Derogatory Remarks: ਧਾਮੀ ਨੇ ਸ਼੍ਰੋਮਣੀ ਕਮੇਟੀ ਦਾ ਨਿਰਾਦਰ ਕੀਤਾ, ਛੱਡਿਆ ਨਹੀਂ ਜਾ ਸਕਦਾ: ਬੀਬੀ ਜਗੀਰ ਕੌਰ
ਚੰਡੀਗੜ੍ਹ, 18 ਦਸੰਬਰ
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਖਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੌਰ ਨੇ ਕਿਹਾ ਕਿ ਧਾਮੀ ਨੇ ਸ਼੍ਰੋਮਣੀ ਕਮੇਟੀ (ਦੇ ਅਹੁਦੇ) ਦਾ ਨਿਰਾਦਰ ਕੀਤਾ ਹੈ, ਜਿਸ ਲਈ ਉਸ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾ ਸਕਦਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੀਬੀ ਜਗੀਰ ਕੌਰ ਦਾ ਪੱਖ ਸੁਣਨ ਲਈ ਅੱਜ ਉਨ੍ਹਾਂ ਨੂੰ ਬੁਲਾਇਆ ਸੀ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਮਸ਼ਵਰਾ ਲੈਣ ਮਗਰੋਂ ਇਸ ਮਾਮਲੇ ਵਿਚ ਲੋੜੀਂਦੀ ਬਣਦੀ ਕਾਰਵਾਈ ਕਰਨਗੇ। ਕਾਬਿਲੇਗੌਰ ਹੈ ਕਿ ਧਾਮੀ ਨੇ ਇਕ ਪੱਤਰਕਾਰ ਨਾਲ ਟੈਲੀਫੋਨ ਉੱਤੇ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਬਾਰੇ ਕਥਿਤ ਮਾੜਾ ਚੰਗਾ ਬੋਲਿਆ ਸੀ।
ਬੀਬੀ ਜਗੀਰ ਕੌਰ ਨੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਖਿਲਾਫ਼ ਬੋਲੇ ਅਪਸ਼ਬਦਾਂ ਲਈ ਧਾਮੀ ਨੂੰ ਭੰਡਿਆ। ਕੌਰ ਨੇ ਕਿਹਾ ਕਿ ਧਾਮੀ, ਜੋ ਸ਼ਾਨਾਮੱਤੀ ਇਤਿਹਾਸ ਵਾਲੇ ਇਕ ਅਹੁਦੇ ’ਤੇ ਬੈਠੇ ਹਨ, ਦੀਆਂ ਇਨ੍ਹਾਂ ਟਿੱਪਣੀਆਂ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ, ‘‘ਜੇ ਕੋਈ ਵਿਅਕਤੀ ਜੋ ਖ਼ੁਦ ਨੂੰ ਬੁੱਧੀਮਾਨ ਅਖਵਾਉਂਦਾ ਹੈ ਅਤੇ ਅਜਿਹੀ ਕੁਰਸੀ ’ਤੇ ਬੈਠਾ ਹੈ, ਜਿਸ ਦਾ ਗੌਰਵਮਈ ਇਤਿਹਾਸ ਹੈ, ਅਤੇ ਅਜਿਹੀ ਭਾਸ਼ਾ ਬੋਲਦਾ ਹੈ, ਤਾਂ ਮਨੁੱਖਤਾ ਅਤੇ ਸਿੱਖ ਕੌਮ ਨੂੰ ਕਿੰਨਾ ਦੁੱਖ ਪਹੁੰਚਿਆ ਹੋਵੇਗਾ। ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਬਹੁਤ ਵੱਡਾ ਨਿਰਾਦਰ ਹੈ। ਮੈਨੂੰ ਬਹੁਤ ਦੁੱਖ ਹੈ ਕਿ ਅਹੁਦੇ (ਐੱਸਜੀਪੀਸੀ ਪ੍ਰਧਾਨ ਦੇ ਅਹੁਦੇ) ਦਾ ਅਪਮਾਨ ਹੋਇਆ ਹੈ। ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਪਮਾਨਜਨਕ ਟਿੱਪਣੀ ਕਰਨ ਬਦਲੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।’’ ਕੌਰ ਨੇ ਧਾਮੀ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ, ‘‘ਮੈਂ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਮੁਤਾਬਕ ਕਾਰਵਾਈ ਕਰੇ। ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਕਾਨੂੰਨੀ ਕਾਰਵਾਈ ਕਰਨਗੇ।’’ ਚੇਤੇ ਰਹੇ ਕਿ ਧਾਮੀ ਆਪਣੀਆਂ ਇਨ੍ਹਾਂ ਟਿੱਪਣੀਆਂ ਲਈ ਲਿਖਤੀ ਮੁਆਫ਼ੀ ਮੰਗ ਚੁੱਕੇ ਹਨ। ਉਨ੍ਹਾਂ ਸੋਮਵਾਰ ਨੂੰ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਸੀ। -ਪੀਟੀਆਈ