ਹਾਈਵੇਅ ਲਈ 1.77 ਕਰੋੜ ਵਸੂਲਣ ਦੇ ਬਾਵਜੂਦ ਨਹੀਂ ਕੱਟੇ 1783 ਦਰੱਖ਼ਤ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 21 ਜੁਲਾਈ
1783 ਦਰੱਖ਼ਤਾਂ ਨੂੰ ਬਨਿਾਂ ਕੱਟੇ ਸਟੇਟ ਹਾਈਵੇਅ ਨੰਬਰ-32 (ਡੱਬਵਾਲੀ-ਸਿਰਸਾ ਵਾਇਆ ਰਾਣੀਆਂ ਸੜਕ) ਨੂੰ ਚੌੜਾ ਕਰਨ ਦਾ ਮੁੱਦਾ ਹਰਿਆਣਾ ਵਿਧਾਨ ਸਭਾ ਦੀ ਅਧੀਨ ਵਿਧਾਨ ਕਮੇਟੀ ਵਿੱਚ ਪੁੱਜ ਗਿਆ ਹੈ। ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਮਾਮਲੇ ਨੂੰ ਕਮੇਟੀ ਦੀ ਮੀਟਿੰਗ ਵਿੱਚ ਪ੍ਰਮੁੱਖਤਾ ਨਾਲ ਚੁੱਕਿਆ।
ਕਰੀਬ 75 ਕਿਲੋਮੀਟਰ ਲੰਬੀ ਇਸ ਸੜਕ ਨੂੰ ਸੱਤ ਮੀਟਰ ਤੋਂ 10 ਮੀਟਰ ਚੌੜਾ ਕੀਤਾ ਜਾ ਰਿਹਾ ਹੈ। ਇਸ ਲਈ ਪੀਡਬਲਿਊਡੀ ਅਤੇ ਬੀਐਂਡਆਰ ਵੱਲੋਂ ਸੜਕ ਕੰਢੇ ਖੜ੍ਹੇ 1783 ਦਰੱਖ਼ਤਾਂ ਦੀ ਕਟਾਈ ਲਈ 1.77 ਕਰੋੜ ਰੁਪਏ ਜੰਗਲਾਤ ਵਿਭਾਗ ਹਰਿਆਣਾ ਨੂੰ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਜੰਗਲਾਤ ਵਿਭਾਗ ਨੇ ਇਨ੍ਹਾਂ ਦਰੱਖ਼ਤਾਂ ਨੂੰ ਨਹੀਂ ਕਟਵਾਇਆ। ਦੂਜੇ ਪਾਸੇ ਮੰਮਡ ਨਹਿਰ ਤੋਂ ਮੁੰਨਾਵਾਲੀ ਮਾਈਨਰ ਤੱਕ ਲਗਪਗ ਸੱਤ ਕਿਲੋਮੀਟਰ ਸੜਕ ਬਣ ਵੀ ਚੁੱਕੀ ਹੈ। ਸੜਕ ਦਾ 30 ਕਿਲੋਮੀਟਰ ਦਾ ਹਿੱਸਾ ਡੱਬਵਾਲੀ ਵਿਧਾਨ ਸਭਾ ਖੇਤਰ ਅਤੇ 45 ਕਿਲੋਮੀਟਰ ਹਿੱਸਾ ਰਾਣੀਆਂ ਖੇਤਰ ਤਹਿਤ ਆਉਂਦਾ ਹੈ।
ਵਿਧਾਇਕ ਅਮਿਤ ਸਿਹਾਗ ਨੇ ਵਿਧਾਨਕ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਧਿਕਾਰੀਆਂ ਦੇ ਸਨਮੁੱਖ ਮਾਮਲਾ ਚੁੱਕੇ ਜਾਣ ਉਪਰੰਤ ਆਖ਼ਰਕਾਰ ਇਹ ਸੜਕ ਬਣਨੀ ਸ਼ੁਰੂ ਹੋਈ ਹੈ। ਸੜਕ ਨੂੰ ਚੌੜਾ ਕਰਨ ਤੋਂ ਪਹਿਲਾਂ ਉਸ ਵਿਚਾਲੇ ਆਉਂਦੇ ਤੇ ਸੜਕ ਕੰਢੇ ਖੜ੍ਹੇ ਦਰੱਖ਼ਤ ਕੱਟੇ ਨਹੀਂ ਗਏ।
ਉਨ੍ਹਾਂ ਕਿਹਾ ਕਿ ਸੜਕ ’ਤੇ ਕਾਫ਼ੀ ਟਰੈਫਿਕ ਰਹਿੰਦਾ ਹੈ ਤੇ ਦਰੱਖ਼ਤਾਂ ਕਾਰਨ ਇੱਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੇ ਵਿਭਾਗੀ ਪੋਰਟਲ ’ਤੇ ਅਜੇ ਤੱਕ ਦਰੱਖ਼ਤ ਕੱਟਣ ਦੀ ਮਨਜ਼ੂਰੀ ਸਬੰਧੀ ਦਸਤਾਵੇਜ਼ ਅਪਲੋਡ ਨਹੀਂ ਹੋਏ ਹਨ।
ਜਮ੍ਹਾਂ ਰਕਮ ਪੋਰਟਲ ’ਤੇ ਨਹੀਂ ਦਿਖ ਰਹੀ: ਜ਼ਿਲ੍ਹਾ ਜੰਗਲਾਤ ਅਧਿਕਾਰੀ
ਸਿਰਸਾ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਨਵਲ ਕਿਸ਼ੋਰ ਨੇ ਕਿਹਾ ਕਿ ਜਮ੍ਹਾਂ ਕਰਵਾਈ ਗਈ ਰਕਮ ਪੋਰਟਲ ’ਤੇ ਨਾ ਦਿਖਣ ਬਾਰੇ ਕੇਂਦਰ ਸਰਕਾਰ ਨੂੰ ਈ-ਮੇਲ ਭੇਜੀ ਗਈ ਹੈ। ਉੱਥੋਂ ਅੱਜ ਇੱਕ ਜਵਾਬ ਆਇਆ ਹੈ। ਮਾਮਲਾ ਨਾ ਸੁਲਝਿਆ ਤਾਂ ਉੱਥੇ ਕੋਈ ਅਧਿਕਾਰੀ ਭੇਜ ਕੇ ਹੱਲ ਕਰਵਾਇਆ ਜਾਵੇਗਾ।