For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੀ ਆਮਦ ਦੇ ਬਾਵਜੂਦ ਕਈ ਖੇਤਰਾਂ ’ਚ ਨਾ ਪਿਆ ਮੀਂਹ

07:39 AM Jul 04, 2024 IST
ਮੌਨਸੂਨ ਦੀ ਆਮਦ ਦੇ ਬਾਵਜੂਦ ਕਈ ਖੇਤਰਾਂ ’ਚ ਨਾ ਪਿਆ ਮੀਂਹ
ਜਲੰਧਰ ’ਚ ਬੁੱਧਵਾਰ ਨੂੰ ਪਏ ਮੀਂਹ ਦੌਰਾਨ ਸੜਕ ’ਤੇ ਖੜ੍ਹੇ ਪਾਣੀ ’ਚੋਂ ਲੰਘਦੇ ਹੋਏ ਵਾਹਨ। ਫੋਟੋ: ਸਰਬਜੀਤ ਸਿੰਘ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਜੁਲਾਈ
ਪੰਜਾਬ ਵਿੱਚ ਮੌਨਸੂਨ ਨੇ ਦਸਤਕ ਤਾਂ ਦੇ ਦਿੱਤੀ ਹੈ, ਪਰ ਪੂਰੇ ਸੂਬੇ ਵਿੱਚ ਮੀਂਹ ਨਹੀਂ ਪੈ ਰਹੇ, ਜਿਸ ਕਰਕੇ ਪੰਜਾਬ ਭਰ ਵਿੱਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਹੈ। ਲੋਕ ਰੋਜ਼ਾਨਾ ਮੀਂਹ ਦੀ ਉਡੀਕ ਕਰ ਰਹੇ ਹਨ, ਪਰ ਮੀਂਹ ਕਿਤੇ-ਕਿਤੇ ਪੈ ਰਿਹਾ ਹੈ। ਲੰਘੀ ਰਾਤ ਵੀ ਪੰਜਾਬ ਦੇ ਕੁੱਝ ਖੇਤਰਾਂ ਵਿੱਚ ਮੀਂਹ ਪਿਆ ਹੈ, ਜਦੋਂਕਿ ਸੂਬੇ ਦਾ ਜ਼ਿਆਦਾਤਰ ਹਿੱਸਾ ਸੁੱਕਾ ਹੀ ਰਹਿ ਗਿਆ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਰਾਜਧਾਨੀ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਨਵਾਂਸ਼ਹਿਰ, ਬਰਨਾਲਾ ਤੇ ਰੋਪੜ ਵਿੱਚ ਮੀਂਹ ਪਿਆ ਹੈ। ਪੰਜਾਬ ਦੇ ਬਾਕੀ ਸ਼ਹਿਰ ਸੁੱਕੇ ਹੀ ਰਹਿ ਗਏ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 4 ਦਿਨ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਮੁਤਾਬਕ 4, 5, 6 ਤੇ 7 ਜੁਲਾਈ ਨੂੰ ਪੰਜਾਬ ਵਿੱਚ ਮੀਂਹ ਪਵੇਗਾ।
ਲੰਘੀ ਰਾਤ ਮੀਂਹ ਕਾਰਨ ਲੁਧਿਆਣਾ, ਮੁਹਾਲੀ, ਬਲਾਚੌਰ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਸੀ। ਕਈ ਸੜਕਾਂ ’ਤੇ ਵੀ ਪਾਣੀ ਖੜ੍ਹ ਗਿਆ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 66.5 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ 88.2 ਐੱਮਐੱਮ, ਬਠਿੰਡਾ ਏਅਰਪੋਰਟ ’ਤੇ ਦੋ, ਨਵਾਂਸ਼ਹਿਰ ਵਿੱਚ 8.1, ਬਰਨਾਲਾ ਵਿੱਚ 10.5, ਮੁਹਾਲੀ ਵਿੱਚ 50.5, ਰੋਪੜ ਵਿੱਚ 15.5, ਬਲਾਚੌਰ ਵਿੱਚ 32 ਐੱਮਐੱਮ ਮੀਂਹ ਪਿਆ ਹੈ। ਮੀਂਹ ਦੇ ਬਾਵਜੂਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਵਿੱਚ ਗਰਮੀ ਦਾ ਕਹਿਰ ਵੀ ਜਾਰੀ ਰਿਹਾ।
ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਨਾ ਪੈਣ ਕਰਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ’ਤੇ ਜ਼ਿਆਦਾ ਨਿਰਭਰ ਰਹਿਣਾ ਪੈ ਰਿਹਾ ਹੈ। ਉੱਧਰ, ਹੁੰਮਸ ਭਰੀ ਗਰਮੀ ਕਰਕੇ ਲੋਕਾਂ ਨੂੰ ਪਸੀਨਾ ਆ ਰਿਹਾ ਹੈ। ਸੂਬੇ ਵਿੱਚ ਪੈ ਰਹੀ ਅਤਿ ਦੀ ਗਰਮੀ ਕਰਕੇ ਬਿਜਲੀ ਦੀ ਮੰਗ ਵੀ ਘਟਣ ਦਾ ਨਾਮ ਨਹੀਂ ਲੈ ਰਹੀ, ਜਿਸ ਕਾਰਨ ਪਾਵਰਕੌਮ ਕਾਮਿਆਂ ਨੂੰ ਵੀ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ।
ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਬਠਿੰਡਾ ਹਵਾਈ ਅੱਡੇ ਦਾ ਇਲਾਕਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 32.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 38.2, ਲੁਧਿਆਣਾ ਵਿੱਚ 33.9, ਪਟਿਆਲਾ ਵਿੱਚ 34.3, ਪਠਾਨਕੋਟ ਵਿੱਚ 37.6 , ਬਠਿੰਡਾ ਸ਼ਹਿਰ ਵਿੱਚ 41.4, ਗੁਰਦਾਸਪੁਰ ਵਿੱਚ 35.5, ਨਵਾਂਸ਼ਹਿਰ ਵਿੱਚ 30.7, ਬਰਨਾਲਾ ਵਿੱਚ 37.4, ਫ਼ਤਹਿਗੜ੍ਹ ਸਾਹਿਬ ਵਿੱਚ 32.7, ਫਿਰੋਜ਼ਪੁਰ ਵਿੱਚ 40.2, ਮੋਗਾ ਵਿੱਚ 37.9, ਮੁਹਾਲੀ ਵਿੱਚ 33.1, ਰੋਪੜ ਵਿੱਚ 32.9, ਜਲੰਧਰ ਵਿੱਚ 36.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

Advertisement

Advertisement
Advertisement
Author Image

joginder kumar

View all posts

Advertisement