Deported from USA: ਅਮਰੀਕਾ ਗਿਆ ਜੜੌਤ ਦਾ ਨੌਜਵਾਨ ਵਾਪਸ ਭੇਜਿਆ
ਸਰਬਜੀਤ ਸਿੰਘ ਭੱਟੀ
ਲਾਲੜੂ, 5 ਫਰਵਰੀ
ਪਿੰਡ ਜੜੌਤ ਦਾ ਵਸਨੀਕ 22 ਸਾਲਾ ਪ੍ਰਦੀਪ ਉਰਫ ਦੀਪੂ 6 ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ ਤੋਂ ਬਾਅਦ ਅਮਰੀਕਾ ਪੁੱਜਿਆ ਸੀ ਪਰ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਸ ਨੇ ਜਿਵੇਂ ਹੀ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅਮਰੀਕਾ ਦੀ ਪੁਲੀਸ ਨੇ ਫੜ ਲਿਆ। ਉਸ ਨੂੰ ਭਾਰਤੀ ਗਰੁੱਪ ਸਮੇਤ ਭਾਰਤ ਵਾਪਸ ਭੇਜ ਦਿੱਤਾ ਗਿਆ।
ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਂ ਨਰਿੰਦਰ ਕੌਰ ਉਰਫ਼ ਰਾਣੀ, ਪਿਤਾ ਕੁਲਬੀਰ ਸਿੰਘ ਨੇ ਭਾਰੀ ਮਨ ਨਾਲ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ 22 ਸਾਲਾ ਪੁੱਤਰ ਨੂੰ ਆਪਣੀ ਜ਼ਮੀਨ ਵੇਚ ਕੇ ਅਤੇ ਕੁੱਝ ਕਰਜ਼ਾ ਲੈ ਕੇ 41 ਲੱਖ ਖਰਚ ਕੇ ਅਮਰੀਕਾ ਭੇਜਿਆ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਉਹ ਅਮਰੀਕਾ ਵਿੱਚ ਦਾਖਲ ਹੋਣ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘ ਕੇ ਸਰਹੱਦ 'ਤੇ ਪਹੁੰਚਿਆ ਹੀ ਸੀ ਕਿ ਉਥੇ ਤਾਇਨਾਤ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪ੍ਰਦੀਪ ਦੇ ਮਾਤਾ-ਪਿਤਾ ਅਤੇ ਦਾਦੀ ਇਕ ਛੋਟੇ ਜਿਹੇ ਘਰ ਵਿੱਚ ਰਹਿ ਰਹੇ ਹਨ। ਪ੍ਰਦੀਪ ਦੇ ਪਰਿਵਾਰ ਨੇ 41 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ 6 ਮਹੀਨਿਆਂ ਤੱਕ ਹਰ ਮਹੀਨੇ ਇਸ ਉਮੀਦ ਨਾਲ ਪੈਸੇ ਭੇਜਦੇ ਰਹੇ ਕਿ ਉਨ੍ਹਾਂ ਦਾ ਪੁੱਤਰ ਇੱਕ ਦਿਨ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਕਰੇਗਾ ਅਤੇ ਕਰਜ਼ਾ ਵਾਪਸ ਕਰੇਗਾ ਪਰ ਉਨ੍ਹਾਂ ਦੇ ਪੱਲੇ ਹੁਣ ਨਿਰਾਸ਼ਾ ਪਈ ਹੈ। ਪ੍ਰਦੀਪ ਦੇ ਪਿਤਾ ਕੁਲਬੀਰ ਸਿੰਘ ਦਿਮਾਗੀ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰੋਸ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ ਦੇ ਸੁਪਨੇ ਵਿਖਾਉਣ ਵਾਲੇ ਏਜੰਟਾਂ ਉੱਤੇ ਨੱਥ ਕਿਉਂ ਨਹੀਂ ਪਾਉਂਦੇ, ਜੇਕਰ ਏਜੰਟ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਦੇ ਸੁਪਨੇ ਨਾ ਵਿਖਾਉਂਦੇ ਤਾਂ ਅੱਜ ਉਨ੍ਹਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਨਾ ਹੁੰਦੀ ਅਤੇ ਉਨ੍ਹਾਂ ਦੇ ਪੁੱਤਰ ਨੂੰ 6 ਮਹੀਨੇ ਤੰਗੀ ਵੀ ਨਾ ਝੱਲਣੀ ਪੈਂਦੀ।