ਡੇਰਾਬੱਸੀ: ਪਟਵਾਰੀ ਤੇ ਸਾਥੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 29 ਜੁਲਾਈ
ਵਿਜੀਲੈਂਸ ਬਿਊਰੋ ਵੱਲੋਂ ਡੇਰਾਬੱਸੀ ਪਟਵਾਰਖਾਨੇ ਵਿੱਚ ਤਾਇਨਾਤ ਇਕ ਪਟਵਾਰੀ ਅਤੇ ਉਸ ਦੇ ਸਾਥੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਵਾਰੀ ਦੀ ਪਛਾਣ ਤਜਿੰਦਰ ਸਿੰਘ ਭੱਟੀ ਅਤੇ ਉਸ ਦੇ ਸਾਥੀ ਸੁਰਿੰਦਰ ਸਿੰਘ ਵਜੋਂ ਹੋਈ ਹੈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਹ ਕਾਰਵਾਈ ਗਿਆਨ ਚੰਦ ਵਾਸੀ ਸ਼ਕਤੀ ਨਗਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਰਕਤਾ ਗਿਆਨ ਚੰਦ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਇੰਤਕਾਲ ਕਰਵਾਉਣ ਲਈ ਪਟਵਾਰੀ ਨਾਲ ਸੰਪਰਕ ਕੀਤਾ ਸੀ ਜੋ ਉਸ ਕੋਲੋਂ ਇਸ ਕੰਮ ਬਦਲੇ ਡੇਢ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਉਸ ਦਾ ਪਟਵਾਰੀ ਅਤੇ ਉਸ ਦੇ ਸਾਥੀ ਸੁਰਿੰਦਰ ਨਾਲ 1.20 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ। ਇਸ ਦੀ ਉਸ ਵੱਲੋਂ ਵੀਡੀਓ ਬਣਾ ਕੇ ਵਿਜੀਲੈਂਸ ਟੀਮ ਨੂੰ ਸੌਂਪ ਦਿੱਤੀ ਗਈ ਸੀ। ਵੀਡੀਓ ਵਿੱਚ ਦੋਵੇਂ ਜਣੇ ਉਸ ਨਾਲ ਪੈਸੇ ਲੈਣ ਲਈ ਸੌਦਾ ਤੈਅ ਕਰ ਰਹੇ ਹਨ। ਇਸ ਵੀਡਿਓ ਦੇ ਆਧਾਰ ’ਤੇ ਅੱਜ ਵਿਜੀਲੈਂਸ ਦੀ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠਲੀ ਟੀਮ ਨੇ ਛਾਪਾ ਮਾਰ ਕੇ ਪਟਵਾਰਖਾਨੇ ਵਿੱਚੋਂ ਪਟਵਾਰੀ ਅਤੇ ਉਸ ਦੇ ਸਾਥੀ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਲੰਘੇ ਕਈ ਦਿਨਾਂ ਤੋਂ ਵਿਜੀਲੈਂਸ ਦੀ ਟੀਮ ਨੂੰ ਸਬੂਤਾਂ ਸਮੇਤ ਸ਼ਿਕਾਇਤ ਕੀਤੀ ਹੋਈ ਸੀ ਪਰ ਇਸ ਦੀ ਪਟਵਾਰੀ ਅਤੇ ਉਸ ਦੇ ਸਾਥੀ ਨੂੰ ਭਿਣਕ ਪੈ ਗਈ ਜੋ ਕਿ ਸ਼ਿਕਾਇਤਕਰਤਾ ’ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ। ਸ਼ਿਕਾਇਤਕਰਤਾ ਨੇ ਇਸ ਸਬੰਧੀ ਕੋਈ ਸਮਝੌਤਾ ਨਾ ਕੀਤਾ ਅਤੇ ਕਾਰਵਾਈ ਕਰਵਾਉਣ ਲਈ ਅੜਿਆ ਰਿਹਾ ਜਿਸ ਕਰ ਕੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਕਾਰਵਾਈ ਕਰ ਕੇ ਦੋਹਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਮਾਲ ਵਿਭਾਗ ’ਤੇ ਸ਼ਰੇਆਮ ਭ੍ਰਿਸਟਚਾਰ ਦੇ ਦੋਸ਼ ਲੱਗ ਰਹੇ ਹਨ। ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਜਿਹੜਾ ਕੰਮ ਪਹਿਲਾਂ ਹਜ਼ਾਰਾਂ ਰੁਪਏ ਵਿੱਚ ਹੋ ਜਾਂਦਾ ਸੀ ਹੁਣ ਉਸੇ ਕੰਮ ਦਾ ਮਾਲ ਵਿਭਾਗ ਦੇ ਅਧਿਕਾਰੀ ਲੱਖਾਂ ਰੁਪਏ ਮੰਗ ਕਰ ਰਹੇ ਹਨ।