ਡੀਈਆਰਸੀ ਦੇ ਮੁਖੀ ਦੀ ਨਿਯੁਕਤੀ ਬਾਰੇ ਉਪ ਰਾਜਪਾਲ ਤੇ ਕੇਜਰੀਵਾਲ ਦੀ ਮੀਟਿੰਗ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦੇ ਮੁਖੀ ਦੀ ਨਿਯੁਕਤੀ ’ਤੇ ਚਰਚਾ ਲਈ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕੀਤੀ। ਕਰੀਬ ਘੰਟਾ ਭਰ ਚੱਲੀ ਮੀਟਿੰਗ ਦੇ ਵੇਰਵਿਆਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਮੀਟਿੰਗ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਉਪ ਰਾਜਪਾਲ ਅੱਗੇ ਤਿੰਨ ਨਾਂ ਰੱਖੇ ਸਨ। ਜ਼ਿਕਰਯੋਗ ਹੈ ਕਿ ਸੋਮਵਾਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦੋਵੇਂ ਧਿਰਾਂ ‘ਸਿਆਸੀ ਖਿੱਚੋਤਾਣ’ ਤੋਂ ਉਪਰ ਉੱਠਣ ਤੇ ਡੀਈਆਰਸੀ ਦੇ ਚੇਅਰਪਰਸਨ ਦੀ ਨਿਯੁਕਤੀ ਬਾਰੇ ਚਰਚਾ ਕਰਨ। ਅਦਾਲਤ ਇਸ ਮਾਮਲੇ ਉਤੇ ਭਲਕੇ ਦੁਬਾਰਾ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਮਹੱਤਵਪੂਰਨ ਹੈ ਕਿਉਂਕਿ ਇਸ ਵੱਲੋਂ ਕੌਮੀ ਰਾਜਧਾਨੀ ਵਿਚ ਬਿਜਲੀ ਦੀਆਂ ਦਰਾਂ ਤੈਅ ਕੀਤੀਆਂ ਜਾਣੀਆਂ ਹਨ। ਇਹ ਅਹੁਦਾ ਜਨਵਰੀ ਤੋਂ ਖਾਲੀ ਹੈ ਕਿਉਂਕਿ ‘ਆਪ’ ਸਰਕਾਰ ਤੇ ਉਪ ਰਾਜਪਾਲ ਦੇ ਦਫ਼ਤਰ ਵਿਚਾਲੇ ਨਵੇਂ ਚੇਅਰਮੈਨ ਬਾਰੇ ਸਹਿਮਤੀ ਨਹੀਂ ਬਣ ਸਕੀ ਹੈ। ਕੇਜਰੀਵਾਲ ਨੇ ਜਨਵਰੀ ਵਿਚ ਇਸ ਅਹੁਦੇ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਾਜੀਵ ਕੁਮਾਰ ਸ੍ਰੀਵਾਸਤਵ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ। ਸ੍ਰੀਵਾਸਤਵ ਪਿਛਲੇ ਮਹੀਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਹੁਦਾ ਸੰਭਾਲਣ ਤੋਂ ਪਿੱਛੇ ਹਟ ਗਏ ਸਨ। ਮੁੱਖ ਮੰਤਰੀ ਨੇ 21 ਜੂਨ ਨੂੰ ਡੀਈਆਰਸੀ ਦੇ ਨਵੇਂ ਚੇਅਰਮੈਨ ਵਜੋਂ ਸੇਵਾਮੁਕਤ ਜੱਜ ਸੰਗੀਤ ਲੋਢਾ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ। ਇਸੇ ਦੌਰਾਨ ਕੇਂਦਰ ਸਰਕਾਰ ਨੇ ਇਕ ਨੋਟੀਫਿਕੇਸ਼ਨ ਰਾਹੀਂ ਜਸਟਿਸ (ਸੇਵਾਮੁਕਤ) ਉਮੇਸ਼ ਕੁਮਾਰ ਨੂੰ ਅਹੁਦੇ ਉਤੇ ਨਿਯੁਕਤ ਕਰ ਦਿੱਤਾ ਸੀ। ‘ਆਪ’ ਨੇ ਨਿਯੁਕਤੀ ਨੂੰ ‘ਗੈਰਕਾਨੂੰਨੀ ਤੇ ਗੈਰ-ਸੰਵਿਧਾਨਕ’ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ ਸੀ ਤੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ‘ਆਪ’ ਨੇ ਕਿਹਾ ਸੀ ਕਿ ਇਹ ਨਿਯੁਕਤੀ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ। -ਪੀਟੀਆਈ