ਉਜਾੜਾ
ਸੁਰਿੰਦਰ ਸਿੰਘ ਮੱਤਾ
ਗਿਆਨੀ ਹਰੀ ਸਿੰਘ ਦੇ ਪਰਿਵਾਰ ਵਿੱਚ ਪਿਛਲੇ ਕਈ ਦਿਨਾਂ ਤੋਂ ਕਸ਼ਮਕਸ਼ ਚੱਲ ਰਹੀ ਸੀ। ਚਾਰ ਜੀਆਂ ਦਾ ਤਾਂ ਪਰਿਵਾਰ ਸੀ। ਗਿਆਨੀ ਜੀ ਆਪ ਉਸ ਦੇ ਨੂੰਹ ਪੁੱਤਰ ਹਕੀਕਤ ਸਿੰਘ ਤੇ ਸ਼ਰਨਜੀਤ ਕੌਰ ਤੇ ਇੱਕ ਸਤਾਰਾਂ ਕੁ ਸਾਲਾਂ ਦੀ ਪੋਤਰੀ ਗੁਰਲੀਨ ਕੌਰ। ਇੱਕ ਪੋਤਰਾ ਹਰਪ੍ਰੀਤ ਸਿੰਘ ਜੋ ਕੋਈ ਤਕਨੀਕੀ ਡਿਗਰੀ ਲੈ ਕੇ ਉੱਚੀ ਪੜ੍ਹਾਈ ਲਈ ਵਿਦੇਸ਼ ਚਲਾ ਗਿਆ ਸੀ। ਫਿਰ ਓਧਰ ਹੀ ਉਸ ਨੇ ਵਿਦੇਸ਼ ਵਸਦੀ ਕੁੜੀ ਨਾਲ ਜਲਦੀ ਪੱਕੇ ਹੋਣ ਲਈ ਵਿਆਹ ਵੀ ਕਰ ਲਿਆ ਸੀ। ਦੋਵੇਂ ਚੰਗੀਆਂ ਨੌਕਰੀਆਂ ਕਰਦੇ ਹਨ। ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਆਪਣੇ ਕੋਲ ਬਲਾਉਣ ਦੀ ਨੀਤੀ ਤਹਿਤ ਹਰਪ੍ਰੀਤ ਨੇ ਲਾਟਰੀ ਸਿਸਟਮ ਵਿੱਚ ਆਪਣੇ ਪਰਿਵਾਰ ਦਾ ਨਾਂ ਪਾਇਆ ਤਾਂ ਪਹਿਲੀਆਂ ਵਿੱਚ ਹੀ ਉਨ੍ਹਾਂ ਦਾ ਨੰਬਰ ਆ ਗਿਆ।
ਸਾਰਾ ਟੱਬਰ ਖ਼ੁਸ਼ ਸੀ ਸਿਵਾਏ ਗਿਆਨੀ ਜੀ ਦੇ। ਚੰਗਾ ਭਲਾ ਚੱਲਦਾ ਕਾਰੋਬਾਰ ਕੀਹਦੇ ਹਵਾਲੇ ਕਰਨ। ਬੜੀਆਂ ਮੁਸੀਬਤਾਂ ਸਹਿ ਕੇ ਉਹ ਇੱਥੋਂ ਤੱਕ ਪਹੁੰਚੇ ਸਨ, ਪਰ ਨੂੰਹ ਪੁੱਤ ਦੀ ਇਹ ਦਲੀਲ ਸੀ ਕਿ ਦੁਕਾਨ ’ਤੇ ਨੌਕਰ ਹੈ ਦੇਖ ਰੇਖ ਲਈ, ਮਾਮੇ ਦਾ ਪੁੱਤਰ ਭਰਾ ਗੁਰਦਾਸ ਨਿਗਰਾਨੀ ਕਰਦਾ ਰਹੂ। ਛੇ ਮਹੀਨਿਆਂ ਦੀ ਤਾਂ ਗੱਲ ਐ ਸਾਰੀ, ਪੀ.ਆਰ. ਕਾਰਡ ਮਿਲਣ ’ਤੇ ਉਹ ਵਾਪਸ ਮੁੜ ਆਉਣਗੇ, ਪਰ ਗਿਆਨੀ ਹਰੀ ਸਿੰਘ ਇਹ ਕਹਿ ਕੇ ‘‘ਪਰ ਹੱਥੀਂ ਵਣਜ, ਸੁਨੇਹੇ ਖੇਤੀ, ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ’’ ਆਪਣਾ ਚਾਦਰ ਸਿਰਾਹਣਾ ਚੁੱਕ ਕੇ ਪਾਉੜੀਆਂ ਚੜ੍ਹ ਗਿਆ। ਉਹ ਛੱਤ ’ਤੇ ਸੌਂਦਾ ਸੀ। ਇਹ ਉਸ ਦੀ ਆਦਤ ਸੀ ਗਰਮੀਆਂ ਦੇ ਮਹੀਨਿਆਂ ’ਚ ਛੱਤ ’ਤੇ ਸੌਣ ਦੀ। ਜ਼ਿਆਦਾ ਗਰਮੀ ਹੋਵੇ ਤਾਂ ਹਕੀਕਤ ਪੱਖਾ ਲਾ ਦਿੰਦਾ ਸੀ। ਹਰੀ ਸਿੰਘ ਸਵੇਰੇ ਚਾਰ ਵਜੇ ਉੱਠਦਾ ਤੇ ਇਸ਼ਨਾਨ ਕਰਕੇ ਘਰ ਦੇ ਨੇੜੇ ਗੁਰੂ ਘਰ ਚਲਾ ਜਾਂਦਾ। ਸਵੇਰੇ ਨਿੱਤਨੇਮ ਦੇ ਪਾਠ ਦੀ ਡਿਊਟੀ ਉਸ ਨੇ ਸੰਭਾਲੀ ਹੋਈ ਸੀ। ਉਦੋਂ ਤੋਂ ਹੀ ਜਦੋਂ ਤੋਂ ਉਹ ਇਸ ਸ਼ਹਿਰ ਆ ਕੇ ਵਸੇ ਸਨ। ਇਸੇ ਕਰਕੇ ਉਸ ਨੂੰ ਸਾਰੇ ਗਿਆਨੀ ਜੀ ਕਹਿਣ ਲੱਗ ਪਏ ਸਨ।
ਛੱਤ ’ਤੇ ਪਹਿਲਾਂ ਹੀ ਡੱਠੇ ਪਏ ਮੰਜੇ ’ਤੇ ਉਸ ਨੇ ਚਾਦਰ ਵਿਛਾਈ ਤੇ ਲੰਮਾ ਪੈ ਗਿਆ। ਭਾਵੇਂ ਹਾਲੇ ਆਸੇ ਪਾਸੇ ਘਰਾਂ ਦੀਆਂ ਬੱਤੀਆਂ ਬੰਦ ਨਹੀਂ ਸੀ ਹੋਈਆਂ, ਪਰ ਰਾਤ ਹਨੇਰ ਦੀ ਸੀ। ਦੂਰ ਦੁਰਾਡੇ ਉਹ ਤਾਰਿਆਂ ਨਾਲ ਗੱਲਾਂ ਕਰਨ ਲੱਗਾ। ਨੌਂ ਸਾਲ ਹੋ ਗਏ ਉਸ ਦੀ ਪਤਨੀ ਅਵਿਨਾਸ਼ ਨੂੰ ਗੁਜ਼ਰਿਆਂ, ਬਸ ਉਦੋਂ ਤੋਂ ਉਸ ਦੀ ਇਹ ਆਦਤ ਬਣ ਗਈ ਕਿ ਉਹ ਲੰਮਾ ਪਿਆ ਤਾਰਿਆਂ ਨੂੰ ਨਿਹਾਰਦਾ ਰਹਿੰਦਾ ਸੀ। ਤਾਰਿਆਂ ’ਚੋਂ ਉਹ ਗੁਆਚੇ ਅਕਸ ਲੱਭਣ ਦੀ ਕੋਸ਼ਿਸ਼ ਕਰਦਾ। ਕਦੇ ਉਹਨੂੰ ਅਵਿਨਾਸ਼ ਦਾ ਝਾਉਲਾ ਪੈਂਦਾ, ਕਦੇ ਉਹ ਆਪਣੇ ਦਾਰ (ਪਿਤਾ) ਜੀ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ। ਹੁਣ ਜਿਸ ਦਿਨ ਦੇ ਬਾਹਰੋਂ ਹਰਪ੍ਰੀਤ ਨੇ ਪੱਕੇ ਹੋਣ ਦੇ ਕਾਗਜ਼ ਭੇਜੇ ਹਨ, ਉਸ ਦਿਨ ਤੋਂ ਦਾਰ ਜੀ ਬਾਰ ਬਾਰ ਉਸ ਦੇ ਚੇਤੇ ਵਿੱਚ ਆਉਂਦੇ ਰਹਿੰਦੇ। ਕੇਹੀ ਵਿਡੰਬਨਾ ਹੈ ਇਹ। ਦਾਰ ਜੀ ਨੇ ਸਾਰੀ ਉਮਰ ਲਾ ਦਿੱਤੀ ਪੱਕੇ ਹੋਣ ਲਈ, ਪਰ ਅਖੀਰ ਉਜਾੜੇ ਦੇ ਦੁੱਖੋਂ ਹੀ ਇਸ ਜਹਾਨੋ ਕੂਚ ਕਰ ਗਏ। ਗਿਆਨੀ ਜੀ ਦੀਆਂ ਅੱਖਾਂ ਮੂਹਰੇ ਉਹ ਸਾਰਾ ਦ੍ਰਿਸ਼ ਘੁੰਮਣ ਲੱਗਿਆ ਜੋ ਉਸ ਨੇ ਸੁਣਿਆ ਸੀ ਤੇ ਫਿਰ ਹੱਡੀਂ ਵੀ ਹੰਢਾਇਆ ਸੀ। ਦਾਰ ਜੀ ਅਕਸਰ ਕਿਹਾ ਕਰਦੇ ਸਨ ‘‘ਹਰੀ ਸਿੰਹਾਂ ਕਿੱਥੋਂ ਦੀ ਮਿੱਟੀ, ਕਿੱਥੇ ਦੀ ਮਿੱਟੀ ਵਿੱਚ ਰਲੇਗੀ।’’ ਇੱਕ ਅਕਹਿ ਪੀੜ ਦਾਰ ਜੀ ਦੇ ਚਿਹਰੇ ’ਤੇ ਸਾਫ਼ ਝਲਕਦੀ ਨਜ਼ਰ ਪੈਂਦੀ। ਦਾਰ ਜੀ ਆਜ਼ਾਦੀ ਦੇ ਹੱਲਿਆਂ ਵੇਲੇ ਮਸਾਂ ਅੱਠ ਨੌਂ ਸਾਲ ਦੇ ਹੋਣਗੇ ਜਦੋਂ ਉਹ ਬੰਨੂ (ਪਾਕਿਸਤਾਨ) ਤੋਂ ਆਪਣੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਟਿਕਾਣਾ ਭਾਈ ਜਗਤਾ ਜੀ ਨੂਰਪੁਰ ਵਿਖੇ ਇੱਕਠੇ ਹੋ ਗਏ ਸਨ ਤੇ ਉੱਥੋਂ ਮਹੰਤ ਗੁਲਾਬ ਸਿੰਘ ਦੀ ਕੋਸ਼ਿਸ਼ ਸਦਕਾ ਸਰਗੋਧਾ ਕੈਂਪ ਹੁੰਦੇ ਹੋਏ ਮਿਲਟਰੀ ਦੀ ਦੇਖ ਰੇਖ ਵਿੱਚ ਸਹੀ ਸਲਾਮਤ ਅੰਮ੍ਰਿਤਸਰ ਪਹੁੰਚ ਗਏ ਸਨ। ਫਿਰ ਦੋ ਕੁ ਮਹੀਨੇ ਦੀ ਖੱਜਲ ਖੁਆਰੀ ਪਿੱਛੋਂ ਮਹੰਤ ਗੁਲਾਬ ਸਿੰਘ ਨੇ ਆਪਣੇ ਸਾਰੇ ਚੇਲਿਆਂ ਨੂੰ ਬਠਿੰਡੇ ਸ਼ਹਿਰ ਦੇ ਨੇੜੇ ਗੋਨਿਆਣਾ ਮੰਡੀ ਵਿੱਚ ਲੈ ਆਂਦਾ। ਹਰੀ ਸਿੰਘ ਦੇ ਦਾਰ ਜੀ ਨੇ ਵੀ ਇੱਥੇ ਆ ਕੇ ਕੱਪੜਿਆਂ ਦੀ ਫੇਰੀ ਦਾ ਕੰਮ ਸ਼ੁਰੂ ਕਰ ਦਿੱਤਾ। ਬਠਿੰਡੇ ਸ਼ਹਿਰੋਂ ਕੱਪੜਾ ਲੈ ਕੇ ਨੇੜੇ ਦੇ ਪਿੰਡਾਂ ਵਿੱਚ ਜਾਂਦਾ। ਕਿਸੇ ਜ਼ਿਮੀਂਦਾਰ ਦੇ ਵੱਡੇ ਦਰਵਾਜ਼ੇ ਵਿੱਚ ਮੰਜਾ ਡਾਹ ਕੇ ਕੱਪੜਾ ਵਿਖਾਉਂਦਾ। ਸਾਰਾ ਦਿਨ ਕਿਸੇ ਨੇ ਉਧਾਰ ਕਰਨਾ, ਕਿਸੇ ਨੇ ਕਣਕ ਬੇਰੜਾ ਦੇਣਾ ਜਿਸ ਨੂੰ ਪਿੰਡ ਦੀ ਹੱਟੀ ਵੇਚ ਕੇ ਪੈਸੇ ਲੈਣੇ। ਕਈ ਬੀਬੀਆਂ ਤਾਂ ਸਿਰੇ ਦੀ ਗੱਲ ਕਰਦੀਆਂ, ‘‘ਨਕਦ ਤਾਂ ਭਾਈ ਵਿਹੁ ਖਾਣ ਨੂੰ ਪੈਸਾ ਨਹੀਂ ਸਾਡੇ ਕੋਲ, ਹਾੜ੍ਹੀ ਸਾਉਣੀ ਦਾ ਸਾਅਬ ਆ।’’ ਕਦੇ ਦੁਆਨੀ ਵੱਟਣੀ ਕਦੇ ਲਾਗਤ ਮੁੱਲ ਵਿੱਚ ਹੀ ਮਿੱਟੀ ਘੱਟਾ ਫੱਕ ਕੇ ਮੁੜ ਆਉਣਾ। ਮੁੱਕਦੀ ਗੱਲ, ਉਹ ਗੱਲ ਨਾ ਬਣੀ ਜੋ ਬੰਨੂ ਦੀ ਸ਼ਾਹਗੀਰੀ ਵਿੱਚ ਸੀ। ਬੰਨੂ ਸ਼ਹਿਰ ਰੇਲਵੇ ਗੇਟ ਦੇ ਅੰਦਰਲੇ ਪਾਸੇ ਉਨ੍ਹਾਂ ਦੀ ਗੁੜ ਸ਼ੱਕਰ ਦੀ ਥੋਕ ਦੀ ਦੁਕਾਨ ਸੀ। ਉਨ੍ਹਾਂ ਦਿਨਾਂ ਵਿੱਚ ਬੰਨੂ ਦੇ ਆਲੇ ਦੁਆਲੇ ਗੰਨੇ ਦੀ ਫ਼ਸਲ ਬਹੁਤ ਭਰਵੀਂ ਹੁੰਦੀ ਸੀ। ਕਾਹਦੀ ਆਜ਼ਾਦੀ ਮਿਲੀ ਸਭ ਭਰਿਆ ਭਕੁੰਨਿਆ ਛੱਡ ਕੇ ਖਾਲੀ ਹੱਥ ਤੁਰ ਆਏ। ਉਹ ਤਾਂ ਭਲਾ ਹੋਵੇ ਟਿਕਾਣੇ ਵਾਲੇ ਮਹਾਪੁਰਖਾਂ ਦਾ ਜਿਨ੍ਹਾਂ ਦੀ ਬਦੌਲਤ ਜਾਨ ਬਚਾ ਕੇ ਹੀ ਆ ਸਕੇ। ਦਾਰ ਜੀ ਦੇ ਦੱਸੇ ਇਹ ਬਿਰਤਾਂਤ ਸੋਚ ਕੇ ਹਰੀ ਸਿੰਘ ਦਾ ਆਪਣਾ ਮਨ ਭਰ ਆਉਂਦਾ। ਕਦੇ ਕਦੇ ਹਕੀਕਤ ’ਤੇ ਉਸ ਨੂੰ ਗੁੱਸਾ ਵੀ ਆਉਂਦਾ, ਕਿਹੜੇ ‘ਪੱਕੇ’ ਹੋਣ ਦੀਆਂ ਗੱਲਾਂ ਕਰਦਾ ਐ ਇਹ ਟੱਬਰ। ਫਿਰ ਸੋਚਦਾ ਹਕੀਕਤ ਵੀ ਕੀ ਕਰੇ ਔਲਾਦ ਦਾ ਮੋਹ ਹੈ ਹੀ ਐਸਾ। ਹਕੀਕਤ ਦਲੀਲ ਦਿੰਦਾ ਕਿ ਇੱਥੇ ਸਿਸਟਮ ਮਾੜਾ ਹੈ ਭਾਪਾ ਜੀ। ਇਸ ਆਜ਼ਾਦ ਮੁਲਕ ਵਿੱਚ ਕੋਈ ਆਜ਼ਾਦ ਹੈ ਹੀ ਨਹੀਂ। ਭਾਈਚਾਰਕ ਸਾਂਝ ਖ਼ਤਮ ਹੋ ਗਈ। ‘‘ਸਿਸਟਮ ਮਾੜਾ ਬਣਾ ਦਿੱਤਾ ਸੌੜੀ ਰਾਜਨੀਤੀ ਨੇ। ਲੋਕ ਖ਼ੁਦ ਹੀ ਰਾਜਨੀਤਕ ਬੁਰਛਾਗਰਦਾਂ ਦੇ ਪਿੱਛਲੱਗ ਬਣੇ ਹੋਏ ਹਨ।’’ ਉਹ ਹਕੀਕਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਉਸ ਨੇ ਹਕੀਕਤ ਨੂੰ ਯਾਦ ਕਰਾਇਆ, ਨਵੰਬਰ 1984 ਵਿੱਚ ਨਾਰਨੌਲ ਵਿੱਚੋਂ ਕਿਹੜੇ ਹਾਲਾਤੀਂ ਨਿਕਲ ਕੇ ਆਏ ਸੀ। ਲਾਲਾ ਕੇਸ਼ੋ ਰਾਮ ਹੀ ਸੀ ਜਿਸ ਨੇ ਆਪਣੇ ਟਰੱਕ ਰਾਹੀਂ ਸਾਨੂੰ ਇਸ ਸ਼ਹਿਰ ਵਿੱਚ ਭੇਜਿਆ ਤਾਂ ਜੋ ਅਸੀਂ ਪੂਰੀ ਹਿਫਾਜ਼ਤ ਨਾਲ ਟਿਕਾਣੇ ’ਤੇ ਪਹੁੰਚ ਸਕੀਏ। ਹਕੀਕਤ ਸੁਣ ਕੇ ਚੁੱਪ ਕਰ ਜਾਂਦਾ।
‘‘ਦਾਦੂ’’ ਸੁਣ ਕੇ ਉਸ ਨੇ ਪਾਸਾ ਭਵਾਂ ਕੇ ਵੇਖਿਆ ਗੁਰਲੀਨ ਸੀ ਜੋ ਪਾਣੀ ਦਾ ਜੱਗ ਲਿਆ ਕੇ ਮੰਜੇ ਕੋਲ ਪਏ ਸਟੂਲ ਤੇ ਰੱਖਦਿਆਂ ਬੋਲੀ, ‘‘ਆਹ ਤੁਹਾਡੀ ਖੂਨ ਪਤਲਾ ਕਰਨ ਵਾਲੀ ਗੋਲੀ ਵੀ ਨਾਲ ਈ ਰੱਖੀ ਐ, ਯਾਦ ਨਾਲ ਲੈ ਲਿਆ ਜੇ।’’ ਗੁਰਲੀਨ ਚਲੀ ਗਈ ਤਾਂ ਥੋੜ੍ਹੀ ਦੇਰ ਬਾਅਦ ਹਕੀਕਤ ਮਲਕ ਦੇਣੇ ਆ ਕੇ ਉਸ ਦੇ ਮੰਜੇ ’ਤੇ ਬੈਠ ਗਿਆ। ਲੱਤਾਂ ਦੀ ਮੁੱਠੀ ਚਾਪੀ ਕਰਦਿਆਂ ਉਹ ਬੋਲਿਆ ‘‘ਭਾਪਾ ਜੀ ਤੁਸੀਂ ਮਨ ਨੂੰ ਤਕੜਾ ਰੱਖੋ, ਮੈਂ ਗੁਰਲੀਨ ਦੇ ਨਾਨੇ ਨਾਲ ਵੀ ਗੱਲ ਕਰ ਲਈ ਹੈ। ਉਹ ਦਸਾਂ ਪੰਦਰਾਂ ਦਿਨਾਂ ਬਾਅਦ ਗੇੜਾ ਮਾਰ ਜਾਇਆ ਕਰਨਗੇ, ਕੋਈ ਜ਼ਿਆਦਾ ਦੂਰ ਨਹੀਂ ਲੁਧਿਆਣਾ ਮੋਗੇ ਤੋਂ।’’ ‘‘ਵੇਖ ਲਉ ਜਿਵੇਂ ਠੀਕ ਬੈਠਦਾ’’ ਕਹਿ ਕੇ ਉਸ ਨੇ ਪਾਸਾ ਲੈ ਲਿਆ। ਹਕੀਕਤ ਚਲਾ ਗਿਆ, ਪਰ ਉਸ ਦੀ ਬੇਚੈਨੀ ਵਧਦੀ ਗਈ। ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ।
ਉਸ ਦਾ ਧਿਆਨ ਫਿਰ ਪਿੱਛੇ ਚਲਾ ਗਿਆ। ਉਸ ਨੂੰ ਯਾਦ ਸੀ ਕਿ ਉਹ ਦੂਜੀ ਜਮਾਤ ਵਿੱਚ ਹੀ ਸੀ ਜਦੋਂ ਉਸ ਦੇ ਮਾਂ-ਬਾਪ ਨੇ ਗੋਨਿਆਣਾ ਮੰਡੀ ਛੱਡੀ ਸੀ। ਦਰਅਸਲ, ਮੰਡੀ ਦਾ ਦਾਇਰਾ ਛੋਟਾ ਹੋਣ ਕਾਰਨ ਜਿੰਨੇ ਪਰਿਵਾਰ ਇੱਥੇ ਹਿਜਰਤ ਕਰਕੇ ਆ ਗਏ ਸਨ। ਉਨ੍ਹਾਂ ਸਾਰਿਆਂ ਦਾ ਇੱਥੇ ਜਜ਼ਬ ਹੋਣਾ ਮੁਸ਼ਕਿਲ ਸੀ। ਇਸ ਲਈ ਉਨ੍ਹਾਂ ਵਿੱਚੋਂ ਕਾਫ਼ੀ ਪਰਿਵਾਰ ਅੱਗੇ ਦੀ ਅੱਗੇ ਦੂਜੇ ਸ਼ਹਿਰਾਂ/ ਮੰਡੀਆਂ ਦਾ ਰੁਖ ਕਰ ਰਹੇ ਸਨ। ਜਿਵੇਂ ਜੈਤੋ ਮੰਡੀ ਵਿੱਚ ਕੁਝ ਕੁ ਘਰ ਚਲੇ ਗਏ। ਉਨ੍ਹਾਂ ਦੇ ਕਈ ਰਿਸ਼ਤੇਦਾਰ ਕਾਲਿਆਂਵਾਲੀ ਮੰਡੀ ਜਾ ਬੈਠੇ। ਉਹ ਇਸ ਤੋਂ ਵੀ ਅੱਗੇ ਹਿਸਾਰ ਲੰਘ ਨਾਰਨੌਲ ਜਾ ਪਹੁੰਚੇ। ਇੱਥੇ ਉਨ੍ਹਾਂ ਦੇ ਜਾਣਕਾਰ ਕੋਹਾਟ ਤੋਂ ਚਾਰ ਪੰਜ ਪਰਿਵਾਰ ਬੈਠੇ ਸਨ। ਜਿਨ੍ਹਾਂ ਦੇ ਰਿਸ਼ਤੇਦਾਰ ਗੋਨਿਆਣੇ ਹੋਣ ਕਰਕੇ ਰਾਬਤਾ ਕਾਇਮ ਹੋ ਗਿਆ। ਨਾਰਨੌਲ ਜਾ ਕੇ ਪਹਿਲਾਂ ਤਾਂ ਉਸ ਦੇ ਬਾਪ ਨੇ ਲਾਲਾ ਕੇਸ਼ੋ ਰਾਮ ਦੀ ਆੜ੍ਹਤ ਦੀ ਦੁਕਾਨ ’ਤੇ ਮੁਨੀਮ ਦੀ ਨੌਕਰੀ ਕਰ ਲਈ। ਆਪਣਾ ਕੰਮ ਉਹ ਪੱਕੇ ਪੈਰੀਂ ਕਰਨਾ ਚਾਹੁੰਦਾ ਸੀ। ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸ ਦੀ ਝਾਈ (ਮਾਂ) ਹੱਥ ਵਾਲੀ ਮਸ਼ੀਨ ’ਤੇ ਅੱਧੀ ਅੱਧੀ ਰਾਤ ਤੱਕ ਲੋਕਾਂ ਦੇ ਕੱਪੜੇ ਸਿਉਂਦੀ ਰਹਿੰਦੀ। ਹੌਲੀ ਹੌਲੀ ਲਾਲਾ ਕੇਸ਼ੋ ਰਾਮ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਬਣ ਗਏ। ਕੇਸ਼ੋ ਰਾਮ ਦੇ ਮੁੰਡੇ ਗਿਰਧਾਰੀ ਲਾਲ ਨੇ ਮੁਨੀਮੀ ਦੇ ਸਾਰੇ ਗੁਣ ਸਿੱਖ ਲਏ ਸਨ। ਹਰੀ ਸਿੰਘ ਦੇ ਬਾਪ ਨੂੰ ਉਹ ਚਾਚਾ ਜੀ ਕਹਿੰਦਾ। ਫਿਰ ਕੇਸ਼ੋ ਰਾਮ ਨੇ ਹੀ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਖੁੱਲ੍ਹਵਾ ਦਿੱਤੀ। ਜਿਹੜਾ ਕਿਸਾਨ ਭਾਈਚਾਰਾ ਕੇਸ਼ੋ ਰਾਮ ਦੀ ਆੜ੍ਹਤ ਨਾਲ ਜੁੜਿਆ ਹੋਇਆ ਸੀ, ਉਹ ਰਾਸ਼ਨ ਹਰੀ ਸਿੰਘ ਦੀ ਦੁਕਾਨ ਤੋਂ ਲੈਣ ਲੱਗ ਪਏ। ਕਿਉਂਕਿ ਰਾਸ਼ਨ ਉਧਾਰ ਜਾਂਦਾ ਸੀ। ਲਾਲਾ ਜੀ ਦੀ ਦੁਕਾਨ ਤੋਂ ਪਰਚੀ ਜਾਂਦੀ ਤੇ ਰਾਸ਼ਨ ਮਿਲ ਜਾਂਦਾ। ਇਸ ਤਰ੍ਹਾਂ ਨਕਦੀ ਵਾਲੇ ਗਾਹਕ ਵੀ ਜੁੜ ਗਏ।
ਉਨ੍ਹਾਂ ਦਾ ਖ਼ਰਚਾ ਤਾਂ ਨਕਦ ਗਾਹਕਾਂ ਵਿੱਚੋਂ ਨਿਕਲ ਜਾਂਦਾ। ਜਿਹੜਾ ਹਿਸਾਬ ਹਾੜ੍ਹੀ-ਸਾਉਣੀ ਉਧਾਰੀ ਦਾ ਲਾਲਾ ਜੀ ਦੀ ਦੁਕਾਨ ਦੀਆਂ ਪਰਚੀਆਂ ਦਾ ਹੁੰਦਾ ਉਹ, ਉਨ੍ਹਾਂ ਦੀ ਬੱਚਤ ਹੋ ਜਾਂਦੀ। ਦਿਨ ਫਿਰਨ ਲੱਗ ਪਏ। ਕਿਰਾਏ ਦਾ ਘਰ ਛੱਡ ਕੇ ਉਨ੍ਹਾਂ ਨੇ ਬਜਾਜਾਂ ਬਾਜ਼ਾਰ ਵਿੱਚ ਇੱਕ ਪੁਰਾਣਾ ਘਰ ਖ਼ਰੀਦ ਲਿਆ। ਚਲੋ ਸਿਰ ਢਕਣ ਲਈ ਆਪਣੀ ਛੱਤ ਤਾਂ ਮਿਲੀ। ਉਹ ਸਾਰੇ ਖ਼ੁਸ਼ ਸਨ। ਹਰੀ ਸਿੰਘ ਦਾ ਮਨ ਵੀ ਪੜ੍ਹਾਈ ਵਿੱਚ ਘੱਟ ਤੇ ਦੁਕਾਨ ’ਤੇ ਜ਼ਿਆਦਾ ਲੱਗਦਾ। ਅਸਲ ਵਿੱਚ ਦੁਕਾਨਦਾਰੀ ’ਕੱਲੇ ਬੰਦੇ ਦੇ ਵੱਸ ਦੀ ਨਹੀਂ, ਇਸ ਲਈ ਪੰਜਵੀਂ ਕਰਕੇ ਪੱਕੇ ਤੌਰ ’ਤੇ ਦਾਰ ਜੀ ਨਾਲ ਦੁਕਾਨ ’ਤੇ ਬਹਿ ਗਿਆ ਸੀ। ਮਹੰਤ ਆਸਾ ਸਿੰਘ ਜੋ ਉਨ੍ਹੀਂ ਦਿਨੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਵਿਖੇ ਸੇਵਾ ਨਿਭਾਅ ਰਹੇ ਸਨ, ਦੇ ਬਚਨਾਂ ਦੀ ਪਾਲਣਾ ਕਰਦੇ ਹੋਏ, ਹਰੀ ਸਿੰਘ ਦਾ ਰਿਸ਼ਤਾ ਜਗਰਾਉਂ ਕਸਬੇ ਵਿੱਚ ਟਿਕਾਣੇ ਦੇ ਇੱਕ ਸ਼ਰਧਾਲੂ ਭਗਤ ਸਿੰਘ ਦੀ ਬੇਟੀ ਨਾਲ ਕਰ ਦਿੱਤਾ। ਸਾਦਾ ਵਿਆਹ ਦੋਵਾਂ ਪਰਿਵਾਰਾਂ ਨੇ ਗੋਨਿਆਣੇ ਮੰਡੀ ਇਕੱਠੇ ਹੋ ਕੇ ਟਿਕਾਣੇ ਵਿਖੇ ਹੀ ਸੰਪੰਨ ਕਰ ਲਿਆ।
ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ ਸੀ। ਉਸ ਦੀ ਜਾਗ ਹਲਕੀ ਹਲਕੀ ਭੂਰ ਜਿਹੀ ਪੈਣ ਨਾਲ ਜਦੋਂ ਖੁੱਲ੍ਹੀ ਤਾਂ ਤਿੰਨ ਵੱਜੇ ਸਨ। ਉਸ ਨੇ ਮੰਜੇ ਨੂੰ ਮਮਟੀ ਦੀ ਦੀਵਾਰ ਨਾਲ ਖੜ੍ਹਾ ਕੀਤਾ ਤੇ ਚਾਦਰ, ਸਿਰਾਹਣਾ ਤੇ ਪਾਣੀ ਵਾਲਾ ਜੱਗ ਹੱਥ ਵਿੱਚ ਫੜੀ ਥੱਲੇ ਉਤਰ ਆਇਆ। ਹਕੀਕਤ ਹੁਰੀਂ ਤਾਂ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸਨ। ਉਹ ਕੁਝ ਦੇਰ ਲਾਬੀ ਵਿੱਚ ਬੈਠਾ, ਫਿਰ ਪਾਣੀ ਦਾ ਗਲਾਸ ਪੀ ਕੇ ਨਹਾਉਣ ਦੀ ਤਿਆਰੀ ਕਰਨ ਲੱਗ ਪਿਆ। ਗਰਜਦੇ ਬੱਦਲਾਂ ਨੂੰ ਪੁਰੇ ਦੀ ਤੇਜ਼ ਹਵਾ ਉਡਾ ਕੇ ਕਿਧਰੇ ਲੈ ਗਈ। ਅਸਮਾਨ ਹੁਣ ਸਾਫ਼ ਸੀ। ਦਸਤਾਰ ਸਜਾਉਣ ਤੋਂ ਬਾਅਦ ਉਸ ਨੇ ਵੇਖਿਆ ਹਾਲੇ ਚਾਰ ਵੱਜਣ ਵਿੱਚ ਵੀਹ ਮਿੰਟ ਬਾਕੀ ਸਨ। ਨੀਂਦ ਪੂਰੀ ਨਾ ਹੋਣ ਕਾਰਨ ਉਸ ਦਾ ਸਿਰ ਭਾਰੀ ਸੀ। ਉਸ ਨੇ ਰਸੋਈ ਵਿੱਚ ਜਾ ਕੇ ਚਾਹ ਦੀ ਪਤੀਲੀ ਗੈਸ ਚੁੱਲ੍ਹੇ ’ਤੇ ਰੱਖ ਲਈ। ਰਸੋਈ ’ਚ ਖੜ੍ਹੇ ਨੂੰ ਉਸ ਨੂੰ ਆਪਣੀ ਪਤਨੀ ਅਵਿਨਾਸ਼ ਦੀ ਬਹੁਤ ਯਾਦ ਆਈ। ਕਰਮਾਂ ਵਾਲੀ ਜਿੰਨਾ ਚਿਰ ਸਾਥ ਰਹੀ ਮੋਢੇ ਨਾਲ ਮੋਢਾ ਡਾਹ ਕੇ ਉਸ ਦਾ ਹਰ ਔਕੜ ਦੇ ਸਮੇਂ ਸਾਥ ਦਿੱਤਾ। ਉਸ ਨੇ ਸਾਰੀ ਜ਼ਿੰਦਗੀ ਸੰਘਰਸ਼ ਹੀ ਕੀਤਾ। ਵਿਆਹ ਤੋਂ ਬਾਅਦ ਘਰ ਦੇ ਕੰਮ ਤੋਂ ਵਿਹਲੀ ਹੁੰਦੀ ਤਾਂ ਮਾਂ ਨਾਲ ਕੱਪੜੇ ਸਿਊਣ ਬੈਠ ਜਾਂਦੀ। ਫਿਰ ਉਨ੍ਹਾਂ ਦੇ ਘਰ ਹਕੀਕਤ ਦੀ ਆਮਦ ਹੋਈ। ਉਸ ਨੂੰ ਯਾਦ ਆਇਆ ਜਦੋਂ ਉਹ ਲਾਲਾ ਕੇਸ਼ੋ ਰਾਮ ਦੇ ਘਰ ਮਿਠਾਈ ਦੇਣ ਗਿਆ ਤਾਂ ਸਾਰੇ ਟੱਬਰ ਨੇ ਬਹੁਤ ਖ਼ੁਸ਼ੀ ਮਨਾਈ ਸੀ। ਕੇਸ਼ੋ ਰਾਮ ਆਪ, ਉਸ ਦੀ ਵਹੁਟੀ ਤੇ ਗਿਰਧਾਰੀ ਦੀ ਪਤਨੀ ਉਸ ਦੇ ਘਰ ਹਕੀਕਤ ਨੂੰ ਵੇਖਣ ਲਈ ਆਏ ਸਨ। ਕਿੰਨੇ ਸਾਰੇ ਕੱਪੜੇ ਲੀੜੇ ਲੈ ਕੇ ਆਏ ਸਨ ਹਕੀਕਤ ਲਈ ਤੇ ਮਿਠਾਈ ਦੇ ਡੱਬੇ ਅਲੱਗ। ਇਹ ਕੇਹੀ ਸਾਂਝ ਸੀ, ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ। ਨਾਰਨੌਲ ਵਿੱਚ ਜ਼ਰਾ ਕੁ ਸੁੱਖ ਦਾ ਸਾਹ ਆਉਣ ਲੱਗਿਆ ਤਾਂ ਚੁਰਾਸੀ ਦੀ ਬਿੱਜ ਆਣ ਪਈ। ਸ਼ਹਿਰ ਵਿੱਚ ਕੋਈ ਮਾਰ ਕਾਟ ਤਾਂ ਨਹੀਂ ਹੋਈ, ਪਰ ਸਹਿਮ ਬਹੁਤ ਸੀ। ਦਿੱਲੀ ਤੇ ਹੋਰ ਸ਼ਹਿਰਾਂ ਦੀਆਂ ਖ਼ਬਰਾਂ ਸੁਣ ਕੇ ਡਰ ਸੀ। ਹਾਂ ਬਾਹਰੋਂ ਆਏ ਲੁਟੇਰਿਆਂ ਨੇ ਨੁਕਸਾਨ ਬਹੁਤ ਕੀਤਾ। ਹਰੀ ਸਿੰਘ ਹੁਰਾਂ ਦੀ ਦੁਕਾਨ ਵਿੱਚ ਤਾਂ ਛੱਡਿਆ ਹੀ ਕੱਖ ਨਹੀਂ ਸੀ। ਉਹ ਆਪ ਸਾਰੇ ਜੀਅ ਹਫ਼ਤਾ ਭਰ ਲਾਲਾ ਕੇਸ਼ੋ ਰਾਮ ਦੇ ਘਰ ਰਹੇ ਸਨ। ਜਦੋਂ ਹਾਲਾਤ ਕੁਝ ਟਿਕੇ ਤਾਂ ਹਰੀ ਸਿੰਘ ਆਪਣੀ ਪਤਨੀ ਤੇ ਮਾਂ ਨੂੰ ਨਾਲ ਲੈ ਕੇ ਜਗਰਾਉਂ ਆ ਗਿਆ ਸੀ। ਉਸ ਵੇਲੇ ਹਕੀਕਤ ਵੀ ਅੱਠ ਨੌਂ ਸਾਲਾ ਦਾ ਸੀ। ਫਿਰ ਜਗਰਾਉਂ ਤੋਂ ਇਸ ਸਨਅਤੀ ਸ਼ਹਿਰ ਵਿੱਚ ਆ ਕੇ ਆਪਣੇ ਰਿਸ਼ਤੇਦਾਰਾਂ ਦੀ ਸਲਾਹ ਨਾਲ ਬਸੇਰਾ ਕਰ ਲਿਆ।
ਚਾਹ ਦਾ ਖਾਲੀ ਗਲਾਸ ਉਸ ਨੇ ਰਸੋਈ ਵਿੱਚ ਰੱਖਿਆ ਤੇ ਮੇਨ ਗੇਟ ਨੂੰ ਬਾਹਰੋਂ ਤਾਲਾ ਮਾਰ ਕੇ ਉਸ ਨੇ ਗੁਰਦੁਆਰੇ ਵੱਲ ਮੂੰਹ ਕਰ ਲਿਆ। ਉਸ ਦੇ ਜਾਂਦੇ ਨੂੰ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਸੀ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾ ਰਿਹਾ ਸੀ। ਉਸ ਨੇ ਆਪ ਜਪੁਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ, ਪਰ ਉਸ ਦਾ ਮਨ ਉੱਖੜਿਆ ਹੋਇਆ ਸੀ। ਪਾਠ ਕਰਦੇ ਉਸ ਤੋਂ ਉਕਾਈ ਹੋ ਰਹੀ ਸੀ, ਇੱਕ ਤੁਕ ਨੂੰ ਦੋ ਵਾਰ ਪੜ੍ਹ ਜਾਂਦਾ। ਭਾਈ ਸਾਹਿਬ ਨੇ ਉਸ ਦੀ ਦਸ਼ਾ ਭਾਂਪ ਲਈ ਸੀ। ਜਪੁਜੀ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਨੇ ਡਿਊਟੀ ਸੰਭਾਲ ਲਈ। ਉਹ ਉੱਠ ਕੇ ਗੁਰਦੁਆਰੇ ਦੇ ਬਾਹਰ ਸੱਜੇ ਹੱਥ ਬਣੇ ਪਾਰਕ ਵਿੱਚ ਜਾ ਕੇ ਬੈਠ ਗਿਆ। ਉਸ ਨਾਲ ਇਹ ਪਹਿਲੀ ਵਾਰ ਹੋਇਆ, ਜਦੋਂ ਦਾ ਉਸ ਨੇ ਸਵੇਰ ਦੇ ਪਾਠ ਦੀ ਡਿਊਟੀ ਸੰਭਾਲੀ ਸੀ। ਉਹ ਬੈਂਚ ’ਤੇ ਢੋਅ ਲਾ ਕੇ ਬੈਠਾ ਸੋਚ ਰਿਹਾ ਸੀ। ਕੀ ਐ ਇਹ ਮਨੁੱਖਾ ਜਨਮ, ਸਾਰੀ ਜ਼ਿੰਦਗੀ ਭੱਜ ਨੱਸ ਵਿੱਚ ਹੀ ਕੱਢ ਦਿੱਤੀ। ਪਹਿਲਾਂ ਉਸ ਦੇ ਬਾਪ ਨੇ ਤੇ ਹੁਣ...। ਅੱਸੀਆਂ ਦੇ ਨੇੜੇ ਢੁੱਕੇ ਸਨ ਉਸ ਦੇ ਮਾਂ-ਬਾਪ ਜਦੋਂ ਉਹ ਉਨ੍ਹਾਂ ਨੂੰ ਚੁੱਕ ਕੇ ਇਸ ਸ਼ਹਿਰ ਵਿੱਚ ਲੈ ਆਇਆ ਸੀ। ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਮਗਰੋਂ ਕਿਤੇ ਜਾ ਕੇ ਗਿਰਧਾਰੀ ਲਾਲ ਦੀ ਹਿੰਮਤ ਸਦਕਾ ਨਾਰਨੌਲ ਵਾਲੀ ਦੁਕਾਨ ਤੇ ਘਰ ਵਿਕੇ ਤਾਂ ਚਾਰ ਪੈਸੇ ਹੱਥ ਆਏ। ਫਿਰ ਉਸ ਨੇ ਸਿਰ ਢੱਕਣ ਲਈ ਨਵੀਂ ਉਸਰ ਰਹੀ ਕਾਲੋਨੀ ਵਿੱਚ ਘਰ ਲੈ ਲਿਆ। ਮੇਨ ਸੜਕ ’ਤੇ ਥੋੜ੍ਹੀ ਜਿਹੀ ਪਗੜੀ ਦੇ ਕੇ ਦੁਕਾਨ ਲੈ ਲਈ। ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਇਸ ਸ਼ਹਿਰ ਵਿੱਚ ਆ ਕੇ ਉਸ ਨੇ ਪਹਿਲਾਂ ਇੱਕ ਰੇਹੜੀ ’ਤੇ ਬ੍ਰੈੱਡ ਆਂਡੇ ਵੀ ਵੇਚੇ ਸਨ। ਫਿਰ ਰੇਹੜੀ ਨਾਲ ਇੱਕ ਬੈਂਚ ਜੋੜ ਕੇ ਕੁਝ ਕਰਿਆਨੇ ਦਾ ਸਾਮਾਨ ਵੀ ਰੱਖ ਲਿਆ ਸੀ। ਸ਼ਹਿਰ ਦੇ ਇਸ ਪਾਸੇ ਪਰਵਾਸੀ ਮਜ਼ਦੂਰਾਂ ਦਾ ਜ਼ਿਆਦਾ ਆਉਣ ਜਾਣ ਸੀ ਜੋ ਟੁੱਟਵਾਂ ਸੌਦਾ ਲੈ ਜਾਂਦੇ ਸਨ। ਇਸ ਤਰ੍ਹਾਂ ਉਸ ਦੀ ਦਿਹਾੜੀ ਬਣ ਜਾਂਦੀ ਸੀ। ਆਪਣਾ ਅੱਡਾ ਉਸ ਨੇ ਇੱਕ ਬੰਦ ਪਈ ਫੈਕਟਰੀ ਦੇ ਗੇਟ ਸਾਹਮਣੇ ਰੱਖਿਆ ਸੀ। ਇੱਥੇ ਅੱਡਾ ਲਾਉਣ ਦੀ ਸਲਾਹ ਵੀ ਉਸ ਨੂੰ ਫੈਕਟਰੀ ਦੇ ਚੌਕੀਦਾਰ ਨੇ ਹੀ ਦਿੱਤੀ ਸੀ। ਸ਼ਾਮ ਨੂੰ ਆਪਣਾ ਸਾਰਾ ਸਾਮਾਨ ਰੇਹੜੀ ’ਤੇ ਟਿਕਾ ਕੇ, ਰੇਹੜੀ ਨੂੰ ਤਰਪਾਲ ਨਾਲ ਢੱਕ ਕੇ ਫੈਕਟਰੀ ਦੇ ਗੇਟ ਅੰਦਰ ਖੜ੍ਹਾ ਕਰ ਦਿੰਦਾ। ਫੈਕਟਰੀ ਦਾ ਚੌਕੀਦਾਰ ਵੀ ਅੰਦਰ ਹੀ ਰਹਿੰਦਾ ਸੀ। ਬਸ ਰੋਟੀ ਪਾਣੀ ਤੁਰ ਪਿਆ। ਜੋ ਕਮਾਉਣਾ ਉਹੀ ਖਾਣਾ। ਉਹ ਤਾਂ ਨਾਰਨੌਲ ਵਾਲੇ ਦੁਕਾਨ ਤੇ ਮਕਾਨ ਦੀ ਰਕਮ ਮਿਲੀ ਤਾਂ ਉਸ ਨੇ ਇਹ ਕੰਮ ਛੱਡਿਆ। ਹਕੀਕਤ ਦੇ ਮਾਮਿਆਂ ਦੀ ਸਲਾਹ ਨਾਲ ਹੀ ਉਸ ਨੇ ਬਜਾਜੀ ਦਾ ਕੰਮ ਸ਼ੁਰੂ ਕਰ ਲਿਆ। ਉਸ ਦੇ ਸਹੁਰਿਆਂ ਦੀ ਜਗਰਾਉਂ ਕੱਪੜੇ ਦੀ ਦੁਕਾਨ ਸੀ। ਹਰੀ ਸਿੰਘ ਆਪ ਮਿਹਨਤੀ ਸੀ। ਫਿਰ ਹਕੀਕਤ ਵੀ ਉਡਾਰ ਹੋ ਗਿਆ। ਦੁਕਾਨ ਮੇਨ ਸੜਕ ’ਤੇ ਹੋਣ ਕਰਕੇ ਚੰਗੀ ਚੱਲ ਪਈ ਸੀ। ਉਸ ਦੇ ਮਾਂ-ਬਾਪ ਇਹ ਸਕੂਨ ਤਾਂ ਦਿਲ ਵਿੱਚ ਲੈ ਕੇ ਗਏ ਕਿ ਹਰੀ ਸਿੰਘ ਦਾ ਕਾਰੋਬਾਰ ਫਿਰ ਤੋਂ ਪੈਰਾਂ ਸਿਰ ਹੋ ਗਿਆ। ਪਰ ਹਕੀਕਤ ਦੇ ਵਿਆਹ ਦਾ ਚਾਅ ਮਨ ਵਿੱਚ ਲੈ ਕੇ ਹੀ ਅੱਗੇ ਪਿੱਛੇ ਰੱਬ ਨੂੰ ਪਿਆਰੇ ਹੋ ਗਏ। ਹਕੀਕਤ ਨੂੰ ਵੀ ਉਸ ਨੇ ਮੋਗੇ ਵਿਆਹ ਲਿਆ ਸੀ। ਕੱਲ੍ਹ ਦੀਆਂ ਗੱਲਾਂ ਹਨ ਹਾਲੇ। ਪੋਤਰਾ ਤੇ ਪੋਤਰੀ ਆ ਗਏ। ਕਿਰਾਏ ਦੀ ਦੁਕਾਨ ਮੁੱਲ ਖ਼ਰੀਦ ਕੇ ਹਕੀਕਤ ਨੇ ਉੱਪਰਲੀ ਮੰਜ਼ਿਲ ਛੱਤ ਕੇ ਉੱਪਰ ਪਰਦਿਆਂ ਚਾਦਰਾਂ ਦਾ ਕੰਮ ਕਰ ਲਿਆ।
ਦਿਨ ਫਿਰ ਗਏ ਸਨ। ਹਕੀਕਤ ਨੇ ਆਪਣੇ ਬੇਟੇ ਨੂੰ ਇੰਜਨੀਅਰਿੰਗ ਕਰਵਾਈ ਤਾਂ ਜੋ ਚੰਗੀ ਨੌਕਰੀ ਕਰੇ, ਪਰ ਹੁਣ ਹਵਾ ਪੁੱਠੀ ਚੱਲੀ ਹੋਈ ਸੀ। ਨੌਜਵਾਨੀ ਦਾ ਰੁਝਾਨ ਬਾਹਰਲੇ ਮੁਲਕਾਂ ਦੀ ਚਕਾਚੌਂਧ ਨੇ ਖਿੱਚਿਆ ਹੋਇਆ ਸੀ ਤੇ ਫਿਰ ਹਰੀ ਸਿੰਘ ਦੇ ਪੋਤਰੇ ਹਰਪ੍ਰੀਤ ਨੂੰ ਵੀ ਇਹੀ ਹਵਾ ਦੇ ਬੁੱਲੇ ਸੱਤ ਸਮੁੰਦਰੋਂ ਪਾਰ ਲੈ ਗਏ ਸਨ। ਉਸ ਨੇ ਬੈਂਚ ’ਤੇ ਬੈਠੇ ਨੇ ਧਰਤੀ ਤੋਂ ਪੈਰ ਚੁੱਕ ਕੇ ਵੇਖੇ। ਪੈਰ ਫਿਰ ਧਰਤੀ ’ਤੇ ਰੱਖੇ ਤਾਂ ਪੈਰ ਟਿਕ ਗਏ। ਇਹ ਤਾਂ ਉਹਦੀ ਆਪਣੀ ਮਰਜ਼ੀ ਹੀ ਸੀ। ਪੈਰ ਧਰਤੀ ’ਤੇ ਟਿਕਾਈ ਰੱਖੇ ਜਾਂ ਚੁੱਕ ਲਵੇ। ਉਸ ਨੇ ਉੱਪਰ ਵੱਲ ਵੇਖ ਕੇ ਡੂੰਘਾ ਸਾਹ ਲਿਆ। ਉਸ ਨੇ ਮਨ ਵਿੱਚ ਧਾਰ ਲਿਆ ਕਿ ਉਸ ਦੀ ਉਮਰ ਹੁਣ ਪੈਰ ਧਰਤੀ ਤੋਂ ਚੁੱਕਣ ਦੀ ਨਹੀਂ ਸਗੋਂ ਟਿਕੇ ਰਹਿਣ ਦੀ ਹੈ। ਉਹ ਪਾਰਕ ਵਿੱਚੋਂ ਬਾਹਰ ਨਿਕਲ ਕੇ ਘਰ ਵੱਲ ਆਇਆ। ਠੰਢੀ ਹਵਾ ਰੁਮਕ ਰਹੀ ਸੀ। ਚੜ੍ਹਦੇ ਵਾਲੇ ਪਾਸੇ ਅਸਮਾਨ ਵਿੱਚ ਗੁਲਾਬੀ ਭਾਅ ਮਾਰ ਰਹੀ ਸੀ। ਸੂਰਜ ਬਾਹਰ ਆਉਣ ਨੂੰ ਅਹੁਲ ਰਿਹਾ ਸੀ। ਗੇਟ ਖੋਲ੍ਹ ਕੇ ਵੇਖਿਆ ਹਕੀਕਤ ਹੁਰੀਂ ਉੱਠੇ ਹੋਏ ਸਨ। ਉਸ ਨੇ ਲਾਬੀ ਵਿੱਚ ਬੈਠ ਕੇ ਹਕੀਕਤ ਨੂੰ ਬੁਲਾਇਆ ਤੇ ਕਿਹਾ, ‘‘ਤੁਸੀਂ ਤਿੰਨੇ ਆਪਣੀਆਂ ਟਿਕਟਾਂ ਬੁੱਕ ਕਰਵਾ ਲਵੋ, ਮੇਰੀ ਉਮਰ ਹੁਣ ਹੋਰ ਉਜਾੜਾ ਝੱਲਣ ਜੋਗੀ ਨਹੀਂ।’’ ਹਕੀਕਤ ਦੇ ਕੁਝ ਬੋਲਣ ਤੋਂ ਪਹਿਲਾਂ ਉਸ ਨੇ ਅੱਗੇ ਕਿਹਾ, ‘‘ਮੇਰਾ ਪਾਠ ਅਧੂਰਾ ਰਹਿ ਗਿਆ, ਪੂਰਾ ਕਰਕੇ ਦੁਕਾਨ ਮੈਂ ਖੋਲ੍ਹ ਲਵਾਂਗਾ ਜਾ ਕੇ, ਤੁਸੀਂ ਆਪਣੀ ਤਿਆਰੀ ਕਰੋ’’ ਤੇ ਉਹ ਉਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ।
ਸੰਪਰਕ:+17807293615