For the best experience, open
https://m.punjabitribuneonline.com
on your mobile browser.
Advertisement

ਨਸ਼ੇ ਦੀ ਹਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

09:02 AM Oct 18, 2023 IST
ਨਸ਼ੇ ਦੀ ਹਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਅਕਤੂਬਰ
ਇੱਥੇ ਅੱਜ ਤੜਕਸਾਰ ਇੱਕ ਵਿਅਕਤੀ ਵੱਲੋਂ ਆਪਣੇ ਘਰ ਕਰਵਾਏ ਸਹਿਜ ਪਾਠ ਦੇ ਪੰਜਵੇਂ ਦਿਨ ਨਸ਼ੇ ਦੀ ਹਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਗੁਰੂ ਅਮਰਦਾਸ ਜੀ ਲਹਿਰਾਗਾਗਾ ਦੇ ਗ੍ਰੰਥੀ ਨਿਰਵੈਰ ਸਿੰਘ ਨੇ ਲਿਖਤੀ ਬਿਆਨ ਵਿੱਚ ਦੱਸਿਆ ਕਿ 12 ਅਕਤੂਬਰ ਨੂੰ ਸਾਹਿਬ ਸਿੰਘ ਵਾਸੀ ਵਾਰਡ ਨੰਬਰ ਅੱਠ ਨੇ ਆਪਣੇ ਘਰ ਵਿੱਚ ਸਹਿਜ ਪਾਠ ਆਰੰਭ ਕਰਵਾਇਆ ਸੀ। ਉਸ ਨੇ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੂਰੀ ਮਰਿਆਦਾ ਨਾਲ ਘਰ ਲਿਆਂਦਾ ਸੀ। ਅੱਜ ਸਵੇਰੇ ਚਾਰ ਵਜੇ ਸਾਹਿਬ ਸਿੰਘ ਸ਼ਰਾਬ ਪੀ ਕੇ ਆਪਣੀ ਘਰਵਾਲੀ ਨਾਲ ਲੜਨ ਲੱਗ ਪਿਆ। ਇਸ ਦੌਰਾਨ ਉਹ ਸ਼ਰਾਬੀ ਹਾਲਤ ਵਿੱਚ ਇਕੱਲਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਗੁਰਦੁਆਰੇ ਲੈ ਆਇਆ। ਇਸ ਦੌਰਾਨ ਉਸ ਨੇ ਗੁਰੂ ਘਰ ਦੇ ਗੇਟ ਨੂੰ ਧੱਕੇ ਮਾਰੇ ਤੇ ਹਾਜ਼ਰ ਸੇਵਾਦਾਰ ਹਰਵਿੰਦਰ ਸਿੰਘ ਉਰਫ ਬੱਬੂ ਨੂੰ ਗਾਲ਼ਾਂ ਕੱਢੀਆਂ। ਇਸ ਦੇ ਬਾਵਜੂਦ ਸੇਵਾਦਾਰ ਹਰਵਿੰਦਰ ਸਿੰਘ ਨੇ ਸਾਹਿਬ ਸਿੰਘ ਕੋਲੋਂ ਸਰੂਪ ਲੈ ਕੇ ਗੁਰਦੁਆਰੇ ਵਿੱਚ ਸੁਸ਼ੋਭਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਬੇਅਦਬੀ ਦੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਗੁਰੂ ਘਰ ਲਹਿਰਾਗਾ ਦੇ ਰਿਸੀਵਰ ਰਜਿੰਦਰ ਸਿੰਘ, ਮੁੱਖ ਗ੍ਰੰਥੀ ਨਿਰਵੈਰ ਸਿੰਘ, ਹਰਜੀਤ ਸਿੰਘ ਖਜ਼ਾਨਚੀ, ਸੁਖਵਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਬੇਅਦਬੀ ਦੇ ਪਸ਼ਚਾਤਾਪ ਵਜੋਂ 19 ਅਕਤੂਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ।

Advertisement

Advertisement
Advertisement
Author Image

sukhwinder singh

View all posts

Advertisement