ਲੱਖਾਂ ਰੁਪਏ ਖਰਚਣ ਦੇ ਬਾਵਜੂਦ ਛੱਪੜ ਦੀ ਹਾਲਤ ਖ਼ਰਾਬ
ਪੱਤਰ ਪ੍ਰੇਰਕ
ਕਾਲਾਂਵਾਲੀ, 27 ਨਵੰਬਰ
ਪਿੰਡ ਅਲੀਕਾਂ ਦੇ ਸਰਕਾਰੀ ਸਕੂਲਾਂ ਨੇੜੇ ਸਥਿਤ ਮੁੱਖ ਛੱਪੜ ਦੀ ਮੌਜੂਦਾ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਛੱਪੜ ਦਾ ਪਾਣੀ ਹੁਣ ਪਸ਼ੂਆਂ ਦੇ ਪੀਣ ਯੋਗ ਨਹੀਂ ਰਿਹਾ, ਫਿਰ ਵੀ ਲੋਕ ਆਪਣੇ ਪਸ਼ੂਆਂ ਨੂੰ ਪਾਣੀ ਪੀਣ ਲਈ ਇਸ ਛੱਪੜ ਵਿੱਚ ਲਿਆਉਣ ਲਈ ਮਜਬੂਰ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਮਿਸ਼ਨ ਅੰਮ੍ਰਿਤ ਸਰੋਵਰ ਸਕੀਮ ਤਹਿਤ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਪੰਚਾਇਤੀ ਛੱਪੜ ਦੇ ਸੁੰਦਰੀਕਰਨ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਹੈ। ਮਿਸ਼ਨ ਅੰਮ੍ਰਿਤ ਸਰੋਵਰ ਤਹਿਤ ਛੱਪੜ ਦੀ ਮੁਰੰਮਤ ਅਤੇ ਸੁੰਦਰੀਕਰਨ ਦੇ ਨਾਂ ’ਤੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਇੱਥੇ ਕੋਈ ਕੰਮ ਹੋਇਆ ਨਹੀਂ ਜਾਪਦਾ, ਜਿਸ ਕਾਰਨ ਇਹ ਉੱਚ ਪੱਧਰੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਨੂੰ ਬਾਹਰ ਕੱਢਿਆ ਜਾਵੇ ਅਤੇ ਤਾਜ਼ਾ ਪਾਣੀ ਪਾਇਆ ਜਾਵੇ ਤਾਂ ਜੋ ਦੁਧਾਰੂ ਪਸ਼ੂਆਂ ਦੇ ਪੀਣ ਲਈ ਸਾਫ਼ ਪਾਣੀ ਉਪਲਬਧ ਹੋ ਸਕੇ। ਪਿੰਡ ਅਲੀਕਾਂ ਵਿੱਚ ਪੰਚਾਇਤੀ ਛੱਪੜਾਂ ਦੀ ਮਿਸ਼ਨ ਅੰਮ੍ਰਿਤ ਸਰੋਵਰ ਸਕੀਮ ਤਹਿਤ ਸਰਕਾਰ ਵੱਲੋਂ ਛੱਪੜਾਂ ਦੀ ਮੁਰੰਮਤ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਗਿਆ ਸੀ ਜਿਸ ਵਿੱਚ ਇੱਕ ਸਰਕਾਰੀ ਸਕੂਲ ਦੇ ਨੇੜੇ ਸਥਿਤ ਮੁੱਖ ਛੱਪੜ ਦਾ ਕੰਮ ਅਜੇ ਵੀ ਲਟਕਿਆ ਹੋਇਆ ਹੈ।