ਡੇਰ ਤੇ ਮੋਢਵਾਡੀਆ ਵੱਲੋਂ ਕਾਂਗਰਸ ਤੋਂ ਅਸਤੀਫ਼ਾ
ਅਹਿਮਦਾਬਾਦ, 4 ਮਾਰਚ
ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਅੰਬਰੀਸ਼ ਡੇਰ ਅਤੇ ਪੋਰਬੰਦਰ ਤੋਂ ਕਾਂਗਰਸ ਵਿਧਾਇਕ ਤੇ ਗੁਜਰਾਤ ਇਕਾਈ ਦੇ ਸਾਬਕਾ ਪ੍ਰਧਾਨ ਅਰਜੁਨ ਮੋਢਵਾਡੀਆ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੋਢਵਾਡੀਆ ਨੇ ਆਪਣਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਹੈ। ਅੰਬਰੀਸ਼ ਡੇਰ ਭਲਕੇ 5 ਮਾਰਚ ਨੂੰ ਭਾਜਪਾ ’ਚ ਸ਼ਾਮਲ ਹੋਣਗੇ।
ਡੇਰ ਵੱਲੋਂ ਅਸਤੀਫ਼ੇ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਮੁਖੀ ਸ਼ਕਤੀ ਸਿੰਘ ਗੋਹਿਲ ਨੇ ਪੱਤਰਕਾਰ ਨੂੰ ਕਿਹਾ ਕਿ ਲੰਘੀ ਰਾਤ ਹੋਈ ਮੀਟਿੰਗ ਦੌਰਾਨ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਡੇਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲਾਂ ਲਈ ਮੁਅੱਤਲ ਕਰ ਦਿੱਤਾ। ਇਸ ਮਗਰੋਂ ਡੇਰ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਸੱਦ ਕੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨੇ ਕਦੋਂ ਮੁਅੱਤਲ ਕਰ ਦਿੱਤਾ ਪਤਾ ਹੀ ਨਹੀਂ ਚੱਲਿਆ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਉਹ ਭਲਕੇ ਗਾਂਧੀਨਗਰ ’ਚ ਭਾਜਪਾ ਦੇ ਸੂਬਾ ਹੈੱਡਕੁਆਰਟਰ ’ਚ ਪਾਰਟੀ ’ਚ ਸ਼ਾਮਲ ਹੋਣਗੇ। ਦੂਜੇ ਪਾਸੇ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਚੌਧਰੀ ਨੇ ਮੋਢਵਾਡੀਆ ਦੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਇਹ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਮੋਢਵਾਡੀਆ ਦੇ ਅਸਤੀਫ਼ੇ ਨਾਲ 182 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਘੱਟ ਕੇ 14 ਰਹਿ ਗਈ ਹੈ। ਗੁਜਰਾਤ ਦੇ ਸਭ ਤੋਂ ਸੀਨੀਅਰ ਤੇ ਪ੍ਰਭਾਵਸ਼ਾਲੀ ਵਿਰੋਧੀ ਆਗੂਆਂ ’ਚੋਂ ਇੱਕ ਮੋਢਵਾਡੀਆ ਨੇ 2022 ਦੀਆਂ ਚੋਣਾਂ ’ਚ ਪੋਰਬੰਦਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਆਗੂ ਬਾਬੂ ਬੋਖਿਰੀਆ ਨੂੰ ਹਰਾਇਆ ਸੀ। -ਪੀਟੀਆਈ