ਈਐੱਸਆਈਸੀ ਕਾਰਡ ਤੋਂ ਵਾਂਝੇ ਸੀਵਰਮੈਨ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 16 ਨਵੰਬਰ
ਇੱਥੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ’ਚ ਠੇਕੇ ਅਧੀਨ ਕੰਮ ਕਰਦੇ ਸੀਵਰਮੈਨਾਂ ਦਾ ਈਐੱਸਆਈਸੀ ਫੰਡ ਕੱਟੇ ਜਾਣ ਦੇ ਬਾਵਜੂਦ ਠੇਕੇਦਾਰ ਵੱਲੋਂ ਈਐੱਸਆਈਸੀ ਕਾਰਡ ਨਾ ਜਾਰੀ ਕਰਨ ਕਾਰਨ ਮਹਿੰਗਾ ਪ੍ਰਾਈਵੇਟ ਇਲਾਜ ਕਰਵਾਉਣ ਲਈ ਮਜਬੂਰ ਹਨ। ਆਊਟਸੋਰਸਿੰਗ ’ਤੇ ਕੰਮ ਕਰਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਡੇਂਗੂ ਤੋਂ ਪੀੜਤ ਹੈ। ਜਦੋਂ ਉਹ ਈਐੱਸਆਈਸੀ ਹਸਪਤਾਲ ਰਾਜਪੁਰਾ ਵਿੱਚ ਆਪਣਾ ਇਲਾਜ ਕਰਵਾਉਣ ਲਈ ਗਿਆ ਤਾਂ ਹਸਪਤਾਲ ਵਾਲਿਆਂ ਨੇ ਉਸ ਕੋਲੋਂ ਈਐੱਸਆਈਸੀ ਕਾਰਡ ਦੀ ਮੰਗ ਕੀਤੀ ਜੋ ਨਾ ਹੀ ਠੇਕੇਦਾਰ ਅਤੇ ਨਾ ਹੀ ਸੀਵਰੇਜ ਬੋਰਡ ਦੇ ਐਸਡੀਓ ਨੇ ਉਨ੍ਹਾਂ ਨੂੰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਨਾ ਹੋਣ ਕਾਰਨ ਉਸ ਨੇ ਬਾਹਰੋਂ ਹੀ ਆਪਣਾ ਇਲਾਜ ਕਰਵਾਇਆ ਹੈ। ਕਰਮਚਾਰੀ ਦਲ ਪੰਜਾਬ ਭਗੜਾਣਾ ਰਾਜਪੁਰਾ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਠੇਕੇਦਾਰ ਕੁਝ ਸਰਕਾਰੀ ਮੁਲਾਜ਼ਮਾਂ ਨਾਲ ਮਿਲ ਕੇ ਸੀਵਰਮੈਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰ ਦਾ ਇਸ ਸਾਲ ਦਾ ਠੇਕਾ ਖ਼ਤਮ ਹੋਣ ਕਿਨਾਰੇ ਹੈ ਪਰ ਅਜੇ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਈਐੱਸਆਈ ਕਾਰਡ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2021-2022 ਦਰਮਿਆਨ ਸੀਵਰਮੈਨਾਂ ਨੂੰ 10354 ਰੁਪਏ ਮਿਹਨਤਾਨਾ ਮਿਲਦਾ ਸੀ ਜੋ ਮਿਲੀਭੁਗਤ ਨਾਲ ਘਟਾ ਕੇ ਇਸ ਵਰ੍ਹੇ 10108 ਰੁਪਏ ਕਰ ਦਿੱਤਾ ਗਿਆ ਹੈ। ਇਸ ਸਬੰਧੀ ਉਭਾ ਕੋਆਪ੍ਰੇਟਿਵ ਸੁਸਾਇਟੀ ਦੇ ਠੇਕੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਮੁਲਾਜ਼ਮਾਂ ਨੇ ਕਦੇ ਉਨ੍ਹਾਂ ਤੋਂ ਈਐਸਆਈ ਕਾਰਡਾਂ ਦੀ ਮੰਗ ਹੀ ਨਹੀਂ ਕੀਤੀ ਇਸ ਲਈ ਉਸ ਨੇ ਦਿੱਤੇ ਵੀ ਨਹੀਂ ਅਤੇ ਹੁਣ ਸੋਮਵਾਰ ਨੂੰ ਕਾਰਡ ਦੇ ਦਿੱਤੇ ਜਾਣਗੇ।
ਇਸ ਸਬੰਧੀ ਸੀਵਰੇਜ ਬੋਰਡ ਦੇ ਐਸਡੀਓ ਕਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਈਐੱਸਆਈਸੀ ਕਾਰਡ ਬਣਾਉਣਾ ਤੇ ਦੇਣਾ ਠੇਕੇਦਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ 10354 ਰੁਪਏ ਮਿਹਨਤਾਨਾ ਦੇਣ ਦੀ ਹਦਾਇਤ ਕਦੋਂ ਦੀ ਕੀਤੀ ਹੋਈ ਹੈ।