ਲੰਡਨ ਦੇ ਡਿਪਟੀ ਮੇਅਰ ਰਾਜੇਸ਼ ਅਗਰਵਾਲ ਲੈਸਟਰ ਈਸਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ
ਲੰਡਨ, 20 ਨਵੰਬਰ
ਮੱਧ ਪ੍ਰਦੇਸ਼ ਦੇ ਇੰਦੌਰ ’ਚ ਜਨਮੇ ਉੱਦਮੀ ਤੇ ਲੰਡਨ ਦੇ ਡਿਪਟੀ ਮੇਅਰ (ਵਪਾਰ ਮਾਮਲੇ) ਰਾਜੇਸ਼ ਅਗਰਵਾਲ ਨੂੰ ਵਿਰੋਧੀ ਧਿਰ ਲੇਬਰ ਪਾਰਟੀ ਨੇ ਅਗਲੀਆਂ ਆਮ ਚੋਣਾਂ ਵਿਚ ਲੈਸਟਰ-ਈਸਟ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਚੁਣਿਆ ਹੈ। ਅਗਰਵਾਲ (46) ਨੇ ਅੱਜ ਇਸ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਤੇ ਸੰਸਦ ਮੈਂਬਰ ਚੁਣੇ ਜਾਣ ’ਤੇ ਖੇਤਰ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਨ ਦਾ ਅਹਿਦ ਕੀਤਾ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਇਸ ਇਲਾਕੇ ਵਿਚ ਵੱਡੀ ਗਿਣਤੀ ਦੱਖਣੀ-ਏਸ਼ਿਆਈ ਆਬਾਦੀ ਵਸਦੀ ਹੈ। ਇਸ ਸੀਟ ਲਈ ਸਥਾਨਕ ਪੱਧਰ ’ਤੇ ਹੋਏ ਮੁਕਾਬਲੇ ਵਿਚ ਰਾਜੇਸ਼ ਅਗਰਵਾਲ ਨੇ ਭਾਰਤੀ ਮੂਲ ਦੇ ਇਕ ਹੋਰ ਸੰਭਾਵੀ ਉਮੀਦਵਾਰ ਕੌਂਸਲਰ ਰਿਸ਼ੀ ਮਦਲਾਨੀ (ਲੇਬਰ ਪਾਰਟੀ) ਨੂੰ ਹਰਾਇਆ ਹੈ। ਮੁਲਕ ਵਿਚ ਅਗਲੀਆਂ ਆਮ ਚੋਣਾਂ 2024 ’ਚ ਹੋਣ ਦੀ ਸੰਭਾਵਨਾ ਹੈ। ਅਗਰਵਾਲ ਨੇ ਕਿਹਾ ਕਿ ਉਹ ਚੋਣ ਜਿੱਤ ਕੇ ਇਲਾਕੇ ਦੇ ਹਰੇਕ ਨਿਵਾਸੀ ਲਈ ਕੰਮ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਅਗਰਵਾਲ ਨੂੰ ਲੰਡਨ ਦੇ ਮੇਅਰ ਸਾਦਿਕ ਖਾਨ ਦੀ ਹਮਾਇਤ ਪ੍ਰਾਪਤ ਹੈ। ਅਗਰਵਾਲ 22 ਸਾਲ ਪਹਿਲਾਂ ਭਾਰਤ ਤੋਂ ਬਰਤਾਨੀਆ ਆਏ ਸਨ ਤੇ ‘ਫਿਨਟੈੱਕ’ ਖੇਤਰ ਵਿਚ ਸਫ਼ਲ ਕਾਰੋਬਾਰ ਖੜ੍ਹਾ ਕੀਤਾ। ਅਗਰਵਾਲ ਨੇ ਵਾਅਦਾ ਕੀਤਾ ਕਿ ਚੋਣ ਜਿੱਤਣ ਦੀ ਸੂਰਤ ਵਿਚ ਉਹ ਲੈਸਟਰ ਵਾਸੀਆਂ ਨੂੰ ਮਹਿੰਗਾਈ ਤੋਂ ਨਿਜਾਤ ਦਿਵਾਉਣ ਲਈ ਕੰਮ ਕਰਨਗੇ। ਸਸਤੇ ਘਰ ਉਪਲਬਧ ਕਰਾਉਣਾ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸ਼ਾਮਲ ਹੋਵੇਗਾ। -ਪੀਟੀਆਈ