Deportees: ਅਮਰੀਕਾ ਤੋਂ ਡਿਪੋਰਟ 112 ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪਹੁੰਚਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਫਰਵਰੀ
ਅਮਰੀਕੀ ਹਵਾਈ ਫੌਜ ਦਾ ਇੱਕ ਵਿਸ਼ੇਸ਼ ਹਵਾਈ ਜਹਾਜ਼ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁੱਜ ਗਿਆ ਹੈ।
ਅਮਰੀਕਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਡਿਪੋਰਟ ਕਰਨ ਦੀ ਅਮਰੀਕਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਅਮਰੀਕੀ ਫੌਜ ਦਾ ਇੱਕ ਵਿਸ਼ੇਸ਼ ਜਹਾਜ਼ 112 ਭਾਰਤੀ ਨਾਗਰਿਕਾਂ ਨੂੰ ਲੈ ਕੇ ਰਾਤ 10.05 ਮਿੰਟ ’ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰਿਆ। ਫਿਲਹਾਲ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਜਾਂਚ ਅਤੇ ਹੋਰ ਦਸਤਾਵੇਜ਼ੀ ਜਾਂਚ ਹੋਵੇਗੀ ਅਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਤਹਿਤ ਇਹ ਪੰਜਾਬ ਪੁਲੀਸ ਅਤੇ ਪ੍ਰਸ਼ਾਸਨ ਨੂੰ ਸੌਂਪੇ ਜਾਣਗੇ।
ਇਸ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚ ਸ਼ਾਮਿਲ ਸਿੱਖ ਵਿਅਕਤੀਆਂ ਲਈ ਦਸਤਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਕਰਮਚਾਰੀ ਵੱਡੀ ਗਿਣਤੀ ਵਿੱਚ ਛੋਟੀਆਂ ਦਸਤਾਰਾਂ ਲੈ ਕੇ ਹਵਾਈ ਅੱਡੇ ’ਤੇ ਪੁੱਜਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਡਿਪੋਰਟ ਕੀਤੇ ਗਏ ਭਾਰਤੀਆਂ ਅਤੇ ਹੋਰਨਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਫਿਲਹਾਲ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ ਅਮਰੀਕਾ ਤੋਂ ਭੇਜੇ ਗਏ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਮਿਲਣ ਜਾਂ ਲੈਣ ਵਾਸਤੇ ਨਹੀਂ ਪੁੱਜਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਦੋ ਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ ਸਨ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 112 ਭਾਰਤੀ ਨਾਗਰਿਕਾਂ ਵਿੱਚ ਪੰਜਾਬ ਦੇ 31 ਨਾਗਰਿਕ, ਹਰਿਆਣਾ ਦੇ 44, ਗੁਜਰਾਤ ਦੇ 33, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦਾ ਇੱਕ-ਇੱਕ ਅਤੇ ਉੱਤਰ ਪ੍ਰਦੇਸ਼ ਤੇ ਦੋ ਨਾਗਰਿਕ ਸ਼ਾਮਲ ਹਨ। ਅੱਜ ਡਿਪੋਰਟ ਕੀਤੇ ਭਾਰਤੀ ਨਾਗਰਿਕ ਵੀ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਸਮੇਂ ਕਾਬੂ ਕਰ ਲਿਆ ਗਿਆ ਸੀ। ਅੱਜ ਵਾਪਸ ਪਰਤੇ 112 ਭਾਰਤੀ ਨਾਗਰਿਕਾਂ ਵਿੱਚ 23 ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਦੋ ਔਰਤਾਂ ਪੰਜਾਬ ਦੀਆਂ ਵੀ ਹਨ। ਇਨ੍ਹਾਂ ਵਿੱਚ ਕੁਝ ਨਬਾਲਗ ਵੀ ਸ਼ਾਮਲ ਹਨ।
ਇਸ ਦੌਰਾਨ ਅੱਜ ਹਰਿਆਣਾ ਸਰਕਾਰ ਵੱਲੋਂ ਆਪਣੇ ਅਮਰੀਕਾ ਤੋਂ ਡਿਪੋਰਟ ਕੀਤੇ ਨਾਗਰਿਕਾਂ ਨੂੰ ਲੈਣ ਵਾਸਤੇ ਇੱਕ ਵਿਸ਼ੇਸ਼ ਬੱਸ ਭੇਜੀ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਦੋ ਵਾਰ ਪੁਲੀਸ ਦੀ ਬੱਸ ਭੇਜੀ ਗਈ ਸੀ। ਅੱਜ ਹਰਿਆਣਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਹਰਿਆਣਾ ਤੋਂ ਪ੍ਰਯਾਗਰਾਜ ਵਾਸਤੇ ਚੱਲਣ ਵਾਲੀ ਏਸੀ ਬਸ ਭੇਜੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਦੋ ਵਿਸ਼ੇਸ਼ ਉਡਾਣਾ ਰਾਹੀਂ ਕ੍ਰਮਵਾਰ 104 ਅਤੇ 117 ਭਾਰਤੀ ਨਾਗਰਿਕਾਂ ਨੂੰ ਭਾਰਤ ਭੇਜਿਆ ਜਾ ਚੁੱਕਾ ਹੈ। ਸ਼ਨਿਚਰਵਾਰ ਰਾਤ ਲਗਪਗ 11.30 ਵਜੇ ਅਮਰੀਕਾ ਹਵਾਈ ਫੌਜ ਦਾ ਇੱਕ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਰਿਆ ਸੀ, ਜਿਸ ਆਏ 117 ਭਾਰਤੀ ਨਾਗਰਿਕਾਂ ਵਿੱਚੋਂ 65 ਜਣੇ ਪੰਜਾਬ ਦੇ ਵਸਨੀਕ ਸਨ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਪਹਿਲੀ ਹਵਾਈ ਉਡਾਣ ਇਥੇ ਪੁੱਜੀ ਸੀ, ਜਿਸ ਵਿੱਚ 104 ਭਾਰਤੀ ਸ਼ਾਮਲ ਸਨ ਤੇ ਇਨ੍ਹਾਂ ਵਿੱਚ 30 ਪੰਜਾਬ ਦੇ ਸਨ।
