ਖ਼ਰਾਬ ਮੌਸਮ ਦੇ ਬਾਵਜੂਦ ਗੈਸ ਫੈਕਟਰੀ ਖ਼ਿਲਾਫ਼ ਧਰਨਾ ਜਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਪਿੰਡ ਭੂੰਦੜੀ ਵਿਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਸਿੰਘ ਭੂੰਦੜੀ, ਬੀਕੇਯੂ ਏਕਤਾ (ਡਕੌਂਦਾ-ਧਨੇਰ) ਦੇ ਸੁਖਵਿੰਦਰ ਸਿੰਘ ਹੰਬੜਾ, ਪ੍ਰੇਮ ਸਿੰਘ ਬਜ਼ੁਰਗ, ਬੀਕੇਯੂ ਏਕਤਾ (ਉਗਰਾਹਾਂ) ਦੇ ਗੁਰਜੀਤ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਜਗਤਾਰ ਸਿੰਘ, ਹੈਪੀ ਨੂਰਵਾਲੀਆ, ਅਮਰੀਕ ਸਿੰਘ, ਭਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ’ਚ ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਮੀਂਹ, ਝੱਖੜ ਅਤੇ ਚਾਹੇ ਕਹਿਰ ਦੀ ਧੁੱਪ ਹੋਵੇ ਇਹ ਧਰਨਾ ਫੈਕਟਰੀ ਬੰਦ ਕਰਵਾਉਣ ਤਕ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇ ਇਹ ਫੈਕਟਰੀ ਬਣ ਜਾਂਦੀ ਹੈ ਤਾਂ ਲੋਕਾਂ ਬਿਮਾਰ ਹੋਣਾ ਸ਼ੁਰੂ ਹੋ ਜਾਣਗੇ। ਇੱਕ ਵੀਡੀਓ ਰਾਹੀਂ ਉਨ੍ਹਾਂ ਧਰਨਾਕਾਰੀਆਂ ਨੂੰ ਖੰਨਾ ਨੇੜੇ ਇਕ ਪਿੰਡ ’ਚ ਬਣੀ ਬਾਇਓ ਗੈਸ ਆਧਾਰਤ ਫੈਕਟਰੀ ਦੇ ਪ੍ਰਭਾਵ ਬਾਰੇ ਜਾਣੂ ਕਰਵਾਇਆ। ਇਸ ’ਚ ਪਿੰਡ ਵਾਲੇ ਦੱਸਦੇ ਹਨ ਕਿ ਕੋਈ ਵੀ ਰਿਸ਼ਤੇਦਾਰ ਮਿਲਣ ਤੋਂ ਕੰਨੀ ਕਰਤਾਉਂਦਾ ਹੈ। ਚੁਫੇਰੇ ਬਦਬੂ ਫੈਲੀ ਰਹਿੰਦੀ ਹੈ। ਪਿੰਡ ’ਚ ਕੋਈ ਆਪਣੇ ਬੱਚਿਆਂ ਦਾ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਜ਼ਮੀਨ ਦੀ ਕੀਮਤ ਘਟ ਗਈ ਹੈ। ਬੱਚਿਆਂ ਦਾ ਸਰਕਾਰੀ ਸਕੂਲ ਬੰਦ ਹੋਣ ਦੇ ਕਿਨਾਰੇ ਹੈ। ਲੋਕ ਬਿਮਾਰ ਹੋ ਰਹੇ ਹਨ। ਧਰਨਾਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਭੂੰਦੜੀ ਤੇ ਇਲਾਕੇ ’ਚ ਵੀ ਇਹੋ ਹਾਲ ਹੋਵੇਗਾ।
ਇਸ ਮੌਕੇ ਰਾਮ ਸਿੰਘ ਹਠੂਰ ਤੇ ਮੇਵਾ ਸਿੰਘ ਨੇ ਜੋਸ਼ੀਲੇ ਗੀਤ ਗਾ ਕੇ ਲੋਕਾਂ ਅੰਦਰ ਜੋਸ਼ ਭਰਿਆ।