ਦਰਵੇਸ਼
ਸੱਤਪਾਲ ਸਿੰਘ ਦਿਓਲ
ਹਰ ਰੋਜ਼ ਦੀ ਤਰ੍ਹਾਂ ਮੈਂ ਅਦਾਲਤ ਜਾਣ ਵਾਸਤੇ ਮੁੱਖ ਸੜਕ ਤੋਂ ਲੰਘ ਰਿਹਾ ਸੀ। ਹਰ ਰੋਜ਼ ਮੇਰੀ ਕਾਰ ਪਿੱਛੇ ਦੌੜ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਉਹ ਦੋ ਜਾਨਵਰਾਂ ਦਾ ਦਰਵੇਸ਼ ਜੋੜਾ ਕੁਝ ਦੇਰ ਭੱਜ ਕੇ ਭੌਂਕ ਕੇ ਰੁਕ ਜਾਂਦਾ। ਆਪਣੇ ਖ਼ਾਸ ਮਿੱਤਰ ਨਾਲ ਜਦੋਂ ਮੈਂ ਕਿਤੇ ਦੁਪਿਹਰ ਦਾ ਖਾਣਾ ਖਾਂਦਾ ਤਾਂ ਅਕਸਰ ਕੁਝ ਰੋਟੀਆਂ ਬਚ ਜਾਂਦੀਆਂ, ਬਚੀਆਂ ਹੋਈਆਂ ਰੋਟੀਆਂ ਨੂੰ ਉਹ ਦਰਵੇਸ਼ ਨੂੰ ਪਾਉਣ ਲਈ ਕਹਿੰਦਾ। ਹਰ ਰੋਜ਼ ਉਸ ਦਰਵੇਸ਼ ਜੋੜੇ ਦੇ ਕੋਲੋਂ ਮੈਂ ਕਾਰ ਵਿੱਚ ਲੰਘਦਾ ਤਾਂ ਉਹ ਦੋਵੇਂ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਦੇ। ਉਹ ਦੋਵੇਂ ਹਮੇਸ਼ਾ ਇਕੱਠੇ ਹੀ ਹਰ ਰੋਜ਼ ਉਸੇ ਥਾਂ, ਉਸੇ ਤਰ੍ਹਾਂ ਮਿਲਦੇ ਪਰ ਮੈਂ ਕਾਰ ਭਜਾ ਕੇ ਕੋਲੋਂ ਲੰਘ ਜਾਂਦਾ ਤੇ ਉਹ ਮੇਰਾ ਕੁਝ ਵਿਗਾੜ ਨਾ ਸਕਦੇ। ਮੈਨੂੰ ਜਾਪਦਾ ਕਿ ਜੇ ਮੇਰੇ ਕੋਲ ਕਾਰ ਨਾ ਹੁੰਦੀ ਤੇ ਮੈਨੂੰ ਪੈਦਲ ਲੰਘਣਾ ਪੈਂਦਾ ਤਾਂ ਇਹ ਦੋਵੇਂ ਮੈਨੂੰ ਵੱਢ ਕੇ ਖਾ ਜਾਂਦੇ। ਕਈ ਵਾਰ ਉਹ ਦੂਰ ਆਰਾਮ ਨਾਲ ਬੈਠੇ ਹੁੰਦੇ ਅਤੇ ਮੇਰੇ ਵੱਲ ਵੇਖ ਨਾ ਰਹੇ ਹੁੰਦੇ ਤਾਂ ਮੈਂ ਵੀ ਜਾਣਬੁੱਝ ਕੇ ਹਾਰਨ ਮਾਰ ਕੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ। ਉਹ ਰੋਜ਼ਾਨਾ ਵਾਂਗ ਮੇਰੇ ਪਿੱਛੇ ਪੈ ਜਾਂਦੇ ਮੈਂ ਅਦਾਲਤ ਪਹੁੰਚ ਕੇ ਉਨ੍ਹਾਂ ਦੋਵਾਂ ਬਾਰੇ ਕੁਝ ਪਲ ਸੋਚਦਾ ਕਿ ਕੁਦਰਤ ਨੇ ਆਖ਼ਰ ਕੁਝ ਤਾਂ ਇਨ੍ਹਾਂ ਨੂੰ ਕੋਈ ਤਾਂ ਸੋਝ ਦਿੱਤੀ ਹੈ, ਹੋ ਸਕਦਾ ਹੈ ਮੈਂ ਇਨ੍ਹਾਂ ਦੇ ਇਲਾਕੇ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਹੋਵਾਂ ਤਾਂ ਹੀ ਉਹ ਮੈਨੂੰ ਰੋਕਣਾ ਚਾਹੁੰਦੇ ਹੋਣ। ਅਕਸਰ ਪਸ਼ੂ ਪੰਛੀ ਮਨੁੱਖ ਨੂੰ ਆਪਣੇ ਇਲਾਕੇ ਵਿੱਚ ਦਖ਼ਲ ਦੇਣ ’ਤੇ ਅਜਿਹਾ ਵਿਵਹਾਰ ਕਰਦੇ ਹਨ ਅਤੇ ਇਹ ਕੁਦਰਤੀ ਵਰਤਾਰਾ ਹੈ। ਸਾਰਾ ਦਿਨ ਆਪਣੇ ਕੰਮ ਵਿੱਚ ਮੈਂ ਰੁੱਝ ਜਾਂਦਾ ਵਾਪਸੀ ਸਮੇਂ ਉਹ ਫਿਰ ਮੈਨੂੰ ਉਸੇ ਤਰ੍ਹਾਂ ਮਿਲਦੇ। ਬਹੁਤ ਦਿਨਾਂ ਤੱਕ ਇਹੀ ਸਿਲਸਿਲਾ ਲਗਾਤਾਰ ਜਾਰੀ ਰਿਹਾ।
ਇੱਕ ਦਿਨ ਅਦਾਲਤ ਜਾਣ ਸਮੇਂ ਉਸ ਦਰਵੇਸ਼ ਦੀ ਸਾਥੀ ਸੜਕ ’ਤੇ ਚਿੱਤ ਪਈ ਸੀ। ਲੱਗਦਾ ਸੀ ਕੋਈ ਹੋਰ ਕਾਹਲਾ ਬੰਦਾ ਕਾਰ ਭਜਾ ਕੇ ਕਾਹਲ਼ੀ ਵਿੱਚ ਉਸ ਨੂੰ ਫੇਟ ਮਾਰ ਗਿਆ ਸੀ। ਦਰਵੇਸ਼ ਉਸ ਕੋਲ ਬੈਠਾ ਸੀ, ਕੁਝ ਵੀ ਕਰਨ ਤੋਂ ਅਸਮਰੱਥ ਅਡੋਲ ਬੈਠਾ ਸੀ। ਮੈਂ ਬਹੁਤਾ ਧਿਆਨ ਨਹੀਂ ਦਿੱਤਾ ਆਪਣੇ ਖਿਆਲਾਂ ਵਿੱਚ ਹੀ ਕਾਰ ਤੇਜ਼ ਰਫ਼ਤਾਰ ਨਾਲ ਦੌੜਾ ਕੇ ਲੰਘ ਗਿਆ। ਦਫ਼ਤਰ ਪਹੁੰਚ ਕੇ ਸੋਚਿਆ ਜ਼ਰੂਰ ਕਿ ਦਰਵੇਸ਼ ਬਹੁਤ ਦੁੱਖ ਵਿੱਚ ਸੀ। ਸਾਰਾ ਦਿਨ ਬੇਚੈਨੀ ਨਾਲ ਲੰਘਿਆ ਮੈਂ ਆਪਣਾ ਦੁਪਿਹਰ ਦਾ ਖਾਣਾ ਵੀ ਉਸ ਦਿਨ ਨਹੀਂ ਖਾਧਾ। ਵਾਪਸੀ ਸਮੇਂ ਵੀ ਦਰਵੇਸ਼ ਉੱਥੇ ਹੀ ਬੈਠਾ ਸੀ ਤੇ ਆਪਣੇ ਸਾਥੀ ਦੇ ਉੱਠ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਉਸ ਕੋਲ ਰੁਕਿਆ ਉਹ ਮੈਨੂੰ ਭੌਂਕਿਆ ਨਹੀਂ, ਨਾ ਮੈਨੂੰ ਉਸ ਨੇ ਗੌਲ਼ਿਆ। ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ। ਮੈਂ ਸੋਚਿਆ ਉਸ ਨੂੰ ਜਦੋਂ ਭੁੱਖ ਲੱਗੇਗੀ ਬਾਅਦ ’ਚ ਆਪੇ ਖਾ ਲਵੇਗਾ। ਅਗਲੇ ਦਿਨ ਸਵੇਰ ਵੇਲੇ ਲੰਘਣ ਦੇ ਸਮੇਂ ਵੀ ਉਹ ਸ਼ਾਂਤ ਚਿੱਤ ਬੈਠਾ ਸੀ ਤੇ ਕੱਲ੍ਹ ਵਾਲੀ ਰੋਟੀ ਉਸੇ ਤਰ੍ਹਾਂ ਪਈ ਸੀ। ਦੋ ਦਿਨ ਤੱਕ ਉਹ ਦਰਵੇਸ਼ ਆਪਣੇ ਸਾਥੀ ਦੇ ਉੱਠਣ ਦੀ ਉਡੀਕ ਕਰਦਾ ਰਿਹਾ। ਪਰ ਅਗਲੇ ਦਿਨ ਮੈਂ ਫਿਰ ਉਸ ਲਈ ਬਚਾ ਕੇ ਲਿਆਂਦੀ ਰੋਟੀ ਉਸ ਅੱਗੇ ਸੁੱਟ ਦਿੱਤੀ ਉਸ ਨੇ ਕੁਝ ਦੇਰ ਸੋਚ ਕੇ ਅੱਧੀ ਰੋਟੀ ਖਾ ਲਈ। ਹੁਣ ਅਕਸਰ ਅਦਾਲਤ ਜਾਂਦਿਆਂ ਉਹ ਮੇਰਾ ਇੰਤਜ਼ਾਰ ਕਰਦਾ ਹੈ ਸ਼ਾਇਦ ਰੋਟੀ ਦਾ ਇੰਤਜ਼ਾਰ ਕਰਦਾ ਹੈ। ਸ਼ਨਿਚਰਵਾਰ-ਐਤਵਾਰ ਜਦੋਂ ਮੈਂ ਅਦਾਲਤ ਨਹੀਂ ਜਾਂਦਾ ਉਹ ਆਪਣਾ ਪ੍ਰਬੰਧ ਕਿਤੋ ਤਾਂ ਕਰਦਾ ਹੋਵੇਗਾ। ਪਰ ਹੁਣ ਉਹ ਮੇਰੀ ਕਾਰ ਪਿੱਛੇ ਭੱਜਣਾ ਭੁੱਲ ਗਿਆ ਹੈ ਮੈਨੂੰ ਸਿਰਫ਼ ਰੋਟੀ ਵਾਸਤੇ ਉਡੀਕਦਾ ਰਹਿੰਦਾ ਹੈ। ਇਨਸਾਨ ਦਾ ਸੁਭਾਅ ਵੀ ਇਸੇ ਤਰ੍ਹਾਂ ਹੈ, ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਕੁਝ ਦਿਨ ਦਾ ਮਾਤਮ ਮਨਾ ਕੇ ਪਿੱਛੇ ਰਹਿੰਦੇ ਲੋਕ ਵੀ ਰੋਟੀ ਵਾਸਤੇ ਨਵੇਂ ਸਿਰੇ ਤੋਂ ਭੱਜ-ਨੱਠ ਸ਼ੁਰੂ ਕਰ ਦਿੰਦੇ ਹਨ। ਪਰ ਭਾਵਨਾ ਤਾਂ ਜਾਨਵਰ ਵਿੱਚ ਵੀ ਇਨਸਾਨ ਵਾਂਗ ਹੀ ਹੁੰਦੀ ਹੈ। ਮਤਲਬਪ੍ਰਸਤ ਇਨਸਾਨ ਸਮਝਦਾ ਹੈ ਕਿ ਭਾਵਨਾਵਾਂ ਉਹ ਹੀ ਵਿਅਕਤ ਕਰ ਸਕਦਾ ਹੈ। ਕੁਦਰਤ ਆਪਣਾ ਸੰਤੁਲਨ ਕਾਇਮ ਕਰਕੇ ਰੱਖਦੀ ਹੈ। ਬਹੁਤ ਵਾਰ ਸ਼ਾਇਰ ਅਜਿਹੇ ਦਰਦ ਸ਼ਾਇਰੀ ਵਿੱਚ ਬਿਆਨ ਕਰਦੇ ਹਨ ਲੋਕ ਸਮਝਦੇ ਹਨ ਕਿ ਇਹ ਦਰਦ ਇਨਸਾਨੀ ਭਾਵਨਾਵਾਂ ਲਈ ਲਿਖਿਆ ਗਿਆ ਹੈ, ਲਿਖਣ ਲਈ ਜ਼ਰੂਰੀ ਨਹੀਂ ਕਿ ਦਿਲ ’ਤੇ ਸੱਟ ਲੱਗੀ ਹੋਵੇ, ਹੋ ਸਕਦਾ ਹੈ ਕਿ ਕਿਸੇ ਅਜਿਹੇ ਦਰਵੇਸ਼ ਜੋੜੇ ਵੱਲ ਵੇਖ ਕੇ ਲਿਖਿਆ ਗਿਆ ਹੋਵੇ।
ਸੰਪਰਕ: 9878170771