Deportation of Indians: ਗ਼ੈਰਕਾਨੂੰਨੀ ਭਾਰਤੀ ਪਰਵਾਸੀ ਅਮਰੀਕਾ ’ਚੋਂ ਡਿਪੋਰਟ; C-17 ਫੌਜੀ ਜਹਾਜ਼ ਭਾਰਤ ਲਈ ਰਵਾਨਾ
ਵਾਸ਼ਿੰਗਟਨ, 4 ਫਰਵਰੀ
Deportation of Indians: ਟਰੰਪ ਪ੍ਰਸ਼ਾਸਨ ਨੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਤਹਿਤ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਫੌਜੀ ਮਾਲਵਾਹਕ ਜਹਾਜ਼ ’ਤੇ ਬਿਠਾ ਕੇ ਭਾਰਤ ਡਿਪੋਰਟ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਹ ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਲਈ ਹੁਣ ਤੱਕ ਦੀ ਸਭ ਤੋਂ ਲੰਮੀ ਦੂਰੀ ਵਾਲੀ ਫੌਜੀ ਉਡਾਣ ਹੈ। ਇਕ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸੀ-17 ਫੌਜੀ ਜਹਾਜ਼ ਪਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਹੈ, ਜੋ ਅਗਲੇ 24 ਘੰਟਿਆਂ ਵਿਚ ਆਪਣੀ ਮੰਜ਼ਿਲ ’ਤੇ ਪਹੁੰਚ ਜਾਵੇਗਾ। ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ’ਤੇ ਕੰਟਰੋਲ ਲਈ ਫੌਜੀ ਸਰੋਤਾਂ ਦੀ ਤੇਜ਼ੀ ਨਾਲ ਵਰਤੋਂ ਕਰ ਰਿਹਾ ਹੈ, ਜਿਸ ਵਿਚ ਵਾਧੂ ਫੌਜੀ ਬਲਾਂ ਦੀ ਤਾਇਨਾਤੀ, ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਤੇ ਪਰਵਾਸੀਆਂ ਲਈ ਫੌਜੀ ਟਿਕਾਣਿਆਂ ਦੀ ਵਰਤੋਂ ਸ਼ਾਮਲ ਹੈ। ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਟੈਕਸਸ ਤੇ ਕੈਲੇਫੋਰਨੀਆ ਵਿਚੋਂ ਹਿਰਾਸਤ ਵਿਚ ਲਏ 5000 ਤੋਂ ਵਧ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਫੌਜੀ ਉਡਾਣਾਂ ਦੀ ਸਹਾਇਤਾ ਵੀ ਸ਼ੁਰੂ ਕੀਤੀ ਹੈ। ਹੁਣ ਤੱਕ ਫੌਜੀ ਜਹਾਜ਼ਾਂ ਦੀ ਮਦਦ ਨਾਲ ਗੁਆਟੇਮਾਲਾ, ਪੇਰੂ ਤੇ ਹੌਂਡੂਰਸ ਤੋਂ ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਹਾਲਾਂਕਿ ਫੌਜੀ ਉਡਾਣਾਂ ਤੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਗੁਆਟੇਮਾਲਾ ਭੇਜੇ ਗਏ ਪਰਵਾਸੀਆਂ ਦੀ ਇਕ ਫੌਜੀ ਉਡਾਣ ਦਾ ਖਰਚ ਪ੍ਰਤੀ ਵਿਅਕਤੀ 4,675 ਡਾਲਰ (ਕਰੀਬ 3.9 ਲੱਖ ਰੁਪਏ) ਆਉਂਦਾ ਹੈ। ਟਰੰਪ ਪ੍ਰਸ਼ਾਸਨ ਗੈਰਕਾਨੂੰਨੀ ਪਰਵਾਸੀਆਂ ਬਾਰੇ ਸਿਫ਼ਰ ਸਹਿਣਸ਼ੀਲਤਾ ਨੀਤੀ ਅਪਣਾ ਰਿਹਾ ਹੈ, ਜਿਸ ਨਾਲ ਭਵਿੱਖ ਵਿਚ ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।