ਡੇਰਾ ਪ੍ਰੇਮੀ ਕਤਲ ਕਾਂਡ: ਮੁਲਜ਼ਮ ਹਰਪ੍ਰੀਤ ਅੱਠ ਮਹੀਨਿਆਂ ਮਗਰੋਂ ਗ੍ਰਿਫ਼ਤਾਰ
ਜਸਵੰਤ ਜੱਸ
ਫ਼ਰੀਦਕੋਟ, 12 ਜੂਨ
ਮੁੱਖ ਅੰਸ਼
- ਗੈਂਗਸਟਰ ਗੋਲਡੀ ਬਰਾੜ ਲਈ ਕਰਦਾ ਸੀ ਅਪਰਾਧਿਕ ਸਰਗਰਮੀਆਂ
- ਪੁੱਛ-ਪੜਤਾਲ ਲਈ ਚਾਰ ਦਿਨ ਦਾ ਲਿਆ ਰਿਮਾਂਡ
ਐਂਟੀ ਗੈਂਗਸਟਰ ਟਾਸਕ ਫੋਰਸ ਨੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਕਾਂਡ ਵਿੱਚ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਜ ਇੱਥੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਪੁੱਛ-ਪੜਤਾਲ ਲਈ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਗੈਂਗਸਟਰ ਗੋਲਡੀ ਬਰਾੜ ਲਈ ਪੰਜਾਬ ਵਿੱਚ ਅਪਰਾਧਿਕ ਸਰਗਰਮੀਆਂ ਕਰਦਾ ਸੀ। 10 ਨਵੰਬਰ 2022 ਨੂੰ ਕੋਟਕਪੂਰਾ ਵਿੱਚ ਕਤਲ ਹੋਏ ਬੇਅਦਬੀ ਕਾਂਡ ਦੇ ਮੁਲਜ਼ਮ ਅਤੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਹਰਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਮੁਲਜ਼ਮਾਂ ਨੂੰ ਹਥਿਆਰ, ਵਾਹਨ ਅਤੇ ਪੈਸਾ ਆਦਿ ਮੁਹੱਈਆ ਕਰਵਾਇਆ ਸੀ। ਪ੍ਰਦੀਪ ਕਤਲ ਕਾਂਡ ਵਿੱਚ ਜ਼ਿਲ੍ਹਾ ਪੁਲੀਸ ਹੁਣ ਤੱਕ ਦੋ ਨਾਬਾਲਗ ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਇਸ ਕੇਸ ਵਿੱਚ ਗੋਲਡੀ ਬਰਾੜ ਦੀ ਗ੍ਰਿਫ਼ਤਾਰ ਬਾਕੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਦਾ ਵਸਨੀਕ ਹੈ ਅਤੇ ਉਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਰਲ ਕੇ ਪੰਜਾਬ ਵਿੱਚ ਹੋਰ ਵੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਤੋਂ ਸਾਰੇ ਅਪਰਾਧਾਂ ਬਾਰੇ ਪੁੱਛ-ਪੜਤਾਲ ਕੀਤੀ ਜਾਣੀ ਹੈ। ਇਸ ਕਰ ਕੇ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ।