Dera Chief Parole: ਪੈਰੋਲ ’ਤੇ ਆਇਆ ਡੇਰਾ ਮੁਖੀ 12 ਦਿਨ ਸਿਰਸਾ ਰਹਿਣ ਮਗਰੋਂ UP ਆਸ਼ਰਮ ਲਈ ਰਵਾਨਾ
ਪ੍ਰਭੂ ਦਿਆਲ
ਸਿਰਸਾ, 8 ਫਰਵਰੀ
Dera Chief Parole: ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ 12 ਦਿਨ ਸਿਰਸਾ ਸਥਿਤ ਆਪਣੇ ਡੇਰੇ ਵਿਚ ਰਹਿਣ ਮਗਰੋਂ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ ਯੂਪੀ ਸਥਿਤ ਆਪਣੇ ਆਸ਼ਰਮ ਲਈ ਰਵਾਨਾ ਹੋ ਗਿਆ। ਜਾਣਕਾਰੀ ਮੁਤਾਬ ਡੇਰਾ ਮੁਖੀ ਇਕ ਮਹੀਨੇ ਲਈ ਪੈਰੋਲ ’ਤੇ ਆਇਆ ਹੋਇਆ ਹੈ।
ਪੈਰੋਲ ਮਿਲਣ ਮਗਰੋਂ ਡੇਰਾ ਮੁਖੀ ਸਾਢੇ ਸੱਤ ਸਾਲਾਂ ਮਗਰੋਂ ਸਿਰਸਾ ਡੇਰੇ ਵਿਚ ਆਇਆ ਸੀ, ਜਿਥੇ ਉਹ 12 ਦਿਨ ਰਹਿਣ ਮਗਰੋਂ ਅੱਜ ਦੁਪਹਿਰ ਬਾਅਦ ਡੇਰੇ ਤੋਂ ਯੂਪੀ ਲਈ ਰਵਾਨਾ ਹੋ ਗਿਆ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ।

ਗ਼ੌਰਤਲਬ ਹੈ ਕਿ ਡੇਰਾ ਮੁਖੀ ਸਾਧਵੀ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ’ਚ ਸਜ਼ਾ ਭੁਗਤ ਰਿਹਾ ਹੈ ਅਤੇ ਹੁਣ ਤੱਕ 12 ਵਾਰ ਫਰਲੋ ਅਤੇ ਪੈਰੋਲ ਰਾਹੀਂ ਜੇਲ੍ਹ ’ਚੋਂ ਬਾਹਰ ਆ ਚੁੱਕਿਆ ਹੈ। ਡੇਰਾ ਮੁਖੀ ਨੂੰ ਜ਼ਿਆਦਾ ਵਾਰ ਚੋਣਾਂ ਦੌਰਾਨ ਹੀ ਫਰਲੋ ਤੇ ਪੈਰੋਲ ਮਿਲੀ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਉਹ ਪੈਰੋਲ ਦੇ ਬਾਕੀ ਦਿਨ ਯੂਪੀ ਸਥਿਤ ਬਰਨਾਵਾ ਆਸ਼ਰਮ ਵਿੱਚ ਰਹੇਗਾ। ਦੱਸਣਯੋਗ ਹੈ ਕਿ ਸਾਧਵੀ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ’ਚ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ।