ਡੇਰਾ ਬਿਆਸ: ਇੱਕ ਮੰਚ ’ਤੇ ਨਜ਼ਰ ਆਏ ਬਾਬਾ ਗੁਰਿੰਦਰ ਸਿੰਘ ਤੇ ਜਸਦੀਪ ਸਿੰਘ
ਦਵਿੰਦਰ ਸਿੰਘ ਭੰਗੂ
ਰਈਆ, 3 ਸਤੰਬਰ
ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਐਲਾਨੇ ਜਾਣ ਮਗਰੋਂ ਅੱਜ ਵੱਡੀ ਗਿਣਤੀ ਵਿੱਚ ਸੰਗਤ ਡੇਰਾ ਸਤਿਸੰਗ ਬਿਆਸ ਪੁੱਜੀ। ਸਤਿਸੰਗ ਦੌਰਾਨ ਦੋਵਾਂ ਨੇ ਸੰਗਤ ਨੂੰ ਇਕੱਠਿਆਂ ਸੰਬੋਧਨ ਕੀਤਾ।
ਡੇਰਾ ਰਾਧਾ ਸੁਆਮੀ ਸਤਿਸੰਗ ਸੁਸਾਇਟੀ ਬਿਆਸ ਦੇ ਸਕੱਤਰ ਦਵਿੰਦਰ ਕੁਮਾਰ ਸੀਕਰੀ ਨੇ ਬੀਤੇ ਦਿਨੀਂ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ (45) ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰਨ ਅਤੇ ਸਾਰੀਆਂ ਜ਼ਿੰਮੇਵਾਰੀਆਂ ਅਗਲੇ ਮੁਖੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਦੇਰ ਰਾਤ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਦੁਬਾਰਾ ਸੋਧੇ ਬਿਆਨ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮੁਖੀ ਅਤੇ ਜਸਦੀਪ ਸਿੰਘ ਗਿੱਲ ਨੂੰ ਕਾਰਜਕਾਰੀ ਮੁਖੀ ਥਾਪਿਆ ਗਿਆ। ਡੇਰੇ ਦੇ ਇਸ ਅਚਾਨਕ ਲਏ ਫ਼ੈਸਲੇ ਤੋਂ ਸੰਗਤ ਹੈਰਾਨ ਹੈ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਸਨ। ਇਸ ਦੇ ਮੱਦੇਨਜ਼ਰ ਬੀਤੀ ਸ਼ਾਮ ਤੋਂ ਹੀ ਵੱਡੀ ਗਿਣਤੀ ਸੰਗਤ ਡੇਰਾ ਬਿਆਸ ਪੁੱਜਣੀ ਸ਼ੁਰੂ ਹੋ ਗਈ। ਡੇਰੇ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੇ ਦੱਸਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਜਾਨਸ਼ੀਨ ਸਬੰਧੀ ਫ਼ੈਸਲੇ ਤੋਂ ਉਹ ਕਾਫ਼ੀ ਹੈਰਾਨੀ ਹਨ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ। ਸਵੇਰੇ ਸਤਿਸੰਗ ਦੌਰਾਨ ਵੀ ਹਰੇਕ ਸ਼ਰਧਾਲੂ ਦੀ ਅੱਖ ਨਮ ਸੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਇਕੱਠੇ ਮੰਚ ’ਤੇ ਪਹੁੰਚੇ ਅਤੇ ਦੋ ਵੱਖ-ਵੱਖ ਗੱਦੀਆਂ ’ਤੇ ਬਿਰਾਜਮਾਨ ਹੋਏ। ਸਤਿਸੰਗ ਦਾ ਵਿਸ਼ਾ ‘ਗੁਰੂ’ ਸੀ। ਹਾਲਾਂਕਿ, ਬਾਬਾ ਗੁਰਿੰਦਰ ਸਿੰਘ ਢਿੱਲੋਂ ਮੰਚ ਤੋਂ ਕੋਈ ਸ਼ਬਦ ਨਹੀਂ ਬੋਲੇ ਪਰ ਆਪਣੇ ਜਾਨਸ਼ੀਨ ਨੂੰ ਪਿੱਠ ਥਾਪੜ ਕੇ ਆਸ਼ੀਰਵਾਦ ਦਿੱਤਾ। ਕਿਸੇ ਡੇਰੇ ਵਿਚ ਦੋ ਗੱਦੀਆਂ ਲੱਗਣ ਅਤੇ ਇੱਕ ਮੰਚ ’ਤੇ ਦੋ ਮੁਖੀਆਂ ਦੇ ਬਿਰਾਜਮਾਨ ਹੋਣ ਦਾ ਇਹ ਪਹਿਲਾ ਮਾਮਲਾ ਹੈ।