ਡਿਪਟੀ ਕਮਿਸ਼ਨਰ ਵੱਲੋਂ ਮਾਨਸਾ ਦੇ ਸਕੂਲਾਂ ਦਾ ਦੌਰਾ
ਮਾਨਸਾ: ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਪੜ੍ਹਾਈ ਦੇ ਪੱਧਰ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਸਕੂਲ ਆਫ਼ ਐਮੀਨੈਂਸ ਮਾਨਸਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਦਾ ਦੌਰਾ ਕੀਤਾ। ਡੀਸੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਲਈ ਸਕੂਲਾਂ ਵਿੱਚ ਪ੍ਰਾਜੈਕਟਰ, ਐੱਲਸੀਡੀਜ਼ ਅਤੇ ਐਜੂਸੈੱਟ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਧੀਆ ਤਾਲੀਮ ਹਾਸਲ ਕਰ ਸਕਣ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਵਿੱਚ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ, ਜ਼ਰੂਰਤ ਸਿਰਫ਼ ਉਸ ਪ੍ਰਤਿਭਾ ਨੂੰ ਤਲਾਸ਼ਣ ਅਤੇ ਤਰਾਸ਼ਣ ਦੀ ਹੈ ਅਤੇ ਇਹ ਮਾਪਿਆਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਵਿਖੇ ਮਿਡ-ਡੇਅ-ਮੀਲ ਦੌਰਾਨ ਪਰੋਸੇ ਜਾਂਦੇ ਭੋਜਨ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ। -ਪੱਤਰ ਪ੍ਰੇਰਕ