Deported From USA: ਕਰਜ਼ਾ ਲੈ ਕੇ ਅਮਰੀਕਾ ਗਿਆ ਸੀ ਗੁਰਮੇਲ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ ਸਾਹਿਬ, 16 ਫਰਵਰੀ
ਅਮਰੀਕਾ ਤੋਂ ਡਿਪੋਰਟ ਹੋ ਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੇਟ ਪੱਤਣ ਦਾ ਗੁਰਮੇਲ ਸਿੰਘ ਆਪਣੇ ਪਿੰਡ ਪਰਤ ਆਇਆ ਹੈ। ਗੁਰਮੇਲ ਦੇ ਪਿਤਾ ਅਜੈਬ ਸਿੰਘ ਜੋ ਪਿੰਡ ਵਿੱਚ ਛੋਟਾ ਜਿਹਾ ਢਾਬਾ ਚਲਾ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਲਗਪਗ ਦੋ ਸਾਲ ਪਹਿਲਾਂ ਏਜੰਟ ਵੱਲੋਂ ਗੁਰਮੇਲ ਨੂੰ ਅਮਰੀਕਾ ਦਾ ਲਾਰਾ ਲਾ ਕੇ ਦੁਬਈ ਆਦਿ ਦੇਸ਼ਾਂ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਸ ਉਪਰੰਤ ਹੁਣ ਦੋ ਸਾਲ ਬਾਅਦ 27 ਜਨਵਰੀ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਸੀ ਤਾਂ ਅਗਲੇ ਹੀ ਦਿਨ ਅਮਰੀਕਾ ਦੀ ਫੌਜ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਵਾਪਸ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਘਰ ਦਾ ਮਾਹੌਲ ਪਹਿਲਾਂ ਹੀ ਸਹੀ ਨਹੀਂ ਸੀ ਜਿਸ ਕਰਕੇ ਗੁਰਮੇਲ ਨੂੰ ਸਾਰੀ ਜ਼ਮੀਨ ਤੇ ਗਹਿਣਿਆਂ ’ਤੇ ਵਿਆਜੀ ਪੈਸੇ ਲੈ ਕੇ ਬਾਹਰ ਭੇਜਿਆ ਗਿਆ ਸੀ ਤਾਂ ਕਿ ਘਰ ਦਾ ਮਾਹੌਲ ਸੁਖਾਲਾ ਹੋ ਸਕੇ ਪਰ ਹੁਣ ਗੁਰਮੇਲ ਦੇ ਵਾਪਸ ਆਉਣ ਨਾਲ ਗੁਜ਼ਾਰਾ ਔਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਏਅਰਪੋਰਟ ’ਤੇ ਆਪਣੇ ਲੜਕੇ ਨੂੰ ਲੈਣ ਲਈ ਪਹੁੰਚੇ ਸਨ ਪਰ ਪੁਲੀਸ ਪਾਰਟੀ ਗੁਰਮੇਲ ਨੂੰ ਘਰ ਛੱਡ ਕੇ ਗਈ ਹੈ। ਗੁਰਮੇਲ ਸਿੰਘ ਨਾਲ ਮੁਲਾਕਾਤ ਨਾ ਹੋਣ ਕਰਕੇ ਵਧੇਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ।