For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਆਉਣ ਦੇ ਬਾਵਜੂਦ ਸਰਹੱਦੀ ਖੇਤਰ ਵਿੱਚ ਡਰੇਨਾਂ ਦੀ ਨਹੀਂ ਹੋਈ ਸਫ਼ਾਈ

07:08 AM Jun 29, 2024 IST
ਮੌਨਸੂਨ ਆਉਣ ਦੇ ਬਾਵਜੂਦ ਸਰਹੱਦੀ ਖੇਤਰ ਵਿੱਚ ਡਰੇਨਾਂ ਦੀ ਨਹੀਂ ਹੋਈ ਸਫ਼ਾਈ
ਬਟਾਲਾ ਦੀ ਇਕ ਡਰੇਨ ਵਿੱਚ ਉੱਗੀ ਜਲ ਬੂਟੀ।
Advertisement

ਦਲਬੀਰ ਸੱਖੋਵਾਲੀਆ
ਬਟਾਲਾ, 28 ਜੂਨ
ਪੰਜਾਬ ਵਿੱਚ ਮੌਨਸੂਨ ਦੀ ਦਸਤਕ ਦੇ ਬਾਵਜਦੂ ਸਰਹੱਦੀ ਜ਼ਿਲ੍ਹੇ ਦੀਆਂ ਡਰੇਨਾਂ ਸਾਫ਼-ਸਫ਼ਾਈ ਪੱਖੋਂ ਸੱਖਣੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਡਰੇਨ ਵਿਭਾਗ ਦੇ ਅਧਿਕਾਰੀਆਂ ਨੇ ਡਰੇਨਾਂ ਦੀ ਸਾਫ਼-ਸਫ਼ਾਈ ਕਰਨ ਤੋਂ ਮੂੰਹ ਫੇਰ ਲਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਕਈ ਡਰੇਨਾਂ ਦੀ ਸਫ਼ਾਈ ਕੀਤਿਆਂ ਦਹਾਕੇ ਹੋ ਗਏ ਹਨ। ਸ਼ਾਇਦ ਕਿਸੇ ਕਾਰਨ ਇਨ੍ਹਾਂ ਡਰੇਨਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਜਿੱਥੇ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ, ਉਥੇ ਹੀ ਕਈ ਥਾਵਾਂ ’ਤੇ ਡਰੇਨਾਂ ਵਿੱਚ ਪਸ਼ੂਆਂ ਲਈ ਚਾਰਾ ਤੱਕ ਬੀਜਿਆ ਗਿਆ। ਦੂਜੇ ਪਾਸੇ ਡਰੇਨ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਡਰੇਨਾਂ ਦੀ ਸਾਲਾਨਾ ਸਫ਼ਾਈ ਲਈ 7-8 ਕਰੋੜ ਰੁਪਏ ਦਾ ਬਜਟ ਹੁੰਦਾ ਹੈ, ਪਰ ਸਰਕਾਰ ਨੇ ਹਾਲੇ ਤੱਕ ਸਿਰਫ਼ ਇੱਕ ਕਰੋੜ ਰੁਪਏ ਭੇਜੇ ਹਨ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹੇ ’ਚ ਕੁੱਲ 123 ਡਰੇਨਾਂ ਹਨ, ਜਿਨ੍ਹਾਂ ਦੀ ਲੰਬਾਈ 900 ਕਿਲੋਮੀਟਰ ਹੋਣ ਦੇ ਬਾਵਜੂਦ 12 ਕਾਮੇ ਹੀ ਇਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਐਕਸੀਅਨ ਨੇ ਡਰੇਨਾਂ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਅਤੇ ਚਾਰਾ ਬੀਜਣ ਵਾਲੇ ਲੋਕਾਂ ਵਿਰੁੱਧ ਸਖ਼ਤੀ ਕਾਰਵਾਈ ਕਰਨ ਦੀ ਗੱਲ ਆਖੀ।
ਬਟਾਲਾ ਨੂੰ ਦੋ ਹਿੱਸਿਆ ’ਚ ਵੰਡਦੀ ਹੰਸਲੀ ਨਾਲਾ ਦੀ ਇਸ ਵਾਰ ਸਫ਼ਾਈ ਨਹੀਂ ਹੋਈ। ਲੰਘੇ ਵਰ੍ਹੇ ਸਰਹੱਦੀ ਜ਼ਿਲਾ ਹੜ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਿਆ। ਉਸ ਸਮੇਂ ਨੁਕਸਾਨ ਦਾ ਵੱਡਾ ਕਾਰਨ ਡਰੇਨਾਂ ਦੀ ਸਾਫ਼ ਸਫ਼ਾਈ ਨਾ ਹੋਣਾ ਹੈ। ਇਸ ਵਾਰ ਸਰਹੱਦੀ ਜ਼ਿਲ੍ਹੇ ’ਚ ਡਰੇਨਾਂ ਦੀ ਸਾਫ਼ ਸਫ਼ਾਈ ਦਾ ਕੰਮ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ। ਜਦੋਂ ਕਿ ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਲਈ ਇਹ ਡਰੇਨਾਂ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਜ਼ਿਕਰਯੋਗ ਹੈ ਕਿ ਬਟਾਲਾ-ਸ੍ਰੀਹਰਗੋਬਿੰਦਪੁਰ ’ਤੇ ਪੈਂਦੀਆਂ ਡਰੇਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਅੱਡਾ ਹਰਪੁਰਾ ਧੰਦੋਈ, ਥਰੀਏਵਾਲ, ਕੰਡੀਲਾ ਅਤੇ ਊਧਨਵਾਲ ਕੋਲੋਂ ਲੰਘੀਆਂ ਡਰੇਨਾਂ ਦੀ ਸਾਫ਼ ਸਫ਼ਾਈ ਕੀਤਿਆਂ ਦਹਾਕੇ ਹੋ ਗਏ।
ਕੰਡੀਲਾ ਭੱਠੇ ਕੋਲੋਂ ਲੰਘਦੀ ਡਰੇਨ ’ਚ ਤਾਂ ਪਸ਼ੂਆਂ ਦਾ ਚਾਰਾ ਤੱਕ ਬੀਜਿਆਂ ਗਿਆ। ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਪਿੰਡ ਤਾਰਾਗੜ੍ਹ ਕੋਲ ਡਰੇਨ ਦੀ ਸਫ਼ਾਈ ਹੋਇਆਂ ਕਾਫ਼ੀ ਸਾਲ ਹੋ ਗਏ, ਜਦੋਂ ਕਿ ਫਤਹਿਗੜ੍ਹ ਚੂੜੀਆ ਰੋਡ ਦੀਆਂ ਡਰੇਨਾਂ ਦੀ ਹਾਲਤ ਬਹੁਤੀ ਠੀਕ ਨਹੀਂ। ਇਸੇ ਤਰ੍ਹਾਂ ਕਾਦੀਆਂ ਦੇ ਡੱਲਾ ਮੋੜ, ਪੰਜਗਰਾਈਆਂ, ਫੈਜਉਲਾ , ਖ਼ੁਜਾਲਾ ਦੀਆਂ ਡਰੇਨਾਂ ਸਾਫ਼ ਸਫ਼ਾਈ ਪੱਖੋਂ ਸੱਖਣੀਆਂ ਹਨ। ਪਿੰਡਾਂ ਤੇ ਕਸਬਿਆਂ ਦੇ ਪਾਣੀ ਨੂੰ ਛੋਟੇ ਛੋਟੇ ਖਾਲਾ ਰਾਹੀਂ ਡਰੇਨਾਂ ’ਚ ਸੁੱਟਿਆ ਜਾਂਦਾ ਹੈ। ਇਨ੍ਹਾਂ ਦੀ ਸਾਫ਼ ਸਫ਼ਾਈ ਨਾ ਹੋਣ ’ਤੇ ਹੜ੍ਹਾਂ ਦਾ ਖ਼ਤਰਾ ਬਰਕਰਾਰ ਹੈ।

Advertisement

Advertisement
Author Image

sukhwinder singh

View all posts

Advertisement
Advertisement
×