ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੱਲਾਂ ਦਾ ਘਟਣਾ ਵਾਤਾਵਰਣ ਲਈ ਨੁਕਸਾਨਦਾਇਕ

07:02 AM Sep 17, 2023 IST

ਅਸ਼ਵਨੀ ਚਤਰਥ

Advertisement

ਤੱਥ ਸੱਚ

ਕਈ ਦੂਜੇ ਪੰਛੀਆਂ ਦੀ ਤਰ੍ਹਾਂ ਇੱਲਾਂ ਵੀ ਕਦੇ ਸਾਡੇ ਚੌਗਿਰਦੇ ਦਾ ਅਨਿੱਖੜਵਾਂ ਅੰਗ ਹੁੰਦੀਆਂ ਸਨ। ਇਹ ਵੀ ਸੱਚ ਹੈ ਕਿ ਆਸਮਾਨ ਵਿੱਚ ਚੱਕਰ ਲਗਾਉਂਦੀਆਂ ਇੱਲਾਂ ਦੀ ਡਾਰ ਨੂੰ ਬਦਸ਼ਗਨੀ ਮੰਨਿਆ ਜਾਂਦਾ ਸੀ। ਇਹ ਮਰੇ ਹੋਏ ਪਸ਼ੂਆਂ ਦਾ ਗਲਿਆ ਸੜਿਆ ਮਾਸ ਖਾਂਦੀਆਂ ਹਨ। ਇਸ ਲਈ ਆਮ ਲੋਕਾਂ ਵੱਲੋਂ ਇਨ੍ਹਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਪਰ ਪਿਛਲੇ ਸਾਲਾਂ ਵਿੱਚ ਹੋਈਆਂ ਵਿਗਿਆਨਕ ਖੋਜਾਂ ਨੇ ਮਨੁੱਖ ਨੂੰ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਕੀਤਾ ਹੈ। ਵਾਤਾਵਰਨ ਮਾਹਿਰਾਂ ਦੀਆਂ ਇਨ੍ਹਾਂ ਖੋਜਾਂ ਨੇ ਆਮ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਮਾਸਖੋਰ ਪੰਛੀ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ਖ਼ਾਸਕਰ ਹੱਡਾ-ਰੋੜੀ ਉੱਤੇ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਸਾਡੇ ਵਾਤਾਵਰਨ ਨੂੰ ਸਾਫ਼ ਹੀ ਨਹੀਂ ਕਰਦੇ ਸਗੋਂ ਕੁਦਰਤੀ ਵਿਭਿੰਨਤਾ ਦੇ ਸੰਤੁਲਨ ਨੂੰ ਵੀ ਬਣਾਈ ਰੱਖਦੇ ਹਨ। ਦੱਸਣਯੋਗ ਹੈ ਕਿ ਸੰਨ 1980 ਤੱਕ ਇਕੱਲੇ ਭਾਰਤ ਵਿੱਚ ਹੀ ਇੱਲਾਂ ਦੀ ਅੰਦਾਜ਼ਨ ਗਿਣਤੀ 4 ਕਰੋੜ ਦੇ ਕਰੀਬ ਸੀ ਜੋ ਕਿ 2007 ਵਿੱਚ ਘਟ ਕੇ ਇੱਕ ਲੱਖ ਦੇ ਕਰੀਬ ਰਹਿ ਗਈ ਸੀ।
ਇੱਕ ਦਿਲਚਸਪ ਘਟਨਾ ਨੇ ਵਾਤਾਵਰਨ ਵਿਗਿਆਨੀਆਂ ਨੂੰ ਸੁਚੇਤ ਕੀਤਾ ਹੈ ਜੋ ਰਾਜਸਥਾਨ ਦੇ ਇਲਾਕੇ ਭਰਤਪੁਰ ਦੀ ਹੈ। ਇੱਥੋਂ ਦੇ ਮਸ਼ਹੂਰ ਕੀਓਲਾਡੋ ਕੌਮੀ ਪਾਰਕ ਦੇ ਇੱਕ ਪ੍ਰਮੁੱਖ ਵਿਗਿਆਨੀ ਨੇ ਨੋਟ ਕੀਤਾ ਕਿ ਪਾਰਕ ਵਿਚਲੇ ਸਾਢੇ ਤਿੰਨ ਸੌ ਦੇ ਕਰੀਬ ਪੰਛੀ ਥੋੜ੍ਹੇ ਹੀ ਸਮੇਂ ਵਿੱਚ ਸਾਰੇ ਦੇ ਸਾਰੇ ਬਿਨਾਂ ਕਿਸੇ ਕਾਰਨ ਮਰ ਗਏ। ਕੰਨ ਖੜ੍ਹੇ ਕਰ ਦੇਣ ਵਾਲੀ ਇਸ ਘਟਨਾ ਨੇ ਦੇਸ਼ ਭਰ ਦੇ ਵਿਗਿਆਨੀਆਂ ਦਾ ਧਿਆਨ ਇੱਲਾਂ ਦੀ ਲਗਾਤਾਰ ਘਟ ਰਹੀ ਆਬਾਦੀ ਵੱਲ ਖਿੱਚਿਆ। ਇਨ੍ਹਾਂ ਮਾਸਖੋਰ ਪੰਛੀਆਂ ਦੀ ਤੇਜ਼ੀ ਨਾਲ ਘਟ ਰਹੀ ਆਬਾਦੀ ਦਾ ਕਾਰਨ ਮਾਹਿਰਾਂ ਦੀ ਸਮਝ ਤੋਂ ਪਰ੍ਹੇ ਸੀ। ਲੰਮੇ ਸਮੇਂ ਤੱਕ ਕੀਤੀਆਂ ਖੋਜਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਪਸ਼ੁੂਆਂ ਨੂੰ ਮਰਨ ਤੋਂ ਪਹਿਲਾਂ ਇਲਾਜ ਦੌਰਾਨ ਡਾਈਕਲੋਫਿਨੇਕ (Diclofenac) ਨਾਂ ਦੀ ਦਵਾਈ ਦਿੱਤੀ ਗਈ ਸੀ ਉਨ੍ਹਾਂ ਦਾ ਮਾਸ ਖਾਣ ਕਰਕੇ ਇੱਲਾਂ ਮਰ ਜਾਂਦੀਆਂ ਸਨ। ਇਹੋ ਹੀ ਇਨ੍ਹਾਂ ਦੀ ਆਬਾਦੀ ਦੇ ਘਟਣ ਦਾ ਵੱਡਾ ਕਾਰਨ ਸੀ।
ਸਾਲ 1992 ਤੋਂ 2007 ਤੱਕ ਪੰਦਰਾਂ ਸਾਲ੍ਹਾਂ ਦੇ ਸਮੇਂ ਦੌਰਾਨ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਇੱਲਾਂ ਦੀ ਕੁੱਲ ਆਬਾਦੀ ਦਾ 97 ਫ਼ੀਸਦੀ ਹਿੱਸਾ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ। ਭਾਰਤ ਵਿੱਚ ਮਿਲਦੀਆਂ ਨੌ ਪ੍ਰਜਾਤੀਆਂ ਵਿੱਚੋਂ ਲੰਮੀ ਚੁੰਝ ਵਾਲੀ, ਪਤਲੀ ਚੁੰਝ ਵਾਲੀ ਅਤੇ ਚਿੱਟੀ ਗਰਦਨ ਵਾਲੀਆਂ ਤਿੰਨ ਪ੍ਰਜਾਤੀਆਂ ਦੀ ਗਿਣਤੀ ਤਾਂ ਖ਼ਤਰਨਾਕ ਪੱਧਰ ਤੱਕ ਡਿੱਗ ਚੁਕੀ ਸੀ। ਵਾਤਰਵਰਨ ਨੂੰ ਸਵੱਛ ਰੱਖਣ ਵਿੱਚ ਇਨ੍ਹਾਂ ਇੱਲਾਂ ਦੇ ਯੋਗਦਾਨ ਨੂੰ ਕੁਝ ਸਾਲ ਪਹਿਲਾਂ ਤੱਕ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਰਹੀ ਸੀ ਪਰ ਹੁਣ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸਮਝ ਆਉਣ ਲੱਗੀ ਹੈ। ਇੱਥੇ ਇਹ ਵੀ ਜਾਣਨਯੋਗ ਹੈ ਕਿ ਪਾਰਸੀ ਸਮਾਜ ਦੇ ਲੋਕ ਮਰਨ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਇੱਲਾਂ ਦੇ ਖਾਣ ਲਈ ਛੱਡ ਦਿੰਦੇ ਹਨ। ਇਨ੍ਹਾਂ ਪੰਛੀਆਂ ਦੀ ਗਿਣਤੀ ਘਟਣ ਨਾਲ ਉਨ੍ਹਾਂ ਲਈ ਵੀ ਮਨੁੱਖ ਦੇ ਮਰਨ ਤੋਂ ਬਾਅਦ ਦੀਆਂ ਰਸਮਾਂ ਨਿਭਾਉਣਾ ਮੁਸ਼ਕਲ ਹੋ ਚੁੱਕਾ ਹੈ। ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਹੱਡਾਰੋੜੀ ਉੱਤੇ ਖਿਲਰਿਆ ਹੋਇਆ ਪਸ਼ੂਆਂ ਦਾ ਗਲਿਆ-ਸੜਿਆ ਮਾਸ ਅੰਥਰੈਕਸ, ਹੈਜ਼ਾ, ਟੀ.ਬੀ., ਹਲਕਾਅ ਅਤੇ ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ ਕੀਟਾਣੂਆਂ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਖ਼ਤਮ ਕਰਨ ਲਈ ਲੋੜੀਂਦੇ ਤੇਜ਼ਾਬ ਇੱਲਾਂ ਦੇ ਢਿੱਡ ਵਿੱਚ ਕੁਦਰਤੀ ਤੌਰ ’ਤੇ ਮੌਜੂਦ ਹੁੰਦੇ ਹਨ। ਇਸ ਤਰ੍ਹਾਂ ਇਹ ਮਾਸ ਖਾ ਕੇ ਆਪਣੀ ਭੁੱਖ ਵੀ ਮਿਟਾਉਂਦੀਆਂ ਹਨ ਅਤੇ ਵਾਤਾਵਰਨ ਨੂੰ ਉਕਤ ਭਿਆਨਕ ਬਿਮਾਰੀਆਂ ਤੋਂ ਮੁਕਤ ਵੀ ਕਰਦੀਆਂ ਹਨ। ਇਨ੍ਹਾਂ ਦੀ ਆਬਾਦੀ ਘਟਣ ਨਾਲ ਹਿੰਸਕ ਕੁੱਤਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਕੁੱਤਿਆਂ ਵੱਲੋਂ ਮਨੁੱਖਾਂ ਉੱਤੇ ਹਮਲਾ ਕਰਨ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰ ਤਾਂ ਇਨ੍ਹਾਂ ਵੱਲੋਂ ਬੱਚਿਆਂ ਨੂੰ ਨੋਚ ਖਾਣ ਦੀਆਂ ਦਿਲ ਕੰਬਾਉਣ ਵਾਲੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ। ਇੱਥੇ ਇਹ ਵੀ ਜਾਣਨਯੋਗ ਹੈ ਕਿ ਹਲਕੇ ਕੁੱਤਿਆਂ ਦੁਆਰਾ ਕੱਟੇ ਜਾਣ ਨਾਲ ਹਲਕਾਅ ਦੀਆਂ ਘਟਨਾਵਾਂ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈਆਂ ਹਨ। ਇੱਕ ਸਰਵੇਖਣ ਅਨੁਸਾਰ ਸਾਲ 1992 ਅਤੇ ਸਾਲ 2006 ਦੇ ਸਮੇਂ ਦੌਰਾਨ ਤਕਰੀਬਨ 48,000 ਲੋਕਾਂ ਦੀਆਂ ਹਲਕਾਅ ਕਾਰਨ ਹੀ ਮੌਤਾਂ ਹੋਈਆਂ ਹਨ ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।
ਵਿਸ਼ਵ ਭਰ ਦੇ ਵਿਗਿਆਨੀ ਇਸ ਗੱਲ ਨੂੰ ਲੈ ਕੇ ਫ਼ਿਕਰਮੰਦ ਹਨ ਕਿ ਹੱਡਾਰੋੜੀ ਨੂੰ ਖ਼ਤਮ ਕਰਨ ਵਾਲੀਆਂ ਇੱਲਾਂ ਦੀ ਆਬਾਦੀ ਘਟਣ ਕਰਕੇ ਮਨੁੱਖ ਵੱਸੋਂ ਵਿੱਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਜੋ ਕਿ ਕਿਸੇ ਵੇਲੇ ਵੀ ਮਹਾਮਾਰੀ ਦਾ ਰੂਪ ਧਾਰਨ ਕਰ ਸਕਦੀਆਂ ਹਨ। ਜਾਨਵਰਾਂ ਤੋਂ ਮਨੁੱਖ ਤੱਕ ਫੈਲਣ ਵਾਲੀਆਂ ਬਿਮਾਰੀਆਂ ਦੀ ਗੱਲ ਕਰਦਿਆਂ ਕਰੋਨਾ ਮਹਾਮਾਰੀ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਯਾਦ ਰੱਖਣ ਯੋਗ ਹੈ ਕਿ ਕਰੋਨਾ ਬਿਮਾਰੀ ਵੀ ਜਾਨਵਰਾਂ ਤੋਂ ਮਨੁੱਖ ਤੱਕ ਫੈਲੀ ਹੈ। ਸੰਸਾਰ ਭਰ ਦੇ ਵਿਗਿਆਨੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਨ ਕਿ ਜੇਕਰ ਇੱਲਾਂ ਦੀ ਆਬਾਦੀ ਇਸੇ ਤਰੀਕੇ ਨਾਲ ਘਟਦੀ ਰਹੀ ਤਾਂ ਪਸ਼ੂਆਂ ਦੇ ਗਲੇ-ਸੜੇ ਮਾਸ ਤੋਂ ਅੰਥਰੈਕਸ, ਟੀ.ਬੀ. ਅਤੇ ਬਰੂਸੈਲੋਸਿਸ ਵਰਗੀਆਂ ਬਿਮਾਰੀਆਂ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ। ਇਸ ਤੋਂ ਸਾਡੇ ਪਸ਼ੂਧਨ ਨੂੰ ਵੀ ਖ਼ਤਰਾ ਬਣਿਆ ਰਹੇਗਾ ਅਤੇ ਮਨੁੱਖੀ ਆਬਾਦੀ ਵੀ ਇਨ੍ਹਾਂ ਬਿਮਾਰੀਆਂ ਦੇ ਕੁਚੱਕਰ ਵਿੱਚ ਫਸ ਸਕਦੀ ਹੈ।
ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਇਸ ਗੰਭੀਰ ਸਮੱਸਿਆ ਪ੍ਰਤੀ ਫ਼ਿਕਰਮੰਦ ਹਨ। ਭਾਰਤ ਸਰਕਾਰ ਨੇ ਵੀ ਸਥਿਤੀ ਦੀ ਸੰਜੀਦਗੀ ਨੂੰ ਵੇਖਦਿਆਂ ਦੇਸ਼ ਵਿੱਚ ਸੰਨ 2006 ਤੋਂ ਹੀ ਪਸ਼ੂਆਂ ਦੇ ਇਲਾਜ ਲਈ ਵਰਤੀ ਜਾਂਦੀ ਡਾਈਕਲੋਫਿਨੇਕ ਦਵਾਈ ਦੇ ਉਤਪਾਦਨ ਅਤੇ ਵਰਤੋਂ ਉੱਤੇ ਰੋਕ ਲਗਾ ਦਿੱਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸੇਵ (Save) ਪ੍ਰੋਗਰਾਮ ਤਹਿਤ ਇੱਲਾਂ ਦੇ ਬਚਾਅ ਲਈ ਇੱਕ ਯੋਜਨਾ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਦੇ ਤਹਿਤ ਇਨ੍ਹਾਂ ਕੁਦਰਤੀ ਸਫ਼ਾਈ ਸੇਵਕਾਂ ਭਾਵ ਇੱਲਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਦਵਾਈਆਂ ’ਤੇ ਰੋਕ ਲਾਉਣਾ ਅਤੇ ਇਨ੍ਹਾਂ ਲਈ ਬਚਾਅ ਕੇਂਦਰ ਖੋਲ੍ਹ ਕੇ ਸੁਰੱਖਿਅਤ ਕਰਨ ਦੀ ਯੋਜਨਾ ਹੈ। ਇਹ ਦੇਰ ਨਾਲ ਚੁੱਕਿਆ ਗਿਆ ਕਦਮ ਹੈ, ਪਰ ਇਹ ਸਹੀ ਦਿਸ਼ਾ ਵੱਲ ਇੱਕ ਵਧੀਆ ਕਦਮ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਕੁਦਰਤੀ ਸਫ਼ਾਈ ਸੇਵਕ ਇੱਕ ਵਾਰ ਫਿਰ ਖੁੱਲ੍ਹੀ ਹਵਾ ਵਿੱਚ ਉਡਾਰੀਆਂ ਮਾਰਨਗੇ ਅਤੇ ਮਨੁੱਖਤਾ ਨੂੰ ਬਚਾਈ ਰੱਖਣ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।
ਸੰਪਰਕ: 62842-20595

Advertisement
Advertisement
Advertisement