ਪੱਧਰ ’ਤੇ ਅੰਬਾਂ ਦੇ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕਰੀਬ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਟਰਾਲੀ ਦੇ ਟਾਇਰ ਦੇ ਨਿਸ਼ਾਨ ਦੇਖੇ ਗਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਟਾਈ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਹੈ।
ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੰਗਲਾਤ ਖੇਤਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਣ ਮਾਫੀਆ ਵੱਲੋਂ ਫਲਦਾਰ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਦਫ਼ਾ ਚਾਰ ਵਿੱਚ ਵੀ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਪਰਮਿਟ ਜਾਰੀ ਕੀਤੇ ਜਾ ਰਹੇ ਹਨ। ਲੱਕੜ ਕੱਟਣ ਵਾਲਿਆਂ ਵੱਲੋਂ ਪਰਮਿਟ ਦਰੱਖਤਾਂ ਦੇ ਟਾਹਣਿਆਂ ਦੇ ਲਏ ਜਾਂਦੇ ਹਨ, ਪਰ ਕੱਟਣ ਵੇਲੇ ਠੇਕੇਦਾਰ ਵੱਲੋਂ ਸਮੁੱਚੇ ਦਰੱਖਤ ਹੀ ਖਪਾ ਦਿੱਤੇ ਜਾਂਦੇ ਹਨ। ਕੱਟੀ ਲੱਕੜ ਤੇ ਛਾਂਗ ਰਾਤੋ ਰਾਤ ਸਾਫ ਕਰ ਦਿੱਤੀ ਜਾਂਦੀ ਹੈ।
ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਦਾ ਦਾਅਵਾ
ਡਿਵੀਜ਼ਨਲ ਫੋਰੈਸਟ ਅਫ਼ਸਰ ਅੰਜਨ ਸਿੰਘ ਨੇ ਕਿਹਾ ਕਿ ਦਰੱਖਤਾਂ ਦੀ ਨਾਜਾਇਜ਼ ਕਟਾਈ ਬਾਰੇ ਪਤਾ ਲੱਗਣ ’ਤੇ ਕਾਰਵਾਈ ਕੀਤੀ ਗਈ ਹੈ ਪਰ ਮੁਲਾਜ਼ਮਾਂ ਦੀ ਘਾਟ ਕਾਰਨ ਦਿੱਕਤ ਪੇਸ਼ ਆ ਰਹੀ ਹੈ। ਰੇਂਜ ਅਫਸਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਪਿੰਡ ਭਟੇੜ ਦੇ ਰਿਤੇਸ਼ ਸ਼ਰਮਾ ਨੇ ਅੰਬ ਦੇ ਦਰੱਖਤ ਦਾ ਟਾਹਣਾ ਝੱਖੜ ਕਾਰਨ ਟੁੱਟਿਆ ਹੋਣ ਦਾ ਆਖ ਕੇ ਪਰਮਿਟ ਲਿਆ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਟਾਹਣੇ ਤੋਂ ਇਲਾਵਾ ਵੀ ਕਟਾਈ ਕੀਤੀ ਗਈ ਸੀ ਜਿਸ ਕਰ ਕੇ ਰਿਤੇਸ਼ ਸ਼ਰਮਾ ਨੂੰ 5330 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਕੇ ’ਤੇ ਕੋਈ ਹੋਰ ਅੰਬ ਦਾ ਦਰੱਖਤ ਕੱਟਿਆ ਨਹੀਂ ਮਿਲਿਆ।