Deported From USA: ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ’ਚ ਦੋ ਸ਼ਾਹਕੋਟ ਤਹਿਸੀਲ ਨਾਲ ਸਬੰਧਿਤ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 17 ਫਰਵਰੀ
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਵਿਚ ਸ਼ਾਮਲ ਤਹਿਸੀਲ ਸ਼ਾਹਕੋਟ ਦੇ ਦੋ ਪਿੰਡਾਂ ਦੇਨੌਜਵਾਨਾਂ ਨੂੰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ। ਥਾਣਾ ਸ਼ਾਹਕੋਟ ਦੇ ਪਿੰਡ ਬਾਊਪੁਰ ਬੇਟ ਦੇ ਵਜੀਰ ਸਿੰਘ ਅਤੇ ਥਾਣਾ ਲੋਹੀਆਂ ਖਾਸ ਦੇ ਪਿੰਡ ਪਿੱਪਲੀ ਦੇ ਬੂਟਾ ਸਿੰਘ ਨੂੰ ਨਾਇਬ ਤਹਿਸੀਲਦਾਰ ਲੋਹੀਆਂ ਖਾਸ ਕੁਲਵਿੰਦਰ ਸਿੰਘ ਅਤੇ ਥਾਣਾ ਸ਼ਾਹਕੋਟ ਦੇ ਸਬ ਇੰਸਪੈਕਟਰ ਲਖਵੀਰ ਸਿੰਘ ਅਤੇ ਥਾਣਾ ਲੋਹੀਆਂ ਖਾਸ ਦੇ ਏ.ਐਸ.ਆਈ ਲਹਿੰਬਰ ਸਿੰਘ ਦੀ ਟੀਮ ਨੇ ਅੰਮ੍ਰਿਤਸਰ ਤੋਂ ਲਿਆ ਕੇ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ। ਆਪਣੇ ਘਰਾਂ ’ਚ ਪਰਤੇ ਉਕਤ ਦੋਵੇਂ ਨੌਜਵਾਨਾਂ ਦੇ ਘਰਾਂ ’ਚ ਬਹੁਤ ਹੀ ਦੁਖਦਾਈ ਮਾਹੌਲ ਸੀ।
ਪਿੰਡ ਬਾਊਪੁਰ ਦੇ ਵਜੀਰ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਦੇ ਏਜੰਟ ਰਾਹੀਂ 38 ਲੱਖ ਰੁਪਏ ਖਰਚ ਕੇ ਅਮਰੀਕਾ ਪੁੱਜਾ ਸੀ। ਉਨ੍ਹਾਂ ਦੱਸਿਆ ਕਿ ਏਜੰਟ ਨੇ ਪਹਿਲਾਂ ਉਨ੍ਹਾਂ ਨੂੰ ਵੀਅਤਨਾਮ ਭੇਜਿਆ। ਫਿਰ ਕਈ ਗਲਤ ਤਰੀਕਿਆਂ ਨਾਲ ਮੈਕਸਿਕੋ ਸਰਹੱਦ ’ਤੇ ਭੇਜ ਦਿਤਾ ਜਿੱਥੇ ਉਹ ਸਰਹੱਦ ਪਾਰ ਕਰਕੇ ਅਮਰੀਕਾ ਦਾਖਲ ਹੋਏ ਪਰ ਉਨ੍ਹਾਂ ਦੇ ਦਾਖਲ ਹੁੰਦੇ ਸਮੇਂ ਅਮਰੀਕਾ ਪੁਲੀਸ ਨੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿਚ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਪੂਰੇ 71 ਦਿਨ੍ਹਾਂ ਬਾਅਦ ਵਤਨ ਪਰਤੇ ਹਨ। ਉਨ੍ਹਾਂ ਨੇ ਆਪਣੀ ਆਰਥਿਕ ਦਸ਼ਾ ਸੁਧਾਰਨ ਲਈ ਆਪਣੀ ਜ਼ਮੀਨ ਵੇਚ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਏਜੰਟ ਵੱਲੋਂ ਗਲਤ ਤਰੀਕੇ ਨਾਲ ਉਨ੍ਹਾਂ ਨੂੰ ਅਮਰੀਕਾ ਭੇਜ ਕੇ ਉਨ੍ਹਾਂ ਨੂੰ ਕੰਗਾਲ ਕਰ ਕੇ ਰੱਖ ਦਿਤਾ ਹੈ। ਉਨ੍ਹਾਂ ਸਰਕਾਰ ਕੋਲੋ ਮੰਗ ਕੀਤੀ ਕਿ ਏਜੰਟ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਮਾਤਾ ਮਨਜੀਤ ਕੌਰ, ਭਰਾ ਸੁਖਬੀਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

ਡਿਪੋਰਟ ਕੀਤੇ ਪਿੰਡ ਪਿੱਪਲੀ ਦੇ ਬੂਟਾ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਜ਼ਮੀਨ ਵੇਚ ਕੇ ਅਤੇ ਕੁਝ ਆਪਣੇ ਰਿਸ਼ਤੇਦਾਰਾਂ ਕੋਲੋ ਉਧਾਰ ਰੁਪਏ ਫੜ ਕੇ 50 ਲੱਖ ਰੁਪਏ ਸ਼ਾਹਕੋਟ ਦੇ ਏਜੰਟ ਨੂੰ ਅਮਰੀਕਾ ਜਾਣ ਵਾਸਤੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਏਜੰਟ ਪਹਿਲਾਂ ਉਨ੍ਹਾਂ ਨੂੰ ਨੀਦਰਲੈਂਡ ਲੈ ਗਿਆ। ਕੁਝ ਹੋਰ ਦੇਸ਼ਾਂ ਵਿਚ ਘੁੰਮਾਉਣ ਤੋਂ ਬਾਅਦ ਜੰਗਲੀ ਰਸਤਿਆਂ ਰਾਹੀਂ ਮੈਕਸਿਕੋ ਦੀ ਸਰਹੱਦ ’ਤੇ ਲੈ ਗਿਆ। ਮੈਕਸਿਕੋ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੁੰਦੇ ਸਮੇਂ ਉਨ੍ਹਾਂ ਨੂੰ ਅਮਰੀਕਾ ਦੀ ਪੁਲੀਸ ਨੇ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਰਿਹਾ। ਉਨ੍ਹਾਂ ਨੂੰ ਨਾ ਨਹਾਉਣ ਦਿੱਤਾ ਜਾਂਦਾ ਅਤੇ ਨਾ ਹੀ ਸਮੇਂ ਸਿਰ ਰੋਟੀ ਦਿੱਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਏਜੰਟ ਨੇ ਉਨ੍ਹਾਂ ਕੋਲੋਂ 50 ਲੱਖ ਰੁਪਏ ਲੈ ਕੇ ਗਲਤ ਢੰਗ ਨਾਲ ਅਮਰੀਕਾ ਭੇਜਿਆ ਜਿਸ ਕਾਰਨ ਉਨ੍ਹਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪਿਆ ਤੇ ਉਤੋਂ ਆਰਥਿਕ ਕੰਗਾਲੀ ਨੇ ਉਨ੍ਹਾਂ ਨੂੰ ਕਰਜ਼ਈ ਬਣਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਏਜੰਟ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।