ਡਿਪੋਰਟ ਜਵਾਨੀ: ਪੰਜਾਬ ਦੇ ਨਿਸ਼ਾਨੇ ’ਤੇ ਆਇਆ ਕੇਂਦਰ
* ਕੁਲਦੀਪ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ
ਚਰਨਜੀਤ ਭੁੱਲਰ/ਜਗਤਾਰ ਸਿੰਘ ਲਾਂਬਾ
ਚੰਡੀਗੜ੍ਹ/ਅੰਮ੍ਰਿਤਸਰ, 6 ਫਰਵਰੀ
ਅਮਰੀਕਾ ਦਾ ਫ਼ੌਜੀ ਜਹਾਜ਼ ਪੰਜਾਬ ’ਚ ਉਤਾਰੇ ਜਾਣ ਤੋਂ ਕੇਂਦਰ ਸਰਕਾਰ ਸਿਆਸੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਈ ਹੈ। ਸਿਆਸੀ ਧਿਰਾਂ ਨੇ ਇਸ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ ਤਾਂ ਕਿ ‘ਗੁਜਰਾਤ ਮਾਡਲ’ ਦੀ ਭੱਲ ਬਚਾਈ ਜਾ ਸਕੇ ਅਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ। ਲੰਘੇ ਕੱਲ੍ਹ ਅਮਰੀਕਾ ਦਾ ਫ਼ੌਜੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਿਆ ਸੀ। ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਸ੍ਰੀ ਧਾਲੀਵਾਲ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਤਸਕਰੀ ਦਾ ਧੰਦਾ ਕੌਮਾਂਤਰੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਭਾਰਤ ’ਚ ਮਨੁੱਖੀ ਤਸਕਰੀ ਦਾ ਕੰਮ ਮੁੰਬਈ ਅਤੇ ਦਿੱਲੀ ਦੇ ਹਵਾਈ ਅੱਡੇ ਤੋਂ ਚੱਲ ਰਿਹਾ ਹੈ। ਦੁਬਈ ਦੇ ਏਜੰਟਾਂ ਦੀ ਵੀ ’ਚ ਇਸ ’ਚ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਡਿਪੋਰਟ ਦੀ ਘਟਨਾ ਜ਼ਰੀਏ ਪੰਜਾਬ ਦੀ ਝੋਲੀ ਬਦਨਾਮੀ ਪਾਉਣ ਦੇ ਚੱਕਰ ਵਿਚ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਇਮੀਗਰੇਸ਼ਨ ਕਾਰੋਬਾਰ ਦੇ ਅਦਾਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਗ਼ੈਰਕਾਨੂੰਨੀ ਕੰਮ ’ਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਗੁਜਰਾਤ ਮਾਡਲ’ ਦੀ ਬਦਨਾਮੀ ਦੇ ਡਰੋਂ ਅਮਰੀਕਾ ਦਾ ਫ਼ੌਜੀ ਜਹਾਜ਼ ਪੰਜਾਬ ’ਚ ਉਤਾਰਿਆ ਹੈ ਜਦੋਂ ਕਿ ਇਸ ਜਹਾਜ਼ ’ਚ ਸਭ ਤੋਂ ਵੱਧ ਗੁਜਰਾਤੀ ਅਤੇ ਹਰਿਆਣਵੀ ਸਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਤਾਂ ਅਮਰੀਕਾ ਦੀ ਉਡਾਣ ਦਿੱਲੀ ਜਾਂ ਮੁੰਬਈ ਦੇ ਹਵਾਈ ਅੱਡੇ ’ਤੇ ਉੱਤਰਨੀ ਚਾਹੀਦੀ ਸੀ ਪ੍ਰੰਤੂ ਕੇਂਦਰ ਸਰਕਾਰ ਆਪਣੀ ਛਵੀ ਬਚਾਉਣ ਅਤੇ ਬਦਨਾਮੀ ਦਾ ਠੀਕਰਾ ਪੰਜਾਬ ਦੇ ਸਿਰ ਭੰਨਣਾ ਚਾਹੁੰਦੀ ਸੀ ਤਾਂ ਕਿ ਅਜਿਹਾ ਪ੍ਰਭਾਵ ਸਿਰਜਿਆ ਜਾ ਸਕੇ ਕਿ ਜਿਵੇਂ ਸਭ ਗ਼ਲਤ ਕੰਮ ਪੰਜਾਬ ’ਚ ਹੀ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਅਮਰੀਕੀ ਫ਼ੌਜ ਦੇ ਆਪਣੇ ਜਹਾਜ਼ ਰਾਹੀਂ ਵੱਡੀ ਗਿਣਤੀ ਭਾਰਤੀਆਂ ਨੂੰ ਦੇਸ਼ ਨਿਕਾਲ਼ਾ ਦੇਣਾ ਗੈਰ-ਮਨੁੱਖੀ ਵਰਤਾਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਇਸ ਦੇ ਸਾਰਥਕ ਹੱਲ ਕੱਢਣ ਦੀ ਲੋੜ ਹੈ।
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਸਲ ਵਿਚ ਪੰਜਾਬ ਵਿਚ ਕਈ ਦਹਾਕਿਆਂ ਤੋਂ ਟਰੈਵਲ ਏਜੰਟ ਲੁੱਟ ਮਚਾ ਰਹੇ ਹਨ ਅਤੇ ਕਿਸੇ ਵੀ ਸਿਆਸੀ ਧਿਰ ਨੇ ਉਨ੍ਹਾਂ ਖ਼ਿਲਾਫ਼ ਆਵਾਜ਼ ਨਹੀਂ ਉਠਾਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇੱਕ ਜੁਡੀਸ਼ਲ ਕਮਿਸ਼ਨ ਬਣਾ ਕੇ ਇਸ ਗੈਰਕਾਨੂੰਨੀ ਕਾਰੋਬਾਰ ਦੀ ਜਾਂਚ ਕਰਵਾਏ।
ਟਰੈਵਲ ਏਜੰਟ ਨੇ ਧੋਖੇ ਨਾਲ ਲਵਾਈ ਡੰਕੀ: ਦਲੇਰ ਸਿੰਘ
ਅਜਨਾਲਾ (ਪੱਤਰ ਪ੍ਰੇਰਕ):
ਇਥੋਂ ਦੇ ਪਿੰਡ ਸਲੇਮਪੁਰਾ ਦਾ ਦਲੇਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਪਹੁੰਚਿਆ ਹੈ। ਦਲੇਰ ਸਿੰਘ ਨੇ ਦੱਸਿਆ ਕਿ ਉਸ ਨੇ ਇਕ ਨੰਬਰ ਰਾਹੀਂ ਅਮਰੀਕਾ ਜਾਣ ਵਾਸਤੇ ਆਪਣੇ ਜ਼ਮੀਨ ਗਹਿਣੇ ਰੱਖ ਕੇ, ਗਹਿਣਾ-ਗੱਟਾ ਵੇਚ ਵੱਟ ਕੇ ਅਤੇ ਦੋਸਤਾਂ ਕੋਲੋਂ ਉਧਾਰ ਲੈ ਕੇ 60 ਲੱਖ ਰੁਪਏ ਇਕੱਠੇ ਕੀਤੇ ਤੇ ਟਰੈਵਲ ਏਜੰਟ ਨੂੰ ਦਿੱਤੇ ਸਨ ਪਰ ਟਰੈਵਲ ਏਜੰਟ ਨੇ ਉਸ ਨੂੰ ਧੋਖੇ ਨਾਲ ਡੰਕੀ ਲਵਾਈ। ਅਮਰੀਕਾ ਜਾਂਦਿਆਂ ਹੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਕਰੀਬਨ ਚਾਰ ਮਹੀਨੇ ਦੀ ਖੱਜਲ-ਖੁਆਰੀ ਅਤੇ 20 ਦਿਨ ਦੀ ਅਮਰੀਕਾ ਦੀ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਬੀਤੇ ਦਿਨ ਡਿਪੋਰਟ ਕਰ ਦਿੱਤਾ ਗਿਆ ਹੈ। ਦਲੇਰ ਸਿੰਘ ਨੇ ਮੰਗ ਕੀਤੀ ਹੈ ਕਿ ਟਰੈਵਲ ਏਜੰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਮਰੀਕਾ ਕੋਲ ਮੁੱਦਾ ਚੁੱਕਣ ਨਰਿੰਦਰ ਮੋਦੀ: ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤੀਆਂ ਨੂੰ ਅਮਰੀਕਾ ਤੋਂ ਫ਼ੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਡਿਪੋਰਟ ਕਰਨਾ ਦੇਸ਼ ਦਾ ਅਪਮਾਨ ਹੈ ਜਦੋਂ ਕਿ ਪਰਵਾਸੀ ਹਾਲਾਤ ਦੇ ਸ਼ਿਕਾਰ ਹਨ, ਕੋਈ ਅਪਰਾਧੀ ਨਹੀਂ। ਉਨ੍ਹਾਂ ਨਾਲ ਮਨੁੱਖੀ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਭਾਰਤੀਆਂ ਨਾਲ ਦੁਰਵਿਹਾਰ ਨਾ ਕੀਤਾ ਜਾਵੇ।
ਡਿਪੋਰਟ ਭਾਰਤੀਆਂ ਨੂੰ ਅਪਰਾਧੀ ਵਜੋਂ ਪੇਸ਼ ਕਰਨਾ ਬੇਇਨਸਾਫ਼ੀ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਿਪੋਰਟ ਕੀਤੇ ਭਾਰਤੀਆਂ ਨੂੰ ਕੱਟੜ ਅਪਰਾਧੀਆਂ ਵਜੋਂ ਪੇਸ਼ ਕਰਨਾ ਬੇਇਨਸਾਫ਼ੀ ਹੈ। ਡਿਪੋਰਟ ਕੀਤੇ ਲੋਕਾਂ ਦੇ ਦਾਅਵੇ ਅਨੁਸਾਰ ਉਨ੍ਹਾਂ ਨੂੰ 40 ਘੰਟਿਆਂ ਤੱਕ ਹੱਥਕੜੀਆਂ ਲਗਾਈਆਂ ਗਈਆਂ ਅਤੇ ਪੈਰ ਸੰਗਲ਼ਾਂ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਨੂੰ ਵਾਸ਼ਰੂਮ ਦੀ ਵਰਤੋਂ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਹ ਮਾਮਲਾ ਟਰੰਪ ਪ੍ਰਸ਼ਾਸਨ ਕੋਲ ਉਠਾਉਣ।
ਸੂਬਾ ਸਰਕਾਰ ਪੀੜਤਾਂ ਨੂੰ ਨੌਕਰੀਆਂ ਦੇਵੇ ਤੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰੇ: ਅਮਰ ਸਿੰਘ
ਰਾਏਕੋਟ:
ਕਾਂਗਰਸ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਸਮੇਂ ਵਰਤੇ ਗਏ ਅਣਮਨੁੱਖੀ ਤੌਰ ਤਰੀਕੇ ਅਤੇ ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਮਾਮਲੇ ਵਿੱਚ ਘੇਰਦਿਆਂ ਨਿੰਦਾ ਕੀਤੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਪੀੜਤ ਪੰਜਾਬੀ ਪਰਿਵਾਰਾਂ ਨੂੰ ਨੌਕਰੀ ਦੇਣ ਅਤੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰ ਕੇ ਪੀੜਤਾਂ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
ਡਿਪੋਰਟ ਭਾਰਤੀਆਂ ਨੂੰ ਅੰਮ੍ਰਿਤਸਰ ਉਤਾਰਨਾ ਸਾਜ਼ਿਸ਼: ਰੰਧਾਵਾ
ਬਟਾਲਾ/ਡੇਰਾ ਬਾਬਾ ਨਾਨਕ:
ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਉਤਾਰਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਸਭ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਦੱਸਦਿਆ ਕਿਹਾ ਕਿ ਸਪਸ਼ਟ ਹੈ ਕਿ ਕੇਂਦਰ ਸਰਕਾਰ ਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਵਿਸ਼ਵ ਭਰ ਵਿੱਚ ਠੇਸ ਪਹੁੰਚਾਉਣਾ ਹੈ। -ਨਿੱਜੀ ਪੱਤਰ ਪ੍ਰੇਰਕ