For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ: ਗੁਲਮੋਹਰ ਸਿਟੀ ਵਿੱਚ ਹਾਲਾਤ ਹੋਏ ਮਾੜੇ

09:51 AM Jul 11, 2023 IST
ਡੇਰਾਬੱਸੀ  ਗੁਲਮੋਹਰ ਸਿਟੀ ਵਿੱਚ ਹਾਲਾਤ ਹੋਏ ਮਾੜੇ
ਡੇਰਾਬੱਸੀ ਦੇ ਗੁਲਮੋਹਰ ਸਿਟੀ ਐਕਸ਼ਟੈਨਸ਼ਨ ਵਿੱਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਲੋਕ। -ਫੋਟੋ: ਨਿਤਿਨ ਮਿੱਤਲ
Advertisement

ਹਰਜੀਤ ਸਿੰਘ
ਡੇਰਾਬੱਸੀ, 10 ਜੁਲਾਈ
ਡੇਰਾਬੱਸੀ ਖੇਤਰ ਵਿੱਚ ਮੀਂਹ ਨਾਲ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਲਗਾਤਾਰ ਪੈ ਰਿਹਾ ਮੀਂਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਜੋ ਵੱਡੀ ਆਫਤ ਬਣਿਆ ਹੋਇਆ ਹੈ। ਇਸ ਵੇਲੇ ਇਲਾਕੇ ਲਈ ਸਭ ਤੋਂ ਵਧ ਖ਼ਤਰਾ ਘੱਗਰ ਨਦੀ ਤੋਂ ਬਣਿਆ ਹੋਇਆ ਹੈ ਜਿੱਥੇ ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਵਗ ਰਿਹਾ ਹੈ। ਘੱਗਰ ਨਦੀ ਵਿੱਚ ਪਾਣੀ 16 ਫੁੱਟ ਤੋਂ ’ਤੇ ਵਗ ਰਿਹਾ ਹੈ। ਪਾਣੀ ਦਾ ਪੱਧਰ ਵਧਣ ਨਾਲ ਨਦੀ ਦੇ ਨੇੜਲੇ ਕਈਂ ਪਿੰਡਾਂ ਜਨਿ੍ਹਾਂ ਵਿੱਚ ਬੋਹੜਾ, ਅਮਲਾਲਾ, ਇਬਰਾਹਿਮਪੁਰ ਸਣੇ ਹੋਰਨਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹਨ। ਪਿੰਡਾਂ ਦੇ ਲੋਕਾਂ ਨੂੰ ਖ਼ਤਰਾ ਬਣਿਆ ਹੋਇਆ ਹੈ ਕਿ ਜੇਕਰ ਘੱਗਰ ਨਦੀ ਦਾ ਕੋਈ ਵੀ ਬੰਨ੍ਹ ਟੁੱਟ ਗਿਆ ਤਾਂ ਵੱਡੀ ਤਬਾਹੀ ਮਚ ਸਕਦੀ ਹੈ। ਪਿੰਡ ਸੁੰਡਰਾ ਵਿੱਚ ਖੇਤਾਂ ਵਿੱਚ ਬਣੇ ਇਕ ਕੋਠੇ ਵਿੱਚ ਰਹਿ ਰਹੇ ਤਿੰਨ ਲੋਕ ਚੋਤਰਫੋ ਪਾਣੀ ਵਿੱਚ ਫਸ ਗਏ ਜਨਿ੍ਹਾਂ ਨੂੰ ਬਚਾਉਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਸਾਢੇ ਤਿੰਨ ਘੰਟੇ ਮਗਰੋਂ ਪਾਣੀ ਘਟਣ ਮਗਰੋਂ ਤਿੰਨੇ ਜਣੇ ਸੁਰੱਖਿਅਤ ਬਾਹਰ ਨਿਕਲ ਸਕੇ।
ਇਸੇ ਤਰ੍ਹਾਂ ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਐਕਸ਼ਟੈਨਸ਼ਨ ਵਿੱਚ ਹਾਲਾਤ ਹੋਰ ਮਾੜੇ ਬਣਦੇ ਜਾ ਰਹੇ ਹਨ। ਸੁਸਾਇਟੀ ਵਿੱਚ ਤਿੰਨ ਪਾਸੇ ਤੋਂ ਖੇਤਾਂ ਅਤੇ ਬਰਸਾਤੀ ਚੋਅ ਦਾ ਪਾਣੀ ਦਾਖ਼ਲ ਹੋ ਰਿਹਾ ਹੈ। ਸੁਸਾਇਟੀ ਦਾ ਕਾਫੀ ਹਿੱਸਾ ਨੀਵਾਂ ਹੈ ਜਿੱਥੇ ਪਾਣੀ ਭਰਿਆ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਮਦਦ ਕਰਨ ਵਿੱਚ ਬਿਲਕੁਲ ਨਾਕਾਮ ਸਾਬਤ ਹੋ ਰਹੇ ਹਨ। ਨੇੜਲੇ ਪਿੰਡਾਂ ਦੇ ਲੋਕ ਕਿਸ਼ਤੀ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢ ਰਹੇ ਹਨ। ਪਾਣੀ ਨਿਕਲਦਾ ਨਾ ਦੇਖ ਲੋਕ ਆਪਣੇ ਫਲੈਟ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ।
ਜ਼ੀਰਕਪੁਰ ਤੇ ਡੇਰਾਬੱਸੀ ਵਿੱਚ ਬਿਜਲੀ ਤੇ ਪਾਣੀ ਸਪਲਾਈ ਠੱਪ
ਸ਼ਹਿਰ ਵਿੱਚ ਬੀਤੇ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੁਣ ਬਿਜਲੀ ਅਤੇ ਪਾਣੀ ਦਾ ਸੰਕਟ ਪੈਣ ਲੱਗ ਗਿਆ ਹੈ। ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਬੀਤੇ ਦਨਿ ਤੋਂ ਅਣਐਲਾਨੇ ਕੱਟ ਲੱਗ ਰਹੇ ਹਨ। ਪਾਵਰਕੌਮ ਦਾ ਕਹਿਣਾ ਹੈ ਕਿ ਬਨੂੜ ਗਰਿੱਡ ਵਿੱਚ ਪਾਣੀ ਭਰਨ ਕਾਰਨ ਇਹ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਮੀਂਹ ਨਾਲ ਜ਼ਿਆਦਾਤਰ ਖੇਤਰ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਅੱਜ ਸਵੇਰ 10 ਵਜੇ ਤੋਂ ਬਿਜਲੀ ਸਪਲਾਈ ਬੰਦ ਪਈ ਹੈ ਜੋ ਸ਼ਾਮ ਤੱਕ ਚਾਲੂ ਨਹੀਂ ਹੋਈ ਸੀ। ਬਿਜਲੀ ਸਪਲਾਈ ਦੇ ਨਾਲ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਬਿਜਲੀ ਪਾਣੀ ਦੀ ਕਿੱਲਤ ਨਾਲ ਲੋਕਾਂ ਨੂੰ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਸਬੰਧੀ ਅਧਿਕਾਰੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਹੇ ਹਨ। ਪਾਵਰਕੌਮ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਦਿੱਕਤ ਬਣੀ ਹੋਈ ਹੈ ਜਿੱਥੇ ਕਰਮਚਾਰੀ ਲਗਾਤਾਰ ਸਪਲਾਈ ਬਹਾਲ ਕਰਨ ਵਿੱਚ ਜੁੱਟੇ ਹੋਏ ਹਨ।
ਸ਼ਿਵਾਲਿਕ ਵਿਹਾਰ ਵਿੱਚ ਬਣੇ ਨਰਕ ਵਰਗੇ ਹਾਲਾਤ
ਪਟਿਆਲਾ ਸੜਕ ’ਤੇ ਸਥਿਤ ਸ਼ਿਵਾਲਿਕ ਵਿਹਾਰ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵਿੱਚ ਭਰ ਗਿਆ ਹੈ। ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਲੋਨੀ ਵਿੱਚ ਖੁਦਾਈ ਕਰ ਨਿਕਾਸੀ ਕਰਵਾਈ। ਕਲੋਨੀ ਵਿੱਚ ਖੁਦਾਈ ਨਾਲ ਹੁਣ ਚਿੱਕੜ ਹੀ ਚਿੱਕੜ ਪੈਦਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਸੇ ਤਰ੍ਹਾਂ ਢਕੋਲੀ ਖੇਤਰ ਵਿੱਚੋਂ ਲੰਘਦੇ ਗੰਦੇ ਨਾਲੇ ਦੇ ਕੋਲ ਪਾੜ ਪੈ ਗਿਆ ਹੈ ਜਿਸ ਕਾਰਨ ਇਸਦੇ ਨੇੜੇ ਸਥਿਤ ਕ੍ਰਿਸ਼ਨਾ ਐਨਕਲੇਵ ਦੇ 100 ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਦੂਜੇ ਪਾਸੇ ਸ਼ਹਿਰ ਦੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਪੰਚਕੂਲਾ ਅਤੇ ਪਟਿਆਲਾ ਸੜਕ ’ਤੇ ਥਾਂ ਥਾਂ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਦਰਜਨਾਂ ਗੱਡੀਆਂ ਅੱਜ ਖ਼ਰਾਬ ਹੋ ਗਈਆਂ। ਸੜਕਾਂ ’ਤੇ ਸਾਰਾ ਦਨਿ ਜਾਮ ਵਰਗੀ ਸਥਿਤੀ ਬਣੀ ਰਹੀ। ਮੈਕ ਡੌਨਲਡ ਚੌਕ, ਸਿੰਘਪੁਰਾ ਚੌਕ, ਮੈਟਰੋ ਸਟੋਰ ਦੇ ਸਾਹਮਣੇ, ਪਟਿਆਲਾ ਚੌਕ ਅਤੇ ਕਾਲਕਾ ਚੌਕ, ਬਲਟਾਣਾ ਟਰੈਫਿਕ ਲਾਈਟਾਂ, ਪਟਿਆਲਾ ਰੋਡ ’ਤੇ ਕਾਫੀ ਪਾਣੀ ਭਰਿਆ ਹੋਇਆ ਸੀ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਸ਼ਹਿਰ ਦੀ ਦਰਜਨਾਂ ਸੁਸਾਇਟੀਆਂ ਵਿੱਚ ਪਾਣੀ ਵੜ੍ਹ ਗਿਆ ਜਿਥੇ ਸਾਰਾ ਦਨਿ ਲੋਕ ਪ੍ਰੇਸ਼ਾਨ ਹੁੰਦੇ ਰਹੇ। ਸਭ ਤੋਂ ਵਧ ਦਿੱਕਤ ਵੀਆਈਪੀ ਰੋਡ ’ਤੇ ਬਣੀ ਹੋਈ ਸੀ। ਲੋਕ ਪੰਪ ਨਾਲ ਪਾਣੀ ਬਾਹਰ ਕੱਢ ਰਹੇ ਸਨ ਪਰ ਇਸਦੇ ਬਾਵਜੂਦ ਸਮੱਸਿਆ ਘੱਟਣ ਦਾ ਨਾਂਅ ਨਹੀਂ ਲੈ ਰਹੀ ਸੀ। ਲੋਕ ਆਪਣੇ ਘਰਾਂ ਅਤੇ ਫਲੈਟਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ।

Advertisement

Advertisement
Tags :
Author Image

Advertisement
Advertisement
×