ਡਿਪਟੀ ਕਮਿਸ਼ਨਰ ਵੱਲੋਂ ਭੋਜਨ ਕੰਟੀਨ ਦਾ ਉਦਘਾਟਨ
ਮਹਾਂਵੀਰ ਮਿੱਤਲ
ਜੀਂਦ, 28 ਜਨਵਰੀ
ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਲਘੂ-ਸਕੱਤਰੇਤ ਸਥਿਤ ਪਾਰਕਿੰਗ ਵਿੱਚ ਭੋਜਨ ਕੰਟੀਨ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਸੋਈ ਦਾ ਵੀ ਮੁਆਇਨਾ ਕੀਤਾ। ਡੀਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਕੰਟੀਨ ਵਿੱਚ ਸਰਕਾਰੀ ਸਟਾਫ ਦੇ ਇਲਾਵਾ ਬਾਹਰ ਤੋਂ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ, ਰੇਹੜੀ-ਫੜ੍ਹੀ ਲਗਾਉਣ ਵਾਲੇ ਵੀ ਸਸਤਾ ਅਤੇ ਸ਼ੁੱਧ ਭੋਜਨ ਖਾ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਕੰਟੀਨ ਵਿੱਚ ਮਾਤਰ 10 ਰੁਪਏ ਖਰਚ ਕਰ ਕੇ ਦਿਨ ਵੇਲੇ ਕਿਸੇ ਵੀ ਸਮੇਂ ਭੋਜਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੰਟੀਨ ਹਰਿਆਣਾ ਭਵਨ ਅਤੇ ਹੋਰ ਨਿਰਮਾਣ ਕਰਮਕਾਰ ਕਲਿਆਣ ਬੋਰਡ ਮਜ਼ਦੂਰ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਹੈ। ਕੰਟੀਨ ਨੂੰ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਲ ਦੀ ਸਹਾਇਤਾ ਸਮੂਹ ਨਾਲ ਜੁੜੀਆਂ ਮਹਿਲਾਵਾਂ ਦੁਆਰਾ ਚਲਾਇਆ ਜਾਵੇਗਾ। ਕੰਟੀਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮੀਂ ਚਾਰ ਵਜੇ ਤੱਕ ਕੇਵਲ 10 ਰੁਪਏ ਦੇ ਭੁਗਤਾਨ ਨਾਲ ਚਾਰ ਤਵਾ ਰੋਟੀ, ਚੌਲ, ਦਾਲ ਤੇ ਮੌਸਮੀ ਸਬਜ਼ੀ ਦਿੱਤੀ ਜਾਵੇਗੀ, ਜੋ ਕਿ ਇਸ ਭੋਜਨ ਥਾਲੀ ਦੀ ਕੀਮਤ 25 ਰੁਪਏ ਬਣਦੀ ਹੈ ਪਰ ਇਸ ਵਿੱਚ 15 ਰੁਪਏ ਦਾ ਖਰਚ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਲਈ ਕੇਂਦਰ ਤੇ ਸੂਬਾ ਸਰਕਾਰ ਦੁਆਰਾ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮਹਿਲਾਵਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਕੰਟੀਨ ਵਿੱਚ ਕੰਮ ਦਿੱਤਾ ਗਿਆ ਹੈ। ਇਸ ਮੌਕੇ ਐਕਸੀਅਨ ਸਤੀਸ਼ ਗਰਗ, ਮੁੱਖ ਸਫ਼ਾਈ ਨਿਰੀਖਕ ਅਨਿਲ ਨੈਣ ਅਤੇ ਡੀਸੀ ਦੇ ਪੀਏ ਪ੍ਰਵੀਨ ਪਰੂਥੀ ਹਾਜ਼ਰ ਸਨ।