For the best experience, open
https://m.punjabitribuneonline.com
on your mobile browser.
Advertisement

ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਮਤਦਾਨ ਦੇ ਟੀਚੇ ਤੋਂ ਖੁੰਝਿਆ ਮੁਹਾਲੀ ਪ੍ਰਸ਼ਾਸਨ

06:49 AM Jun 03, 2024 IST
ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਮਤਦਾਨ ਦੇ ਟੀਚੇ ਤੋਂ ਖੁੰਝਿਆ ਮੁਹਾਲੀ ਪ੍ਰਸ਼ਾਸਨ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੂਨ
ਜ਼ਿਲ੍ਹਾ ਪ੍ਰਸ਼ਾਸਨ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਮਤਦਾਨ ਦਾ ਟੀਚਾ ਪੂਰਾ ਕਰਨ ਤੋਂ ਖੁੰਝ ਗਿਆ ਹੈ। ਇਹੀ ਨਹੀਂ 85 ਸਾਲ ਦੀ ਵੱਧ ਉਮਰ ਦੇ ਬਜ਼ੁਰਗਾਂ ਨੂੰ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ ਪਰ ਸਟਾਫ਼ ਦੀ ਕਥਿਤ ਅਣਗਹਿਲੀ ਕਾਰਨ ਬਹੁਤ ਸਾਰੇ ਬਜ਼ੁਰਗ ਆਪਣੇ ਘਰ ਤੋਂ ਵੋਟ ਨਹੀਂ ਪਾ ਸਕੇ। ਉਨ੍ਹਾਂ ਨੂੰ ਮਤਦਾਨ ਲਈ ਵੀਲ੍ਹ ਚੇਅਰ ’ਤੇ ਪੋਲਿੰਗ ਬੂਥ ’ਤੇ ਆਉਣ ਲਈ ਮਜਬੂਰ ਹੋਣਾ ਪਿਆ। ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਆਉਂਦੇ ਮੁਹਾਲੀ ਵਿੱਚ 60.16 ਫ਼ੀਸਦੀ ਮਤਦਾਨ ਹੋਇਆ ਹੈ ਤੇ ਖਰੜ ਵਿੱਚ ਸਭ ਤੋਂ ਘੱਟ 56 ਫ਼ੀਸਦੀ ਮਤਦਾਨ ਹੋਇਆ ਹੈ ਜਦੋਂਕਿ ਪਟਿਆਲਾ ਲੋਕ ਹਲਕੇ ਅਧੀਨ ਆਉਂਦਾ ਡੇਰਾਬੱਸੀ 66.08 ਫ਼ੀਸਦੀ ਮਤਦਾਨ ਨਾਲ ਜ਼ਿਲ੍ਹੇ ’ਚੋਂ ਅੱਵਲ ਰਿਹਾ ਹੈ।
ਪਿਛਲੀ ਵਾਰ 2019 ਵਿੱਚ ਸਮੁੱਚੇ ਜ਼ਿਲ੍ਹੇ ਵਿੱਚ 63.45 ਫ਼ੀਸਦੀ ਵੋਟਾਂ ਪਈਆਂ ਸਨ। ਮੁਹਾਲੀ ਵਿੱਚ 60.10 ਫ਼ੀਸਦੀ, ਖਰੜ ਵਿੱਚ 60.63 ਫ਼ੀਸਦੀ ਅਤੇ ਡੇਰਾਬੱਸੀ ਵਿੱਚ 69.02 ਫ਼ੀਸਦੀ ਮਤਦਾਨ ਹੋਇਆ ਸੀ। ਸਾਲ 2014 ਵਿੱਚ ਮੁਹਾਲੀ ਜ਼ਿਲ੍ਹੇ ਵਿੱਚ 70.17 ਫ਼ੀਸਦੀ ਮਤਦਾਨ ਹੋਇਆ ਸੀ। ਮੁਹਾਲੀ ਵਿੱਚ 67.89 ਫ਼ੀਸਦੀ, ਖਰੜ ਵਿੱਚ 70 ਅਤੇ ਡੇਰਾਬੱਸੀ ਵਿੱਚ 72.64 ਫ਼ੀਸਦੀ ਵੋਟਾਂ ਪਈਆਂ ਸਨ।
ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਵੀਪ ਟੀਮ ਮੁਹਾਲੀ ਰਾਹੀਂ 70 ਫ਼ੀਸਦੀ ਤੋਂ ਪਾਰ 80 ਫ਼ੀਸਦੀ ਮਤਦਾਨ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਪ੍ਰੇਰਿਤ ਕੀਤਾ ਗਿਆ। ‘ਯੂਥ ਚਲਿਆ ਬੂਥ’ ਚੇਤਨਾ ਮਾਰਚ ਸਣੇ ਮੋਟਰਸਾਈਕਲ ਰੈਲੀ ਅਤੇ ਪੈਦਲ ਮੈਰਾਥਨ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜ਼ਿਲ੍ਹੇ ਵਿੱਚ 825 ਬੂਥ ਲੈਵਲ ਅਫ਼ਸਰਾਂ ਨੂੰ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਪ੍ਰੇਰਕ ਬਣਾਇਆ ਗਿਆ। ਜਿਹੜੇ ਬੂਥ ਲੈਵਲ ਅਫ਼ਸਰ 70 ਫ਼ੀਸਦੀ ਮਤਦਾਤ ਦੇ ਟੀਚੇ ਨੂੰ ਪਾਰ ਕਰਨਗੇ ਅਤੇ ਜੋ ਬੂਥ ਲੈਵਲ ਅਫ਼ਸਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ 10 ਫ਼ੀਸਦੀ ਤੋਂ ਵੱਧ ਵੋਟ ਆਪੋ-ਆਪਣੇ ਬੂਥਾਂ ’ਤੇ ਵਧਾਉਣਗੇ, ਉਨ੍ਹਾਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਨਗਦ ਪੁਰਸਕਾਰ ਦੇ ਕੇ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਅਤਿ ਦੀ ਗਰਮੀ ਕਾਰਨ ਇਹ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਦੇਰ ਸ਼ਾਮ ਪੋਲਿੰਗ ਪਾਰਟੀਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟਰੇਲ (ਵੀਵੀ ਪੈਟ) ਮਸ਼ੀਨਾਂ ਜਮ੍ਹਾਂ ਕਰਵਾਈਆਂ ਗਈਆਂ। ਮੁਹਾਲੀ ਅਤੇ ਖਰੜ ਹਲਕਿਆਂ ਨਾਲ ਸਬੰਧਤ ਮਸ਼ੀਨਾਂ ਸਰਕਾਰੀ ਬਹੁ-ਤਕਨੀਕੀ ਪੌਲੀ ਟੈਕਨੀਕਲ ਕਾਲਜ ਖਰੜ ਵਿੱਚ ਸਥਾਪਿਤ ਸਟਰਾਂਗ ਰੂਮਜ਼ ਵਿੱਚ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਸਣੇ ਸੀਸੀਟੀਵੀ ਕੈਮਰਿਆਂ ਦੀ 24 ਘੰਟੇ ਨਿਗਰਾਨੀ ਹੇਠ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਦੌਰਾਨ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ਵਿੱਚ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਖਰੜ ਅਤੇ ਮੁਹਾਲੀ ਹਲਕਿਆਂ ਦੀ ਗਿਣਤੀ ਸਰਕਾਰੀ ਬਹੁ-ਤਕਨੀਕੀ ਕਾਲਜ ਖਰੜ ਤੇ ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦੇ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਵੇਗੀ।

Advertisement

ਵੋਟਰਾਂ ਨੇ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਈਆਂ: ਡੀਸੀ

ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਵਿੱਚ ਵੋਟਿੰਗ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਹੋਈ ਹੈ। ਵੋਟਰਾਂ ਨੇ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਈਆਂ। ਉੁਨ੍ਹਾਂ ਦੱਸਿਆ ਕਿ ਡੇਰਾਬੱਸੀ ਵਿੱਚ ਸਭ ਤੋਂ ਵੱਧ 66.08 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਜਦੋਂਕਿ ਮੁਹਾਲੀ ਵਿੱਚ 60.16 ਫੀਸਦੀ ਅਤੇ ਖਰੜ ਵਿੱਚ 56.8 ਫ਼ੀਸਦੀ ਮਤਦਾਨ ਹੋਇਆ।

Advertisement
Author Image

Advertisement
Advertisement
×