ਡਿਪਟੀ ਕਮਿਸ਼ਨਰ ਨੇ ਜੇਲ੍ਹ ਵਿੱਚ ਔਰਤਾਂ ਨਾਲ ਮਨਾਈ ਦੀਵਾਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵੰਬਰ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਥੇ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਔਰਤਾਂ ਅਤੇ ਜੇਲ੍ਹ ਵਿੱਚ ਹੀ ਚੱਲਦੀ ਕਰੈੱਚ ਦੇ ਬੱਚਿਆਂ ਨਾਲ ਦੀਵਾਲੀ ਮਨਾਈ। ਜੇਲ੍ਹ ਸੁਪਰਡੈਂਟ ਵਰੁਨ ਸ਼ਰਮਾ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦੌਰਾਨ ਰੈੱਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ। ਇਨ੍ਹਾਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟਾਈ ਜਤਾਈ ਕਿ ਜੇਲ੍ਹ੍ਵ ਵਿੱਚ ਸਮਾਂ ਬਿਤਾਉਣ ਉਪਰੰਤ ਇਹ ਔਰਤਾਂ ਸਮਾਜ ਵਿੱਚ ਆਮ ਨਾਗਰਿਕ ਵਾਲਾ ਜੀਵਨ ਜਿਉਣਗੀਆਂ ਅਤੇ ਆਪਣਾ ਅਗਲਾ ਜੀਵਨ ਸੁਧਾਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਮਠਿਆਈ ਅਤੇ ਫਲ਼ ਵੰਡਦਿਆਂ ਕਾਮਨਾ ਕੀਤੀ ਕਿ ਜੇਲ੍ਹ ਦੇ ਕੈਦੀਆਂ ਲਈ ਵੀ ਇਹ ਦੀਵਾਲੀ ਖ਼ੁਸ਼ੀਆਂ ਦੇ ਖੇੜੇ ਲੈ ਕੇ ਆਵੇ। ਜੇਲ੍ਹ ਵਿਚਲੀ ਕਰੈਚ ਵਿੱਚ ਬੱਚਿਆਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰਦਿਆਂ, ਉਨ੍ਹਾਂ ਨੂੰ ਤੋਹਫ਼ੇ ਅਤੇ ਪੜ੍ਹਨ ਲਈ ਕਿਤਾਬਾਂ ਤੇ ਸਟੇਸ਼ਨਰੀ ਵੀ ਦਿੱਤੀ। ਡੀਸੀ ਨੇ ਇੱਥੇ ਲਾਹੌਰੀ ਗੇਟ ’ਚ ਸਥਿਤ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿੱਚ ਰਹਿ ਰਹੀਆਂ ਨਵ ਜਨਮੀਆਂ ਬਾਲੜੀਆਂ ਤੇ ਲੜਕੀਆਂ ਨਾਲ ਦੀਵਾਲੀ ਮਨਾਈ। ਉਨ੍ਹਾਂ ਦੇ ਨਾਲ ਏਡੀਸੀ ਨਵਰੀਤ ਕੌਰ ਸੇਖੋਂ ਮੌਜੂਦ ਸਨ।
ਸੰਗਰੂਰ ਜੇਲ੍ਹ ਦੀਆਂ ਮਹਿਲਾ ਕੈਦੀਆਂ ਵੱਲੋਂ ਤਿਆਰ ਦੀਵੇ ਤੇ ਮੋਮਬੱਤੀਆਂ ਦੀ ਵਿਕਰੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਜ਼ਿਲ੍ਹਾ ਜੇਲ੍ਹ ਦੀਆਂ ਮਹਿਲਾ ਬੰਦੀਆਂ ਵੱਲੋਂ ਬਣਾਏ ਗਏ ਦੀਵਿਆਂ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਈ ਮੁੱਖ ਸੜਕ ’ਤੇ ਜੇਲ੍ਹ ਦੇ ਪੈਟਰ’ਲ ਪੰਪ ਵਿਖੇ ਵਿਕਰੀ ਕਾਊਂਟਰ ਲਗਾਇਆ ਗਿਆ। ਲੋਕਾਂ ਵੱਲੋਂ ਇੱਥੋਂ ਦੀਵਿਆਂ ਅਤੇ ਰੰਗ ਬਿਰੰਗੀਆਂ ਮੋਮਬੱਤੀਆਂ ਦੀ ਖਰੀਦਦਾਰੀ ਕੀਤੀ ਗਈ। ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਜੇਲ੍ਹ ਦੇ ਬੰਦੀਆਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ। ਮਹਿਲਾ ਬੰਦੀਆਂ ਵੱਲੋਂ ਹੁਨਰ ਵਿਕਾਸ ਯੋਜਨਾ ਤਹਿਤ ਮੋਮਬੱਤੀਆਂ ਬਣਾਉਣ, ਵੱਖ-ਵੱਖ ਰੰਗਾਂ ਵਿੱਚ ਦੀਵੇ ਤਿਆਰ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ ਗਈ। ਬੰਦੀਆਂ ਵੱਲੋਂ ਬਣਾਏ ਗਏ ਦੀਵਿਆਂ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਕਾਊਂਟਰ, ਜੇਲ੍ਹ ਦੇ ਪੈਟਰੋਲ ਪੰਪ ਵਿਖੇ ਲਗਾਇਆ ਗਿਆ। ਇਨ੍ਹਾਂ ਦੀਵਿਆਂ ਅਤੇ ਰੰਗ ਬਿਰੰਗੀਆਂ ਮੋਮਬਤੀਆਂ ਨੂੰ ਆਮ ਲੋਕਾਂ ਨੇ ਉਤਸ਼ਾਹ ਨਾਲ ਖਰੀਦਿਆ। ਜ਼ਿਲ੍ਹਾ ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਮਹਿਲਾ ਬੰਦੀਆਂ ਦਾ ਮਨੋਬਲ ਉੱਚਾ ਹੋਇਆ ਹੈ।