Deportation row ਕਿਸਾਨ ਜਥੇਬੰਦੀਆਂ ਵੱਲੋਂ ਹਵਾਈ ਅੱਡੇ ਦੇ ਬਾਹਰ ਰੋਸ ਪ੍ਰਦਰਸ਼ਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨੂੰ ਅਪਰਾਧੀਆਂ ਵਾਂਗ ਭੇਜਣ ਦਾ ਸਖਤ ਵਿਰੋਧ ਕਰਦਿਆਂ ਅੱਜ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਜਥੇਬੰਦੀ ਦੇ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਅਮਰੀਕਾ ਦੀ ਟਰੰਪ ਸਰਕਾਰ ਆਪਣੇ ਦੇਸ਼ ਵਿੱਚੋਂ ਡਿਪੋਰਟ ਕੀਤੇ ਨਾਗਰਿਕਾਂ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਨ੍ਹਾਂ ਨੂੰ ਫ਼ੌਜੀ ਜਹਾਜ਼ ’ਚ ਲੱਦ ਕੇ ਹੱਥ ਪੈਰ ਬੰਨ ਕੇ ਭਾਰਤ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਅਮਰੀਕਾ ਦਾ ਫੌਜੀ ਜਹਾਜ਼ ਅੰਮ੍ਰਿਤਸਰ ਉਤਰਿਆ ਸੀ ਅਤੇ ਹੁਣ ਫਿਰ ਦੋ ਜਹਾਜ਼ 15 ਫਰਵਰੀ ਤੇ 16 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਆ ਰਹੇ ਹਨ। ਭਾਰਤ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਅਪਰਾਧੀਆਂ ਵਾਲਾ ਵਤੀਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਕੋਲੰਬੀਆ ਦੇ ਰਾਸ਼ਟਰਪਤੀ ਨੇ ਉੱਥੋਂ ਦੇ ਪਰਵਾਸੀਆ ਨੂੰ ਵੀ ਜਦੋਂ ਅਮਰੀਕੀ ਸਰਕਾਰ ਨੇ ਗੈਰਮਨੁੱਖੀ ਰਵੱਈਆ ਅਪਣਾਉਂਦੇ ਹੋਏ ਫੌਜੀ ਜਹਾਜ਼ ’ਤੇ ਹੱਥ ਪੈਰ ਬੰਨ ਭੇਜਿਆ ਤਾਂ ਉਨ੍ਹਾਂ ਨੇ ਆਪਣੇ ਦੇਸ਼ ’ਚ ਫੋਜੀ ਜਹਾਜ਼ ਨੂੰ ਲੈਂਡ ਨਹੀਂ ਹੋਣ ਦਿੱਤਾ ਅਤੇ ਦੁਬਾਰਾ ਆਪਣੇ ਦੇਸ਼ ਦਾ ਜਹਾਜ਼ ਭੇਜ ਕੇ ਵਾਪਸ ਮੰਗਵਾਇਆ। ਉਨ੍ਹਾਂ ਕਿਹਾ ਕਿ ਕੋਲੰਬੀਆ ਭਾਵੇਂ ਛੋਟਾ ਮੁਲਕ ਹੈ ਪਰ ਉਸ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਅਮਰੀਕਾ ਦੀ ਤਾਨਾਸ਼ਾਹੀ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਨਾਗਰਿਕਾਂ ਦੀ ਇੱਜ਼ਤ ਨਾਲ ਵਾਪਸੀ ਕਰਵਾਈ।
ਕਿਸਾਨ ਆਗੂਆਂ ਕਿਹਾ ਕਿ ਇਹ ਪਰਵਾਸੀ ਭਾਰਤੀ ਅਪਰਾਧੀ ਨਹੀਂ ਬਲਕਿ ਪੀੜਤ ਹਨ , ਜੋ ਆਪਣੇ ਦੇਸ਼ ਵਿੱਚ ਕੰਮ ਨਾ ਮਿਲਣ ਦੀ ਸੂਰਤ ’ਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਲੱਖਾਂ ਰੁਪਏ ਖਰਚ ਕੇ ਵਿਦੇਸ਼ ਗਏ ਹਨ। ਉਨ੍ਹਾਂ ਕਿਹਾ ਕਿ ਧੋਖੇਬਾਜ਼ ਏਜੰਟਾਂ ਖਿਲਾਫ ਪੰਜਾਬ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇਹ ਪਿੱਟ ਸਿਆਪਾ ਕੀਤਾ ਗਿਆ ਅਤੇ ਡਿਪੋਰਟ ਕੀਤੇ ਨਾਗਰਿਕਾਂ ਦੇ ਮੁੜਵਸੇਬੇ ਦੀ ਮੰਗ ਕੀਤੀ ਹੈ।
ਇਸ ਦੌਰਾਨ ਕਿਸਾਨ ਕਾਰਕੁਨਾਂ ਨੇ ਰੋਸ ਵਜੋ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਅਤੇ ਇਨ੍ਹਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਗਏ। ਇਨ੍ਹਾਂ ਵਿੱਚ ਬਾਬਾ ਰਾਜਨ ਸਿੰਘ, ਪਰਗਟ ਸਿੰਘ ਧਰਮਕੋਟ, ਮੰਗਲ ਸਿੰਘ ਗੋਸਲ, ਨਰਿੰਦਰ ਸਿੰਘ ਭਿੱਟੇਵੱਡ, ਕੁਲਬੀਰ ਜੇਠੂਵਾਲ, ਨਿਰਵੈਰ ਸਿੰਘ ਪਠਾਨ ਨੰਗਲ, ਅਨਮੋਲ ਸਿੰਘ ਕੰਦੋਵਾਲੀ, ਕੁਲਦੀਪ ਸਿੰਘ ਨੰਗਲ, ਸੁਖਦੇਵ ਸਿੰਘ ਝੰਜੋਟੀ, ਬਲਵਿੰਦਰ ਸਿੰਘ ਮੀਰਾਕੋਟ, ਲਖਵਿੰਦਰ ਸਿੰਘ ਮੂਧਲ, ਅਜੀਤਪਾਲ ਸਿੰਘ ਫਤਹਿਗੜ, ਰਛਪਾਲ ਸਿੰਘ ਟਰਪਈ, ਰਣਜੀਤ ਸਿੰਘ ਕੰਗ, ਧਰਮਵੀਰ ਸਿੰਘ ਆਦਿ ਸ਼ਾਮਲ ਸਨ।