ਫ਼ਲਸਤੀਨੀ ਗਿਆਨ ਸੋਮਿਆਂ ਦਾ ਘਾਣ
ਅਮਰਜੀਤ ਭੁੱਲਰ
ਗਾਜ਼ਾ ਵਿਚ ਯੂਨੀਵਰਿਸਟੀਆਂ ਅਤੇ ਹੋਰਨਾਂ ਸਿੱਖਿਆ ਸੰਸਥਾਵਾਂ ਉਪਰ ਕੀਤੇ ਜਾ ਰਹੇ ਇਜ਼ਰਾਇਲੀ ਹਮਲੇ ਗਿਣ ਮਿੱਥ ਕੇ ਫ਼ਲਸਤੀਨੀ ਗਿਆਨ ਅਤੇ ਸਿੱਖਿਆ ਪ੍ਰਣਾਲੀਆਂ ਨੂੰ ਬਰਬਾਦ ਕਰਨ ਦਾ ਹਰਬਾ ਹਨ। ਹੁਣ ਤੱਕ ਗਾਜ਼ਾ ਦੀਆਂ ਸਾਰੀਆਂ 12 ਯੂਨੀਵਰਸਿਟੀਆਂ ’ਤੇ ਹਵਾਈ ਹਮਲੇ ਕੀਤੇ ਗਏ ਹਨ। ਇਜ਼ਰਾਈਲ ਨੇ ਖ਼ਾਸ ਤੌਰ ’ਤੇ ਅਲ-ਅਜ਼ਹਰ ਯੂਨੀਵਰਸਿਟੀ ਅਤੇ ਇਸਲਾਮਿਕ ਯੂਨੀਵਰਸਿਟੀ ਆਫ ਗਾਜ਼ਾ (ਆਈਯੂਜੀ) ਨੂੰ ਨਿਸ਼ਾਨਾ ਬਣਾਇਆ ਜਿਸ ਕਰ ਕੇ ਫ਼ਲਸਤੀਨੀ ਅਧਿਆਪਕਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਵਰ੍ਹਿਆਂਬੱਧੀਂ ਖੋਜ ਮਲੀਆਮੇਟ ਹੋ ਗਈ ਹੈ।
ਆਈਯੂਜੀ ਦੇ ਕੈਂਪਸ ਵਿਚ ਹੋਏ ਇਜ਼ਰਾਇਲੀ ਹਵਾਈ ਹਮਲੇ ਵਿਚ ਇਸ ਦੇ ਵਾਈਸ ਚਾਂਸਲਰ ਪ੍ਰੋ. ਸੂਫ਼ੀਆਨ ਤਾਈਯੇਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਾਰੇ ਜਾ ਚੁੱਕੇ ਹਨ। ਆਈਯੂਜੀ ਗਾਜ਼ਾ ਦੀ ਇਕ ਮੋਹਰੀ ਵਿਦਿਅਕ ਸੰਸਥਾ ਹੈ ਅਤੇ ਪ੍ਰੋ. ਤਾਈਯੇਹ ਕੌਮਾਂਤਰੀ ਪੱਧਰ ’ਤੇ ਜਾਣੇ ਪਛਾਣੇ ਜਾਂਦੇ ਖੋਜਕਾਰ ਸਨ। ਇਸ ਹਮਲੇ ਵਿਚ ਯੂਨੀਵਰਸਿਟੀ ਦੇ 90 ਪ੍ਰੋਫ਼ੈਸਰ ਮਾਰੇ ਗਏ ਹਨ ਜਿਨ੍ਹਾਂ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਡਾ. ਰਿਫ਼ਤ ਅਲਾਰੀਰ ਵੀ ਸ਼ਾਮਲ ਸਨ। ਫ਼ਲਸਤੀਨ ਦੇ ਸਿੱਖਿਆ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਜ਼ਰਾਈਲ ਦੇ ਹਮਲਿਆਂ ਵਿਚ 20 ਜਨਵਰੀ, 2024 ਤੱਕ 4400 ਵਿਦਿਆਰਥੀ ਮਾਰੇ ਗਏ ਅਤੇ 7800 ਜ਼ਖ਼ਮੀ ਹੋਏ ਸਨ ਜਦਕਿ 231 ਅਧਿਆਪਕ ਅਤੇ ਪ੍ਰਸ਼ਾਸਕ ਮਾਰੇ ਗਏ ਅਤੇ 756 ਜ਼ਖ਼ਮੀ ਹੋਏ ਸਨ ਅਤੇ ਸਰਕਾਰ ਜਾਂ ਸੰਯੁਕਤ ਰਾਸ਼ਟਰ ਰਾਹਤ ਤੇ ਕਾਰਜ ਏਜੰਸੀ (ਯੂਐਨਆਰਡਬਲਯੂਏ) ਵਲੋਂ ਗਾਜ਼ਾ ਵਿਚ ਚਲਾਏ ਜਾਂਦੇ ਸਕੂਲ 378 ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਬਰਬਾਦ ਹੋ ਚੁੱਕੇ ਹਨ। ਅਕਤੂਬਰ 2023 ਤੋਂ ਸ਼ੁਰੂ ਹੋਏ ਇਜ਼ਰਾਇਲੀ ਹਮਲਿਆਂ ਵਿਚ ਹੁਣ ਤੱਕ ਮਾਰੇ ਜਾ ਚੁੱਕੇ 35000 ਤੋਂ ਵੱਧ ਲੋਕਾਂ ਵਿਚ ਘੱਟੋਘੱਟ 97 ਪੱਤਰਕਾਰ ਅਤੇ ਮੀਡੀਆ ਕਰਮੀ ਸ਼ਾਮਲ ਹਨ।
ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਵਿਚ ਦੱਖਣੀ ਅਫ਼ਰੀਕਾ ਦੀ ਕਾਨੂੰਨੀ ਤਰਜਮਾਨ ਬਲੀਨੇ ਨਿਰਾਲੇਹ ਨੇ ਆਖਿਆ ‘‘ਗਾਜ਼ਾ ਵਿਚ 90,000 ਦੇ ਕਰੀਬ ਫ਼ਲਸਤੀਨੀ ਵਿਦਿਆਰਥੀ ਯੂਨੀਵਰਸਿਟੀ ਦੀਆਂ ਕਲਾਸਾਂ ਨਹੀਂ ਲਾ ਸਕਦੇ। 60 ਫ਼ੀਸਦ ਤੋਂ ਜ਼ਿਆਦਾ ਸਕੂਲ, ਲਗਭਗ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜ ਅਤੇ ਅਣਗਿਣਤ ਕਿਤਾਬਾਂ ਦੀਆਂ ਦੁਕਾਨਾਂ ਅਤੇ ਲਾਇਬ੍ਰੇਰੀਆਂ ਢਹਿ-ਢੇਰੀ ਜਾਂ ਨੁਕਸਾਨੀਆਂ ਜਾ ਚੁੱਕੀਆਂ ਹਨ। ਸੈਂਕੜੇ ਅਧਿਆਪਕ ਤੇ ਵਿਦਵਾਨ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਯੂਨੀਵਰਸਿਟੀਆਂ ਦੇ ਡੀਨ ਅਤੇ ਮੋਹਰੀ ਫ਼ਲਸਤੀਨੀ ਵਿਦਵਾਨ ਸ਼ਾਮਲ ਹਨ... ਜਿਸ ਨਾਲ ਗਾਜ਼ਾ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਸਿੱਖਿਆ ਹਾਸਲ ਕਰਨ ਦੀਆਂ ਸੰਭਾਵਨਾਵਾਂ ਮਸਲ ਦਿੱਤੀਆਂ ਗਈਆਂ ਹਨ। ਬਹੁਤ ਸਾਰੀਆਂ ਵਿਰਾਸਤੀ ਥਾਵਾਂ ਜਿਨ੍ਹਾਂ ਵਿਚ ਲਾਇਬ੍ਰੇਰੀਆਂ, ਪੁਰਾਤੱਤਵ ਘਰ ਅਤੇ ਅਜਾਇਬ ਘਰ ਸ਼ਾਮਲ ਹਨ, ਵੀ ਨੁਕਸਾਨੀਆਂ ਗਈਆਂ ਹਨ ਅਤੇ ਲੋਕਾਂ ਦੇ ਦਸਤਾਵੇਜ਼ੀ ਇਤਿਹਾਸ ਅਤੇ ਚਿੰਨ੍ਹ ਖ਼ਤਮ ਕਰ ਦਿੱਤੇ ਗਏ ਹਨ। ਫ਼ਲਸਤੀਨੀ ਦਾਨਿਸ਼ਵਰ ਇਸ ਕਾਰਵਾਈ ਨੂੰ ‘ਇਤਿਹਾਸ ’ਚੋਂ ਫ਼ਲਸਤੀਨੀ ਵਜੂਦ ਅਤੇ ਫ਼ਲਸਤੀਨ ਨੂੰ ਸਿਆਸੀ ਨਕਸ਼ੇ ਤੋਂ ਮਿਟਾ ਦੇਣ ਦੀ ਕੋਸ਼ਿਸ਼’ ਵਜੋਂ ਦੇਖ ਰਹੇ ਹਨ। ਕੈਨੇਡਾ ਵਿਚ ਮਾਊਂਟ ਰਾਇਲ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਮੁਹੰਨਦ ਆਯਾਸ਼ ਨੇ ਕੈਨੇਡੀਅਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਟੀਚਰਜ਼ ਨੂੰ ਇਕ ਚਿੱਠੀ ਲਿਖ ਕੇ ਆਖਿਆ ‘‘ ਫ਼ਲਸਤੀਨੀ ਗਿਆਨ, ਗਿਆਨ ਉਤਪਾਦਕਾਂ ਅਤੇ ਗਿਆਨ ਉਤਪਾਦਕ ਸੰਸਥਾਵਾਂ ਦੀ ਤਬਾਹੀ ਗਿਆਨ ਬਧ (ਹੱਤਿਆ) ਤੋਂ ਘੱਟ ਨਹੀਂ ਹੈ।’’ ਗਿਆਨ ਬਧ ਜਾਂ ਅੰਗਰੇਜ਼ੀ ਭਾਸ਼ਾ ਦੇ ਫਿਕਰੇ Epistemicide ਦਾ ਭਾਵ ਹੈ ਕਿ ਕਿਸੇ ਗਿਆਨ ਤੰਤਰ ਨੂੰ ਖਤਮ ਕਰਨਾ, ਨਸ਼ਟ ਕਰਨਾ, ਚੁੱਪ ਕਰਾਉਣਾ ਜਾਂ ਬੇਹੁਰਮਤੀ ਕਰਨਾ। ਸਮਾਜ ਸ਼ਾਸਤਰੀ ਬੋਵੈਂਤੁਰਾ ਡੀ ਸੌਜ਼ਾ ਸੈਂਟੋਸ ਨੇ ਇਹ ਸ਼ਬਦ ਘੜਿਆ ਸੀ ਤੇ ਇਸ ਨੂੰ ਬਸਤੀਕਰਨ, ਦਮਨ ਜਾਂ ਨਰਸੰਘਾਰ ਕਰ ਕੇ ਕਿਸੇ ਦਮਿਤ ਸਭਿਆਚਾਰ ਦੇ ਗਿਆਨ ਬਧ ਦੀ ਸੰਗਿਆ ਦਿੱਤੀ ਸੀ। ਇਹ ਗਿਆਨ ਬਧ ਫ਼ੌਜੀ ਜਾਂ ਵਿਚਾਰਧਾਰਕ/ਦਾਰਸ਼ਨਿਕ ਦੋਵੇਂ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਮੁਕਤੀ ਦੇ ਨਾਂ ’ਤੇ ਬੇਹੁਰਮਤੀ ਤੇ ਤਬਾਹੀ, ਸ਼ਾਂਤੀ ਦੇ ਨਾਂ ’ਤੇ ਆਕ੍ਰਮਣ, ਜੀਵਨ ਦੀ ਪਵਿੱਤਰਤਾ ਦੇ ਨਾਂ ’ਤੇ ਜੀਵਨ ਦੀ ਬਰਬਾਦੀ ਅਤੇ ਹੱਕਾਂ ਦੀ ਰਾਖੀ ਦੇ ਨਾਂ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੀਆਂ ਸਭ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।
ਸੰਨ 1948 ਵਿਚ ਇਜ਼ਰਾਈਲ ਲਈ ਰਾਹ ਪੱਧਰਾ ਕਰਨ ਖਾਤਰ ਜਦ ਫ਼ਲਸਤੀਨੀਆਂ ਨੂੰ ਉਜਾੜਿਆ ਗਿਆ ਤਾਂ ਉਸ ਤੋਂ ਬਾਅਦ ਉੱਥੋਂ ਦੇ ਸਿੱਖਿਅਤ ਕੁਲੀਨ ਵਰਗ ਦੀ ਸਭ ਤੋਂ ਪਹਿਲੀ ਤਰਜੀਹ ਫ਼ਲਸਤੀਨ ਦੇ ਸਿੱਖਿਆ ਢਾਂਚੇ ਦੀ ਮੁੜ ਉਸਾਰੀ ਕਰਨਾ ਸੀ। ਸਿੱਖਿਆ ਨੂੰ ਫ਼ਲਸਤੀਨੀ ਆਪਣੀਆਂ ਜ਼ਿੰਦਗੀਆਂ ਦੀ ਮੁੜ ਉਸਾਰੀ ਤੇ ਤਰੱਕੀ ਕਰਨ ਦੇ ਇੰਜਣ ਵਜੋਂ ਦੇਖਦੇ ਸਨ। ਗਾਜ਼ਾ ਨੂੰ ਅਰਥਪੂਰਨ ਸਭਿਆਚਾਰਕ ਵਟਾਂਦਰੇ, ਵਿਗਿਆਨਕ ਵਾਧੇ, ਇਤਿਹਾਸਕ ਸਮਝ, ਕਲਾਤਮਕ ਸਾਹਿਤਕ ਕਾਰਜਾਂ ਅਤੇ ਫ਼ਲਸਤੀਨੀ ਸਮਾਜ ਦੀ ਬਿਹਤਰੀ ਦੀ ਥਾਂ ਬਣਾਉਣ ਦੀ ਆਸ ਨਾਲ ਵੱਖ-ਵੱਖ ਥਾਵਾਂ ਤੋਂ ਵਿਦਵਾਨ ਇੱਥੇ (ਗਾਜ਼ਾ) ਇਕੱਠੇ ਹੋਣ ਲੱਗੇ। ਉਹ ਸਫ਼ਲ ਹੋਏ ਜਾਂ ਨਹੀਂ ਹੋਏ, ਇਹ ਵੱਖਰੀ ਚਰਚਾ ਦਾ ਵਿਸ਼ਾ ਹੈ, ਪਰ ਇਕ ਗੱਲ ਪੱਕੀ ਹੈ ਕਿ ਫ਼ਲਸਤੀਨ ਨੂੰ ਉਨ੍ਹਾਂ ਖੇਤਰਾਂ ਵਿਚ ਗਿਣਿਆ ਜਾਂਦਾ ਹੈ ਜਿੱਥੇ ਸਾਖਰਤਾ ਦਰ ਕਾਫ਼ੀ ਉੱਚੀ ਹੈ। ਵਿਸ਼ਵ ਬੈਂਕ ਦੇ ਅਨੁਮਾਨਾਂ ਮੁਤਾਬਕ ਫ਼ਲਸਤੀਨ ਦੀ ਸਾਖਰਤਾ ਦਰ 97.51 ਪ੍ਰਤੀਸ਼ਤ ਹੈ। ਫਲਸਤੀਨੀ ‘ਦੁਨੀਆ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਸ਼ਰਨਾਰਥੀਆਂ’ ਵਜੋਂ ਜਾਣੇ ਜਾਂਦੇ ਹਨ।
ਦੁਨੀਆ ਭਰ ਦੇ ਅਕਾਦਮੀਸ਼ਨ ਇਹ ਭਲੀ-ਭਾਂਤੀ ਜਾਣਦੇ ਹਨ ਤੇ ਅਮਰੀਕਾ ਅਤੇ ਹੋਰ ਮੁਲਕਾਂ ਵਿਚ ਯੂਨੀਵਰਸਿਟੀ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਵਿਦਰੋਹ ਦਾ ਇਹੀ ਕਾਰਨ ਹੈ। ਫ਼ਲਸਤੀਨੀ ਸਿੱਖਿਆ ਸੰਸਥਾਵਾਂ ’ਚ ਵਾਪਰ ਰਹੀਆਂ ਘਟਨਾਵਾਂ ਦੀ ਗੂੰਜ ਵਿਦੇਸ਼ੀ ਕੈਂਪਸਾਂ ’ਚ ਸੁਣੀ ਜਾ ਰਹੀ ਹੈ।
ਅਮਰੀਕੀ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਮਲਿਆਂ ਲਈ ਨਿਰੰਤਰ ਦਿੱਤੀ ਜਾ ਰਹੀ ਵਿੱਤੀ, ਫ਼ੌਜੀ, ਕੂਟਨੀਤਕ ਤੇ ਨੈਤਿਕ ਮਦਦ ਵਿਰੁੱਧ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਵੱਲੋਂ ਟੈਂਟ ਲਾ ਕੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਕਰੀਬ 10 ਯੂਨੀਵਰਸਿਟੀਆਂ ਵਿਚ ਪੁਲੀਸ ਸੱਦੀ ਗਈ ਹੈ ਤੇ 645 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ; ਗ੍ਰਿਫ਼ਤਾਰ ਕੀਤੇ ਗਏ ਬਹੁਤਿਆਂ ਵਿਚੋਂ ਕਈਆਂ ਨੂੰ ਮਗਰੋਂ ਰਿਹਾਅ ਕੀਤਾ ਗਿਆ ਹੈ। ਦੁਨੀਆ ਭਰ ਵਿਚ ਜਾਣੀਆਂ ਜਾਂਦੀਆਂ ਕੋਲੰਬੀਆ ਤੇ ਬੋਸਟਨ ਯੂਨੀਵਰਸਿਟੀਆਂ ਰੋਸ ਮੁਜ਼ਾਹਰਿਆਂ ਦਾ ਮਰਕਜ਼ ਬਣ ਗਈਆਂ ਹਨ; 200 ਤੋਂ ਵੱਧ ਗ੍ਰਿਫ਼ਤਾਰੀਆਂ ਇਨ੍ਹਾਂ ਦੋ ਯੂਨੀਵਰਸਿਟੀਆਂ ਵਿਚ ਹੀ ਹੋ ਚੁੱਕੀਆਂ ਹਨ। ਵੱਡੀ ਗਿਣਤੀ ਫੈਕਲਟੀ ਮੈਂਬਰਾਂ (ਅਕਾਦਮਿਕ ਅਮਲਾ) ਨੇ ਜਾਂ ਤਾਂ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲਿਆ ਹੈ ਜਾਂ ਫਿਰ ਗਾਜ਼ਾ ਵਿਚ ਗੋਲੀਬੰਦੀ ਦੀ ਮੰਗ ਦਾ ਪੱਖ ਪੂਰਿਆ ਹੈ। ਕਈ ਯੂਨੀਵਰਸਿਟੀਆਂ ਵਿਚ, ਪ੍ਰਸ਼ਾਸਕਾਂ ਨੇ ਵਿਰੋਧ ਕਰ ਰਹੇ ਵਿਦਿਆਰਥੀਆਂ ’ਤੇ ਸਖ਼ਤੀ ਵੀ ਕੀਤੀ ਹੈ, ਉਨ੍ਹਾਂ ਵਿਚੋਂ ਕਈਆਂ ਨੂੰ ਵਿਦਿਅਕ ਅਦਾਰਿਆਂ ’ਚੋਂ ਕੱਢ ਦਿੱਤਾ ਗਿਆ ਹੈ। ਲਾਸ ਏਂਜਲਸ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੇ ਹੋਰ ਥਾਵਾਂ ’ਤੇ ਫਲਸਤੀਨ-ਪੱਖੀ ਤੇ ਇਜ਼ਰਾਈਲ-ਪੱਖੀ ਮੁਜ਼ਾਹਰਾਕਾਰੀਆਂ ਵਿਚਕਾਰ ਝੜਪਾਂ ਵੀ ਹੋਈਆਂ ਹਨ।
ਫ਼ਲਸਤੀਨੀ ਸਿੱਖਿਆ ਢਾਂਚੇ ਨੂੰ ਤਬਾਹਕੁਨ ਤੇ ਵੰਡਪਾਊ ਬਿਪਤਾ ਤੋਂ ਬਚਾਉਣ ਲਈ ਸੰਸਾਰ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਵਿਦਿਅਕ ਢਾਂਚੇ ਨੂੰ ਤਬਾਹ ਕਰਨ ਵਿਚ ਤਾਂ ਕੁਝ ਹਫ਼ਤੇ ਲੱਗਦੇ ਹਨ ਪਰ ਮੁੜ ਉਸਾਰੀ ਕਈ ਦਹਾਕੇ ਲੈ ਲੈਂਦੀ ਹੈ। ਦੁੱਖ ਦੀ ਗੱਲ ਹੈ, ਕਿ ਅਤੀਤ ਵਿਚ ਫ਼ਲਸਤੀਨੀ ਯੂਨੀਵਰਸਿਟੀਆਂ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਹੈ, ਇਜ਼ਰਾਈਲ ਨਾਲ ਨੇੜਤਾ ਰੱਖਦੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਫ਼ਲਸਤੀਨੀ ਅਦਾਰਿਆਂ ਨਾਲ ਅਕਾਦਮਿਕ ਵਟਾਂਦਰੇ ਦੇ ਸਮਝੌਤੇ ਕਰਨ ਤੋਂ ਪਾਸਾ ਵੱਟਿਆ ਹੈ। ਜਦਕਿ ਦੂਜੇ ਪਾਸੇ, ਇਜ਼ਰਾਈਲ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕੌਮਾਂਤਰੀ ਭਾਈਵਾਲੀਆਂ ਦਾ ਲਾਹਾ ਮਿਲਿਆ ਹੈ। ਇਜ਼ਰਾਇਲੀ ਯੂਨੀਵਰਸਿਟੀਆਂ ਦੇ ਵਰਤਮਾਨ ’ਚ ਕੈਨੇਡਾ ਦੀਆਂ ਪੋਸਟ-ਸੈਕੰਡਰੀ ਸੰਸਥਾਵਾਂ ਨਾਲ 60 ਅਕਾਦਮਿਕ ਸਮਝੌਤੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਕਾਦਮੀਸ਼ਨ, ਫੈਕਲਟੀ ਅਦਾਰੇ ਤੇ ਯੂਨੀਅਨਾਂ (ਖਾਸ ਤੌਰ ’ਤੇ ਵਿਕਸਤ ਮੁਲਕਾਂ ਦੇ), ਮੰਥਨ ਕਰ ਕੇ ਜੰਗ ਖ਼ਤਮ ਕਰਨ ਲਈ ਲੋਕ ਰਾਇ ਕਾਇਮ ਕਰਨ, ਇਸ ਤੋਂ ਇਲਾਵਾ ਲੀਹੋਂ ਲੱਥੇ ਫ਼ਲਸਤੀਨੀ ਸਿੱਖਿਆ ਢਾਂਚੇ ਦੀ ਮੁੜ ਉਸਾਰੀ ਲਈ ਸਮਰਥਨ ਦਾ ਭਰੋਸਾ ਜੁਟਾਉਣ।
ਲੇਖਕ ਯੂਨੀਵਰਸਿਟੀ ਆਫ ਨੌਰਦਰਨ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੋਫੈਸਰ ਹਨ।